ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਤੀਸਰੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਸੰਪੂਰਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਤੀਸਰੇ ਪੜਾਅ ਦੀ ਅਰਦਾਸ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੂਰਨ ਹੋਈ।
ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ 1984 ਵਿੱਚ ਭਾਰਤੀ ਸਰਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਘੜੀ ਗਈ ਸਾਜ਼ਿਸ਼ ਦਾ ਹੀ ਇਕ ਹਿੱਸਾ ਸੀ ਕਿ 1990 -93 ਵਿੱਚ ਹਜਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਉਪਰੰਤ ਵਿੱਦਿਅਕ ਅਦਾਰਿਆਂ ਵਿੱਚ ਮਹੌਲ ਐਸਾ ਸਿਰਜਿਆ ਕਿ ਨੌਜਵਾਨੀ ਵਿੱਚ ਇਹ ਸੋਚ ਪਾਈ ਕਿ ਤੁਸੀਂ ਸਿੱਖੀ ਸਰੂਪ ਵਿੱਚ ਸੋਹਣੇ ਨਹੀਂ ਲੱਗਦੇ । ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦੀ ਸਾਜ਼ਿਸ਼ ਤਹਿਤ ਹੀ ਨੌਜਵਾਨੀ ਨੂੰ ਕਲੀਨ ਸੇਵ ਕਲਚਰ, ਨਸ਼ਾ ਕਲਚਰ ਅਤੇ ਗੈਂਗਸਟਰ ਕਲਚਰ ਵਿੱਚ ਗ੍ਰਸਤ ਕਰ ਦਿੱਤਾ ਗਿਆ । ਸਰਕਾਰ ਦਾ ਇਕੋ ਮਕਸਦ ਸੀ ਕਿ ਸਿੱਖ ਨੌਜਵਾਨੀ ਧਰਮ ਨਾਲੋਂ ਟੁਟੇ ਤਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਅਰੰਭੇ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਸਿੱਖ ਨੌਜਵਾਨੀ ਨੂੰ ਰੋਕਿਆ ਜਾ ਸਕਦਾ ਹੈ ।
ਉਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਨੇ ਨੌਜਵਾਨੀ ਨੂੰ ਧਰਮ ਨਾਲ ਜੋੜ ਕੇ ਨਸ਼ਿਆਂ ਦੇ ਕਲਚਰ ਵਿੱਚੋਂ ਕੱਢਿਆ ਅਤੇ ਉਹਨਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਵਿੱਚ ਕੀਮਤੀ ਜਾਨਾਂ ਗਵਾਉਣ ਨਾਲੋਂ ਚੰਗਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਸ਼ਾਮਿਲ ਹੋਵੋ, ਕੌਮੀ ਸੰਘਰਸ਼ ਵਿੱਚ ਜੇ ਤੁਹਾਡੀ ਜਾਨ ਚੱਲੀ ਵੀ ਗਈ ਤਾਂ ਤੁਹਾਡੇ ਮਾਪਿਆ ਨੂੰ ਘੱਟੋ ਘੱਟ ਤੁਹਾਡੇ ਤੇ ਮਾਣ ਤਾਂ ਹੋਵੇ ਕਿ ਸਾਡਾ ਪੁਤ ਕੌਮ ਲਈ ਸ਼ਹੀਦ ਹੋਇਆ ਹੈ ।
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨੀ ਨੂੰ ਦਿੱਤੀ ਪ੍ਰੇਰਨਾ ਸਦਕਾ ਨੌਜਵਾਨ ਨਸ਼ੇ ਛੱਡ ਕੇ ਖ਼ਾਲਸਾ ਵਹੀਰ ਦਾ ਹਿੱਸਾ ਬਣ ਗਏ ਅਤੇ ਨੌਜਵਾਨੀ 1990 ਤੋਂ ਪਹਿਲਾਂ ਜਿਸ ਤਰਾਂ ਸਿੱਖੀ ਸਰੂਪ ਵਿੱਚ ਆਪਣੀ ਸ਼ਾਨ ਸਮਝਦੀ ਸੀ ਹੁਣ ਖਾਲਸਾ ਵਹੀਰ ਸ਼ੁਰੂ ਹੋਣ ਨਾਲ ਫਿਰ ਕਈ ਦਹਾਕਿਆਂ ਬਾਅਦ ਨੌਜਵਾਨੀ ਸਿੱਖੀ ਸਰੂਪ ਵਿੱਚ ਆਪਣੀ ਸ਼ਾਨ ਸਮਝਣ ਲੱਗੀ ਅਤੇ ਨੌਜਵਾਨੀ ਬਾਣੀ ਬਾਣੇ ਦੀ ਧਾਰਨੀ ਹੋਣ ਲਗੀ ।
ਉਹਨਾਂ ਕਿਹਾ ਕਿ ਇਸ ਤਰਾਂ ਨਾਲ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਬੁਣੇ ਜਾਲ ਨੂੰ ਖ਼ਾਲਸਾ ਵਹੀਰ ਨੇ ਐਸਾ ਕੱਟਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਆਈ ਖੜੋਤ ਨੂੰ ਕਲਗੀਧਰ ਪਾਤਸ਼ਾਹ ਦੀ ਕ੍ਰਿਪਾ ਨਾਲ ਖਤਮ ਕਰ ਦਿੱਤਾ । ਇਸ ਤੋਂ ਘਬਰਾ ਕੇ ਸਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਰੰਭੀ ਖ਼ਾਲਸਾ ਵਹੀਰ ਨੂੰ ਰੋਕਣ ਲਈ ਅਜਨਾਲੇ ਵਾਲੇ ਕੇਸ ਦਾ ਬਹਾਨਾ ਬਣਾ ਕੇ ਉਸ ’ਤੇ ਐਨਐਸਏ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ ਦੀ ਜੇਲ੍ਹ ਵਿੱਚ ਸਾਥੀਆਂ ਸਮੇਤ ਕੈਦ ਕਰ ਦਿੱਤਾ ਅਤੇ ਕਈ ਸਿੰਘ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ । ਇਹੀ ਨਹੀਂ ਸੈਂਕੜੇ ਸਿੰਘਾਂ ਨੂੰ ਪੁਲਿਸ ਨੇ ਭਾਰੀ ਤਸ਼ੱਦਦ ਕਰਕੇ ਇਹ ਸੁਨੇਹਾ ਦਿਤਾ ਗਿਆ ਕਿ ਖ਼ਾਲਸਾ ਵਹੀਰ ਤਾਂ ਦੂਰ ਦੀ ਗੱਲ ਹੈ, ਜੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਵੀ ਗਏ ਤਾਂ ਦੁਬਾਰਾ ਪੁਲਿਸ ਤਸ਼ੱਦਦ ਲਈ ਤਿਆਰ ਰਹੋ । ਉਨਾਂ ਕਿਹਾ ਕਿ ਹਰਿਆਣਾ ਦੇ ਨੂਹ ਵਿੱਚ ਥਾਣੇ ਤੇ ਹਮਲੇ ਦੌਰਾਨ ਪੁਲਿਸ ਮੁਲਾਜਮਾਂ ਤਹਿਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਪਰ ਕਿਸੇ ਤੇ ਐਨਐਸਏ ਨਹੀ ਲਗੀ ਦੋ ਹਫਤਿਆਂ ਬਾਦ ਜਮਾਨਤਾਂ ਹੋ ਗਈਆਂ ਪਰ ਸਿੱਖਾਂ ਨਾਲ ਉਹੀ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਨਿਰੰਤਰ ਜਾਰੀ ਹੈ, ਕੋਈ ਅਦਾਲਤ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੇ ਕੇਸਾਂ ਵਿੱਚ ਇਕ ਅੱਖਰ ਸਾਡੇ ਵਕੀਲਾਂ ਦਾ ਸੁਣਨ ਨੂੰ ਤਿਆਰ ਨਹੀਂ । ਸਿੱਖਾਂ ਦੇ ਕੇਸਾਂ ਵਿੱਚ ਅਦਾਲਤਾਂ ਨੂੰ ਅਜਨਾਲਾ ਥਾਣੇ ਦਾ ਕੇਸ ਨੂਹ ਥਾਣੇ ਦੇ ਕਿਸੇ ਜਿਥੇ ਚਾਰ ਮੌਤਾਂ ਹੋਈਆਂ ਉਸ ਤੋ ਕਿਤੇ ਵੱਡਾ ਦਿਸਦਾ ਹੈ । ਕਈ ਜੱਜਾਂ ਵਲੋਂ ਅਜਨਾਲੇ ਕੇਸ ਵਿੱਚ ਦਿਤੀਆਂ ਪਰੋਸੀਡਿੰਗਜ ਤੋਂ ਇਸ ਤਰਾਂ ਲਗਦਾ ਉਹ ਜੱਜ ਨਹੀ ਜਾਲਮ ਸਰਕਾਰਾਂ ਦਾ ਵਕੀਲ ਹੋਵੇ।
ਉਹਨਾਂ ਕਿਹਾ ਕਿ ਇਹੀ ਨਹੀਂ ਦੇਖੋ! ਭਾਈ ਅੰਮ੍ਰਿਤਪਾਲ ਸਿੰਘ ਉੱਪਰ 18 ਮਾਰਚ ਨੂੰ ਕੀਤੇ ਜ਼ਾਲਮ ਹਕੂਮਤ ਦੇ ਹਮਲੇ ਬਾਅਦ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਫਿਰਦੀਆਂ ਫੋਰਸਾਂ ਨੇ ਪੰਜਾਬ ਦੀ ਜਨਤਾ ਵਿੱਚ ਐਸੀ ਦਹਿਸ਼ਤ ਪਾਈ ਕਿ ਜੇਕਰ ਕੋਈ ਸੋਸ਼ਲ ਮੀਡੀਆ ’ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੋਸਟ ਸ਼ੇਅਰ ਕਰਦਾ ਤਾਂ ਉਸ ਨੂੰ ਤੁਰੰਤ ਚੁੱਕ ਲਿਆ ਜਾਂਦਾ ਰਿਹਾ ਅੱਜ ਤੱਕ ਸੋਸ਼ਲ ਮੀਡੀਆ ਅਕਾਉਂਟ ਬੈਨ ਹਨ । ਪਰ ਕਲਗ਼ੀਧਰ ਪਾਤਸ਼ਾਹ ਦੀ ਮਿਹਰ ਨਾਲ ਸੰਗਤ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਮਨੁੱਖੀ ਜੰਗਲ ਬਣਾ ਕੇ ਰੱਖ ਦਿੱਤਾ । ਸੰਗਤ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਰੱਖਿਆ ਲਈ ਅਨੇਕਾਂ ਸਹਿਜ ਪਾਠ, ਚੌਪਈ ਸਾਹਿਬ ਦੇ ਪਾਠ, ਅਖੰਡ ਪਾਠ ਸਾਹਿਬ ਅਤੇ ਵੱਡੀ ਗਿਣਤੀ ਵਿੱਚ ਸੰਪਟ ਪਾਠ ਸਾਹਿਬ ਕੀਤੇ ਤੇ ਅੱਜ ਵੀ ਜਾਰੀ ਹਨ । ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਸਰਕਾਰਾਂ ਦੀਆਂ ਫੋਰਸਾਂ ਅਤੇ ਏਜੰਸੀਆਂ ਦੀ ਵੱਡੀ ਹਾਰ ਹੋਈ । ਭਾਰਤੀ ਸਰਕਾਰ ਦੀਆਂ ਸੱਭ ਫੋਰਸਾਂ ਤੇ ਏਜੰਸੀਆਂ ਸੰਗਤਾਂ ਦੀਆਂ ਅਰਦਾਸਾਂ ਨੇ ਫੇਲ ਕਰ ਕੇ ਰੱਖ ਦਿੱਤੀਆਂ ।
ਭਾਈ ਅੰਮ੍ਰਿਤਪਾਲ ਸਿੰਘ ਨੇ ਸੰਤਾਂ ਦੇ ਜਨਮ ਅਸਥਾਨ ਜਿੱਥੇ ਉਨਾਂ ਦੀ ਸਿੱਖ ਸੰਗਤ ਨੇ ਦਸਤਾਰਬੰਦੀ ਕੀਤੀ ਸੀ ਉਥੇ ਹੀ ਰੋਡੇ ਪਿੰਡ ਵਿਖੇ ਆਪ ਗ੍ਰਿਫਤਾਰੀ ਦਿੱਤੀ ਅਤੇ ਗ੍ਰਿਫਤਾਰੀ ਸਮੇਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਸਿੱਖ ਦੁਸ਼ਮਣ ਸਰਕਾਰਾਂ ਦੀ ਹਾਰ ਇਸੇ ਵਿੱਚ ਹੈ ਕਿ ਕਲਗ਼ੀਧਰ ਪਾਤਸ਼ਾਹ ਦੀ ਖੰਡੇ ਬਾਟੇ ਦੀ ਪਾਹੁਲ ਛਕੀਏ । ਸੋ ਪੰਜ ਤਖ਼ਤਾਂ ’ਤੇ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਇਸ ਕਰਕੇ ਹੀ ਅੰਮ੍ਰਿਤ ਸੰਚਾਰ ਲਈ ਨੌਜਵਾਨੀ ਨੂੰ ਸਦਾ ਦਿੱਤਾ ਜਾਂਦਾ ਹੈ ਅਤੇ ਕਕਾਰਾਂ ਦੀ ਸੇਵਾ ਕੀਤੀ ਜਾਂਦੀ ਹੈ ।
ਉਹਨਾਂ ਕਿਹਾ ਕਿ ਅਗੇ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਸੰਗਤਾਂ ਅੱਜ ਦੀ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ ਸੰਗਤ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਸਦਕਾ ਹੀ ਸਰਕਾਰਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਵਿਰੁੱਧ ਬੁਣੇ ਜਾਲ ਨੂੰ ਕੱਟਿਆ ਜਾ ਸਕਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਨੇ ਹਾਜਰੀ ਲਵਾਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਮੈਨੇਜਰ ਸ ਰਣਜੀਤ ਸਿੰਘ, ਐਸਜੀਪੀਸੀ ਮੈਬਰ ਅਵਤਾਰ ਸਿੰਘ ਵਣਵਾਲਾ, ਸੁਖਵਿੰਦਰ ਸਿੰਘ ਅਗਵਾਨ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਅਨੇਕਾਂ ਸ਼ਖਸ਼ੀਅਤਾਂ ਨੇ ਹਾਜਰੀ ਭਰੀ ।
Comments (0)