ਅਮਰੀਕਾ ਵਿਚ ਬਰਫ਼ੀਲੇ ਤੂਫਾਨ ਦਾ ਕਹਿਰ ਜਾਰੀ, ਘਰਾਂ ਤੇ ਸੜਕਾਂ ਉਪਰ ਫੱਸੀਆਂ ਗੱਡੀਆਂ ਵਿਚ ਮਰ ਰਹੇ ਹਨ ਲੋਕ

ਅਮਰੀਕਾ ਵਿਚ ਬਰਫ਼ੀਲੇ ਤੂਫਾਨ ਦਾ ਕਹਿਰ ਜਾਰੀ, ਘਰਾਂ ਤੇ ਸੜਕਾਂ ਉਪਰ ਫੱਸੀਆਂ ਗੱਡੀਆਂ ਵਿਚ ਮਰ ਰਹੇ ਹਨ ਲੋਕ
ਕੈਪਸ਼ਨ : ਪੱਛਮੀ ਨਿਊਯਾਰਕ ਵਿਚ ਇਕ ਵਿਅਕਤੀ ਆਪਣੇ ਘਰ ਅਗਿਉਂ ਬਰਫ਼ ਹਟਾਉਂਦਾ ਹੋਇਆ ਵਿਅਕਤੀ

ਮੌਤਾਂ ਦੀ ਗਿਣਤੀ 50 ਤੋਂ ਟੱਪੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਮੈਂਟੋ 27 ਦਸੰਬਰ (ਹੁਸਨ ਲੜੋਆ ਬੰਗਾ) - ਅਮਰੀਕਾ ਵਿਚ ਭਿਆਨਕ ਬਰਫ਼ੀਲੇ ਤੂਫਾਨ ਤੇ ਬਰਫ਼ਬਾਰੀ ਦਾ ਕਹਿਰ ਥਮਣ ਦਾ ਨਾਂ ਨਹੀਂ ਲੈ ਰਿਹਾ ਤੇ ਹਰ ਰੋਜ ਇਸ ਦੀ ਜ਼ਦ ਵਿਚ ਆ ਕੇ ਮਰਨ ਵਾਲੇ  ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਿਜਲੀ ਤੋਂ ਬਿਨਾਂ ਘਰਾਂ ਵਿਚ ਰਹਿ ਰਹੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਸੜਕਾਂ ਉਪਰ ਫੱਸੀਆਂ ਕਾਰਾਂ ਤੇ ਹੋਰ ਵਾਹਣਾਂ ਵਿਚ ਲੋਕ ਮਰ ਰਹੇ ਹਨ। ਹੁਣ ਤੱਕ 50 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਤੇ ਜਿਸ ਤਰਾਂ ਦੇ ਹਾਲਾਤ ਬਣੇ ਹੋਏ ਹਨ, ਉਸ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਮੌਤਾਂ ਦੀ ਗਿਣਤੀ ਕਿਤੇ ਜਿਆਦਾ ਹੋ ਸਕਦੀ ਹੈ। ਪੱਛਮੀ ਨਿਊਯਾਰਕ ਜਿਥੇ ਰਿਕਾਰਡ ਤੋੜ 40 ਇੰਚ ਤੋਂ ਵਧ ਬਰਫ਼ਬਾਰੀ ਹੋਈ ਹੈ, ਵਿਚ 27 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਬੁਫਾਲੋ (ਨਿਊਯਾਰਕ) ਖੇਤਰ ਵਿਚ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ ਜਿਥੇ ਸੜਕਾਂ ਉਪਰ ਖੜੇ ਵਾਹਣਾਂ ਵਿਚ ਫੱਸੇ ਲੋਕਾਂ ਨੂੰ ਬਚਾਉਣ ਲਈ ਹੰਗਾਮੀ ਹਾਲਾਤ ਐਲਾਨਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ। ਈਰੀ ਕਾਊਂਟੀ ਦੇ ਅਧਿਕਾਰੀ ਮਾਰਕ ਪੋਲੋਨਕਾਰਜ਼ ਨੇ ਕਿਹਾ ਹੈ ਕਿ ਮੈ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਅਜਿਹਾ ਭਿਆਨਕ ਬਰਫ਼ੀਲਾ ਤੂਫਾਨ ਵੇਖਿਆ ਹੈ। ਉਨਾਂ ਚਿਤਾਵਨੀ ਦਿੱਤੀ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਪਿਛਲੇ ਦੋ ਦਿਨਾਂ ਦੇ ਵੀ ਵਧ ਸਮੇ ਤੋਂ ਲੋਕ ਸੜਕਾਂ ਉਪਰ ਆਪਣੇ ਵਾਹਣਾਂ ਵਿਚ ਰਹਿਣ ਲਈ ਮਜ਼ਬੂਰ ਹਨ। ਰਾਸ਼ਟਰਪਤੀ ਜੋ ਬਾਈਡਨ ਨੇ ਨਿਊਯਾਰਕ ਦੇ ਗਵਰਨਰ ਕੈਥੀ ਹੋਛਲ ਨਾਲ ਫੋਨ ਉਪਰ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਤੇ ਮੱਦਦ ਦੀ ਪੇਸ਼ਕਸ਼ ਕੀਤੀ ਹੈ। ਬੁਫਾਲੋ ਵਿਚਲੇ ਕੌਮੀ ਮੌਸਮ ਸੇਵਾ ਕੇਂਦਰ ਨੇ ਕਿਹਾ ਹੈ ਕਿ ਇਸ ਹਫਤੇ ਦੇ ਅੰਤ ਵਿਚ ਤੂਫ਼ਾਨ ਦੀ ਰਫਤਾਰ ਘਟ ਸਕਦੀ ਹੈ ਤੇ ਹਾਲਾਤ ਸੁਖਾਵੇਂ ਬਣ ਸਕਦੇ ਹਨ ਪਰੰਤੂ ਹਾਲੇ ਵੀ 6 ਤੋਂ 12 ਇੰਚ ਤੱਕ ਹੋਰ ਬਰਫ਼ਬਾਰੀ ਹੋ ਸਕਦੀ ਹੈ।]