ਬਿਹਾਰ ਵਿਚ ਪਛੜੇ ਤੇ ਦਲਿਤ ਸਾਂਝ ਦੀ ਰਾਜਨੀਤੀ ਭਗਵੀਂ ਰਾਜਨੀਤੀ ਲਈ ਖਤਰਾ

ਬਿਹਾਰ ਵਿਚ ਪਛੜੇ ਤੇ ਦਲਿਤ ਸਾਂਝ ਦੀ ਰਾਜਨੀਤੀ ਭਗਵੀਂ ਰਾਜਨੀਤੀ ਲਈ ਖਤਰਾ

ਮੁੱਖ ਮੰਤਰੀ ਨਿਤੀਸ਼ ਤੇ ਆਰ.ਜੇ.ਡੀ. ਮੁਖੀ ਲਾਲੂ ਯਾਦਵ ਮੋਦੀ ਖਿਲਾਫ ਇਕਮੁੱਠ

ਬਿਹਾਰ ਵਿਚ ਬੇਸਬਰੀ ਨਾਲ ਉਡੀਕੇ ਜਾ ਰਹੇ ਜਾਤੀ ਸਰਵੇਖਣ ਦੇ ਨਤੀਜਿਆਂ ਨੂੰ ਜਨਤਕ ਕਰ ਦਿੱਤਾ ਗਿਆ ਹੈ, ਜਿਸ ਨਾਲ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮਜ਼ਬੂਤੀ ਮਿਲੀ ਹੈ, ਜੋ ਇਸ ਕਦਮ ਦੇ ਪ੍ਰਮੁੱਖ ਸਮਰਥਕਾਂ 'ਚੋਂ ਇਕ ਸਨ। ਇਸ ਨੂੰ ਵਿਆਪਕ ਤੌਰ 'ਤੇ ਹੋਰ ਪਛੜੇ ਵਰਗ (ਓ.ਬੀ.ਸੀ.), ਆਰਥਿਕ ਰੂਪ ਨਾਲ ਪਛੜੇ ਵਰਗ (ਈ.ਬੀ.ਸੀ.) ਅਤੇ ਦਲਿਤਾਂ ਵਿਚ ਸੱਤਾਧਾਰੀ ਮਹਾਂਗੱਠਜੋੜ ਦੇ ਸਮਾਜਿਕ ਸਮਰਥਨ ਆਧਾਰ ਨੂੰ ਮਜ਼ਬੂਤ ਬਣਾਉਣ ਲਈ ਇਕ ਕਦਮ ਵਜੋਂ ਦੇਖਿਆ ਜਾਂਦਾ ਹੈ, ਜੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਭਾਈਚਾਰਿਆਂ ਨਾਲ ਮਹਾਂਗੱਠਜੋੜ ਦੇ ਇਕ ਮਹੱਤਵਪੂਰਨ ਵਾਅਦੇ ਨੂੰ ਪੂਰਾ ਕਰਦਾ ਹੈ। ਬਿਹਾਰ ਜਾਤੀ ਸਰਵੇਖਣ ਅਨੁਸਾਰ, ਬਿਹਾਰ 'ਚ 215 ਜਾਤਾਂ ਹਨ। ਬਿਹਾਰ ਦੀ ਕੁੱਲ ਜਨਸੰਖਿਆ 13.7 ਕਰੋੜ (137 ਮਿਲੀਅਨ) ਹੈ, ਜਿਸ 'ਚ 36 ਫ਼ੀਸਦੀ ਈ.ਬੀ.ਸੀ, 27 ਫ਼ੀਸਦੀ ਓ.ਬੀ.ਸੀ., 19 ਫ਼ੀਸਦੀ ਅਨੁਸੂਚਿਤ ਜਾਤੀ ਅਤੇ 1.68 ਫ਼ੀਸਦੀ ਅਨੁਸੂਚਿਤ ਜਨਜਾਤੀਆਂ ਸ਼ਾਮਿਲ ਹਨ।

ਜਾਤੀ ਸਰਵੇਖਣ ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਉੱਚੀਆਂ ਜਾਤੀਆਂ ਦੀ ਆਬਾਦੀ 15.52 ਫ਼ੀਸਦੀ ਹੈ, ਜਿਸ 'ਚ 2.86 ਫ਼ੀਸਦੀ ਭੂਮੀਹਾਰ, 3.66 ਫ਼ੀਸਦੀ ਬ੍ਰਾਹਮਣ, 3.45 ਫ਼ੀਸਦੀ ਰਾਜਪੂਤ ਅਤੇ 0.60 ਫ਼ੀਸਦੀ ਕਾਇਸਥ ਸ਼ਾਮਿਲ ਹਨ। ਰਿਪੋਰਟ ਮੁਤਾਬਿਕ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕੁਰਮੀ ਜਾਤੀ ਦੀ ਗਿਣਤੀ 2.87 ਫ਼ੀਸਦੀ ਹੈ। ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਦੀ ਯਾਦਵ ਜਾਤੀ ਦੀ ਗਿਣਤੀ 14.26 ਫ਼ੀਸਦੀ ਹੈ, ਜੋ ਸਾਰੀਆਂ ਜਾਤੀਆਂ 'ਚੋਂ ਸਭ ਤੋਂ ਵੱਧ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਮਰਾਟ ਕੁਸ਼ਵਾਹਾ ਦੀ ਕੋਇਰੀ ਜਾਂ ਕੁਸ਼ਵਾਹਾ (ਓ.ਬੀ.ਸੀ.) ਜਾਤੀ ਦੀ ਗਿਣਤੀ 4.21 ਫ਼ੀਸਦੀ ਹੈ। ਰਿਪੋਰਟ ਤੋਂ ਪਤਾ ਲਗਦਾ ਹੈ ਕਿ ਬਿਹਾਰ 'ਚ ਹਿੰਦੂ ਆਬਾਦੀ 81.9 ਫ਼ੀਸਦੀ ਹੈ, ਇਸ ਤੋਂ ਬਾਅਦ 17.7 ਫ਼ੀਸਦੀ ਮੁਸਲਮਾਨ, 0.05 ਫ਼ੀਸਦੀ ਇਸਾਈ, 0.01 ਫ਼ੀਸਦੀ ਸਿੱਖ, 0.08 ਫ਼ੀਸਦੀ ਬੁੱਧ, 0.0096 ਫ਼ੀਸਦੀ ਜੈਨ ਧਰਮ ਅਤੇ ਬਾਕੀ ਹੋਰ ਧਰਮਾਂ ਨਾਲ ਸੰਬੰਧਿਤ ਲੋਕ ਹਨ। ਨਿਤੀਸ਼ ਕੁਮਾਰ ਦੀ ਪਾਰਟੀ ਜੇ.ਡੀ. (ਯੂ.) ਨੇ ਸਰਵੇਖਣ ਨੂੰ ਸਮਾਜਿਕ ਨਿਆਂ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਇਸ ਨਾਲ ਅਤਿ ਪਛੜੇ ਵਰਗਾਂ ਲਈ ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਰਾਹ ਖੁੱਲ੍ਹਣਗੇ। ਦੂਜੇ ਪਾਸੇ, ਆਰ.ਜੇ.ਡੀ. ਨੂੰ ਲੀਡ ਹਾਸਿਲ ਹੈ ਅਤੇ ਤੇਜਸਵੀ ਯਾਦਵ ਲਈ ਸੱਤਾਧਾਰੀ ਗੱਠਜੋੜ ਦੀ ਅਗਵਾਈ ਕਰਨ ਦੀ ਮੰਗ ਉੱਠਣਾ ਤੈਅ ਹੈ, ਜੇਕਰ ਹਾਲੇ ਨਹੀਂ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ, ਬਸ਼ਰਤੇ ਨਿਤੀਸ਼ ਕੁਮਾਰ ਉਦੋਂ ਤੱਕ ਮਹਾਂਗੱਠਜੋੜ ਨਾਲ ਬਣੇ ਰਹਿਣ। ਆਉਣ ਵਾਲੇ ਦਿਨਾਂ ਵਿਚ, ਜਾਤੀ ਕਾਰਕ ਰਾਜਨੀਤਕ ਚਰਚਾ 'ਤੇ ਹਾਵੀ ਹੋਣ ਵਾਲਾ ਹੈ; ਕਿਉਂਕਿ ਪਾਰਟੀਆਂ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਈ ਰਣਨੀਤੀਆਂ ਅਪਣਾ ਰਹੀਆਂ ਹਨ। ਦਲਿਤ ਤੇ ਪਛੜਿਆਂ ਦੀ ਸਾਂਝ ਦੀ ਰਾਜਨੀਤੀ ਼ਭਾਜਪਾ ਦੀ ਭਗਵੀਂ ਰਾਜਨੀਤੀ ਲਈ ਚੈਲਿੰਜ ਹੈ।ਮੋਦੀ ਸ਼ਾਹ ਦੀ ਜੋੜੀ ਇਸ ਤੋਂ ਘਬਰਾਹਟ ਵਿਚ ਹੈ।