ਪ੍ਰਵਾਸ ,ਡੌਂਕੀ ਤੇ ਪੰਜਾਬੀ

ਪ੍ਰਵਾਸ ,ਡੌਂਕੀ ਤੇ ਪੰਜਾਬੀ

ਪੰਜਾਬ ਦੇ ਬਹੁਤੇ ਨੌਜਵਾਨ ਅੱਜਕੱਲ੍ਹ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਜ਼ਿਆਦਾ ਪੈਸਾ ਕਮਾਉਣ ਦੇ ਚੱਕਰਾਂ ਵਿੱਚ ਡੌਂਕੀ ਲਾ ਕੇ ਗੈਰ ਕਨੂੰਨੀ ਢੰਗ ਨਾਲ ਦੂਜੇ ਮੁਲਕਾਂ ਨੂੰ ਜਾਣ ਦਾ ਰਸਤਾ ਜ਼ਿਆਦਾ ਅਪਣਾ ਰਹੇ ਹਨ, ਪਰ ਬਹੁਤੇ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਵੀ ਪਿੰਡ ਨਹੀਂ ਪੁੱਜਦੀਆਂ। ਉਹ ਪਨਾਮਾ ਦੇ ਜੰਗਲਾਂ ਜਾਂ ਸਮੁੰਦਰਾਂ ਦੇ ਪਤਾਲ ਵਿੱਚ ਗਰਕ ਹੋ ਜਾਂਦੀਆਂ ਹਨ।

ਡੌਂਕੀ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਕੁਝ ਸਮੇਂ ਤੋਂ ਜ਼ਿਆਦਾ ਹੀ ਵਧ ਰਿਹਾ ਹੈ ਜਿਸ ਕਾਰਨ ਹਰ ਚੜ੍ਹੇ ਦਿਨ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛਿਆ ਹੀ ਰਹਿੰਦਾ ਹੈ। ਜੇਕਰ ਕਿਸੇ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਹੋਰ ਮੁਲਕ ਦੇ ਵੀਜ਼ੇ ਬਿਨਾ ਅਤੇ ਪੁਲੀਸ ਤੋਂ ਬਚ ਕੇ ਵਿਦੇਸ਼ ਪੁੱਜਣਾ ਹੈ ਤਾਂ ਇੱਕ ਡੌਂਕਰ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਮੋਟੀ ਰਕਮ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਰਸਤੇ, ਜੰਗਲ ਦੇ ਰਸਤੇ ਜਾਂ ਫਿਰ ਸੜਕੀ ਰਸਤੇ ਲੋਕਾਂ ਨੂੰ ਮੰਜ਼ਿਲ ’ਤੇ ਪਹੁੰਚਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਡੌਂਕਰ ਕਿਹਾ ਜਾਂਦਾ ਹੈ। ਪੰਜਾਬੀ ਤਾਂ ਡੌਂਕੀ ਸ਼ਬਦ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ। ਬਹੁਤੇ ਆਪਣੀ ਮੰਜ਼ਿਲ ’ਤੇ ਪੁੱਜਣ ਦੀ ਬਜਾਏ ਮੌਤ ਦੇ ਮੂੰਹ ਵਿੱਚ ਪੁੱਜ ਜਾਂਦੇ ਹਨ ਜਾਂ ਫਿਰ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਹਨ।ਗੈਰ ਕਾਨੂੰਨੀ ਢੰਗ ਨਾਲ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਲੁਕ ਛਿਪ ਕੇ ਰਾਤ ਬਰਾਤੇ ਪਾਰ ਕਰਨਾ ਪੈਂਦਾ ਹੈ। ਇਹ ਸਫ਼ਰ ਲੰਬਾ ਤੇ ਖਤਰਨਾਕ ਹੁੰਦਾ ਹੈ। ਇਸ ਦੀ ਸ਼ੁਰੂਆਤ ਵਿੱਚ ਪਹਿਲਾਂ ਐਕੁਆਡੋਰ, ਕੋਲੰਬੀਆ, ਪਨਾਮਾ, ਕੋਸਟਾ ਰੀਕਾ, ਨੀਕਰਾਗੁਆ, ਹੌਂਡੂਰਸ, ਗੋਆਟੇਮਾਲਾ ਅਤੇ ਫਿਰ ਮੈਕਸੀਕੋ ਸਰਹੱਦ। ਇਨ੍ਹਾਂ ਸਭ ਦੇਸ਼ਾਂ ਨੂੰ ਪਾਰ ਕਰਕੇ ਫਿਰ ਡੌਂਕੀ ਰਾਹੀਂ ਅਮਰੀਕਾ ਦਾਖਲ ਹੋਇਆ ਜਾਂਦਾ ਹੈ। 

ਕੋਲੰਬੀਆ ਤੇ ਪਨਾਮਾ ਦੀਆਂ ਸਰਹੱਦਾਂ ਇਨ੍ਹਾਂ ਜੰਗਲਾਂ ਵਿੱਚੋਂ ਦੀ ਹੋ ਕੇ ਗੁਜ਼ਰਦੀਆਂ ਹਨ। ਕੋਲੰਬੀਆ ਵੱਲੋਂ ਇਸ ਸਾਰੇ ਇਲਾਕੇ ਨੂੰ ਗੁਰੀਲਾ, ਅਰਧ ਸੈਨਿਕ ਬਲ ਤੇ ਹੋਰ ਕਈ ਖਤਰਨਾਕ ਗਰੁੱਪਾਂ ਨੇ ਆਪਣੇ ਅਧੀਨ ਰੱਖਿਆ ਹੋਇਆ ਹੈ। ਇਹ ਗਰੁੱਪ ਨਸ਼ਾ ਤਸਕਰੀ ਤੇ ਹੋਰ ਗੈਰ ਕਾਨੂੰਨੀ ਕੰਮਾਂ ਨਾਲ ਪੈਸਾ ਕਮਾਉਂਦੇ ਹਨ। ਪੰਜਾਬੀਆਂ ਦੇ ਨਾਲ ਹਜ਼ਾਰਾਂ ਹੀ ਹੋਰ ਦੁਨੀਆ ਭਰ ਦੇ ਪਰਵਾਸੀ ਜਿਵੇਂ ਪਾਕਿਸਤਾਨ, ਅਫ਼ਰੀਕਾ, ਬੰਗਲਾ ਦੇਸ਼, ਦੱਖਣੀ ਅਮਰੀਕਾ ਤੋਂ ਇਲਾਵਾ ਬਹੁਤ ਦੇਸ਼ਾਂ ਦੇ ਪਰਵਾਸੀ ਇੱਥੇ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਪੁੱਜਦੇ ਹਨ। ਪਨਾਮਾ ਤੇ ਕੰਲੋਬੀਆ ਦੇ ਨਿਵਾਸੀ ਅਫ਼ਰੀਕਾ, ਕਿਊਬਾ ਅਤੇ ਹੋਰ ਦੇਸ਼ਾਂ ਤੋਂ ਇੱਥੇ ਆ ਕੇ ਕਈ ਅਵੈਧ ਢੰਗ ਦੇ ਕਾਰੋਬਾਰ ਕਰ ਰਹੇ ਹਨ। ਹਰ ਚੜ੍ਹਦੇ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਸਰਹੱਦ ’ਤੇ ਪੁੱਜਦੇ ਹਨ ਅਤੇ ਅਮਰੀਕਾ ਦਾਖਲ ਹੁੰਦੇ ਹਨ, ਪਰ ਕਿੰਨੇ ਨੌਜਵਾਨ ਜਾਂ ਪਰਵਾਸੀ ਰਸਤਿਆਂ ਵਿੱਚ ਹੀ ਮਰ ਜਾਂਦੇ ਹਨ। ਇਸ ਦੀ ਅੱਜ ਤੱਕ ਕੋਈ ਗਿਣਤੀ ਨਹੀਂ ਹੋ ਸਕੀ। ਕੋਈ ਵੀ ਅਜਿਹੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜੋ ਇਨ੍ਹਾਂ ਪਰਵਾਸੀਆਂ ਦਾ ਕੋਈ ਰਿਕਾਰਡ ਜਾਂ ਮਦਦ ਕਰ ਸਕੇ ਅਜੇ ਤੱਕ ਹੋਂਦ ਵਿੱਚ ਨਹੀਂ ਆਈ। ਇੱਥੇ ਸਿਰਫ਼ ਜ਼ਿੰਦਗੀ ਦੀ ਡੋਰ ਡੌਂਕਰਾ ਦੇ ਹੱਥਾਂ ਵਿੱਚ ਹੀ ਹੁੰਦੀ ਹੈ।

ਡਾਰੀਅਨ ਤੋਂ ਬਾਰਡਰ ਪਾਰ ਕਰਕੇ ਲੋਕ ਪਨਾਮਾ ਪਹੁੰਚਦੇ ਹਨ। ਡਾਰੀਅਨ ਦੇ ਜੰਗਲ ਤੇ ਪਨਾਮਾ ਦੇ ਜੰਗਲਾਂ ਵਿੱਚ ਪਰਵਾਸੀਆਂ ਦਾ ਸਾਹਮਣਾ ਲੁਟੇਰਿਆਂ ਦੇ ਗਿਰੋਹ ਅਤੇ ਖਰਾਬ ਮੌਸਮ, ਸੱਪਾਂ ਤੇ ਖਤਰਨਾਕ ਜਾਨਵਰਾਂ ਤੇ ਗਲੀਆਂ ਸੜੀਆਂ ਲਾਸ਼ਾਂ ਨਾਲ ਹੁੰਦਾ ਹੈ। ਪਰ ਫਿਰ ਵੀ ਲੋਕ ਸਾਰੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਅਮਰੀਕਾ ਪਹੁੰਚਣਾ ਚਾਹੁੰਦੇ ਹਨ। ਜੋ ਵੀ ਸਥਾਨਕ ਤਸਕਰ ਹਨ, ਉਹ ਅੱਜ ਤੱਕ ਕਈ ਕਰੋੜ ਡਾਲਰਾਂ ਦੀ ਕਮਾਈ ਕਰ ਚੁੱਕੇ ਹਨ ਕਿਉਂਕਿ ਛੋਟੇ ਛੋਟੇ ਦੇਸ਼ਾਂ ਤੇ ਹੋਰ ਸਰਹੱਦਾਂ ਨੂੰ ਪੈਦਲ ਜਾਂ ਕਿਸ਼ਤੀਆਂ ਵਿੱਚ ਪਾਰ ਕਰਵਾਉਣ ਲਈ ਪੰਜ ਪੰਜ ਗੁਣਾ ਵਸੂਲੀ ਕੀਤੀ ਜਾਂਦੀ ਹੈ। ਮਨੁੱਖਾਂ ਦੀ ਤਸਕਰੀ ਤੇ ਬਲਾਤਕਾਰ, ਕਤਲ ਅਕਸਰ ਹੁੰਦੇ ਰਹਿੰਦੇ ਹਨ। ਕੈਪਾਂ ਤੱਕ ਪਹੁੰਚਾਉਣ ਲਈ ਅਰਧ ਸੈਨਿਕ ਬਲ ਤੇ ਤਸਕਰ ਆਪਣੀ ਮਨਮਾਨੀ ਕਰਦੇ ਹਨ। ਅਮਰੀਕਾ ਵਿੱਚ ਪੁੱਜਣ ਦੇ ਚਾਹਵਾਨ ਪਰਵਾਸੀਆਂ ਨੂੰ ਪੰਜ ਦਿਨਾਂ ਦਾ ਸਫ਼ਰ ਕਿਸ਼ਤੀ ਰਾਹੀਂ ਤੇ 20 ਦਿਨਾਂ ਦਾ ਬਹੁਤ ਹੀ ਖਤਰਨਾਕ ਪੈਦਲ ਸਫ਼ਰ ਕਰਕੇ ਮੈਕਸੀਕੋ ਦੇ ਬਾਰਡਰ ’ਤੇ ਪੁੱਜਣਾ ਪੈਂਦਾ ਹੈ। ਡਾਰੀਅਨ ਜੰਗਲਾਂ ਨੂੰ ਪਾਰ ਕਰਨ ਤੋਂ ਬਾਅਦ ਪਨਾਮਾ ਵਿੱਚ ਦਾਖਲਾ ਮਿਲਦਾ ਹੈ। ਕਈ ਵਾਰੀ ਤਾਂ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਡੌਂਕਰ ਜਾਂ ਤਸਕਰ ਲੋਕਾਂ ਤੋਂ ਪੈਸੇ ਲੈ ਕੇ ਲੁੱਟ ਕਰਕੇ ਪਨਾਮਾ ਦੇ ਜੰਗਲਾਂ ਜਾਂ ਸਮੁੰਦਰਾਂ ਵਿੱਚ ਮਰਨ ਲਈ ਛੱਡ ਕੇ ਭੱਜ ਜਾਂਦੇ ਹਨ। ਜਿਸ ਬਾਰੇ ਅੱਜ ਮੌਤ ਨਾਲ ਲੜ ਕੇ ਵਾਪਸ ਵਤਨ ਪੁੱਜੇ ਨੌਜਵਾਨ ਅਕਸਰ ਦੱਸਦੇ ਹਨ ਤੇ ਅਜਿਹੇ ਢੰਗਾਂ ਰਾਹੀਂ ਵਿਦੇਸ਼ ਨਾ ਜਾਣ ਦੀ ਸਲਾਹ ਵੀ ਦਿੰਦੇ ਹਨ।

ਪਨਾਮਾ ਦੇ ਜੰਗਲ ਕਈ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ ਜੋ ਕਿ ਐਨੇ ਸੰਘਣੇ ਹਨ ਕਿ ਧੁੱਪ ਵੀ ਜੰਗਲਾਂ ਨੂੰ ਪਾਰ ਕਰਕੇ ਧਰਤੀ ਤੱਕ ਨਹੀਂ ਪੁੱਜਦੀ। ਇਹੋ ਵੱਡਾ ਕਾਰਨ ਹੈ ਕਿ ਇਹ ਜੰਗਲ ਬਹੁਤ ਬਦਨਾਮ ਹਨ। ਕਈ ਸਰਹੱਦਾਂ ’ਤੇ ਪੁਲੀਸ ਮੁਲਾਜ਼ਮ ਵੀ ਰਿਸ਼ਵਤ ਲੈ ਕੇ ਡੌਂਕਰਾਂ ਰਾਹੀਂ ਆਏ ਪਰਵਾਸੀਆਂ ਨੂੰ ਆਪਣੀਆਂ ਚੈੱਕ ਪੋਸਟਾਂ ਤੋਂ ਲੰਘਣ ਦੇ ਦਿੰਦੇ ਹਨ। ਪਰ ਡੌਂਕਰ ਜ਼ਿਆਦਾਤਰ ਜੰਗਲਾਂ ਦਾ ਰਸਤਾ ਹੀ ਚੁਣਦੇ ਹਨ ਤਾਂ ਜੋ ਪੁਲੀਸ ਜਾਂ ਹੋਰ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। ਆਪਣੇ ਛੋਟੇ ਬੱਚਿਆਂ ਤੇ ਗਰਭ ਵਿਚਲੇ ਬੱਚਿਆਂ ਨਾਲ ਮਾਵਾਂ ਤੇ ਪਰਿਵਾਰਕ ਮੈਂਬਰ ਹਫ਼ਤਾ ਹਫ਼ਤਾ ਭੁੱਖ ਪਿਆਸ ਨਾਲ ਲੜ ਕੇ ਡਾਰੀਅਨ ਤੇ ਪਨਾਮਾ ਦੇ ਜੰਗਲਾਂ ਰਾਹੀਂ ਪਰਵਾਸ ਕਰਦੇ ਹਨ। ਜੰਗਲਾਂ ਵਿੱਚ ਅਕਸਰ ਬਹੁਤ ਲੋਕ ਬਿਮਾਰ ਹੋ ਕੇ ਜਾਂ ਮਾਨਸਿਕ ਸੰਤੁਲਨ ਗੁਆ ਜਾਣ ਜਾਂ ਭੁੱਖ ਪਿਆਸ ਅਤੇ ਡਰ ਨਾਲ ਫੌਤ ਹੋ ਜਾਂਦੇ ਹਨ । ਜ਼ਖ਼ਮੀਆਂ ਨੂੰ ਡੌਂਕਰਾਂ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ। ਕੋਈ ਹਸਪਤਾਲ ਜਾਂ ਮਦਦ ਮਿਲਣੀ ਅਸੰਭਵ ਹੁੰਦੀ ਹੈ।

ਜੇ ਅੰਦਾਜ਼ਨ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 5 ਸਾਲ ਦੌਰਾਨ ਡਾਰੀਅਨ ਜੰਗਲਾਂ ਰਾਹੀਂ 55000 ਦੇ ਕਰੀਬ ਲੋਕਾਂ ਨੇ ਪਰਵਾਸ ਕੀਤਾ ਜਿੰਨ੍ਹਾਂ ਵਿੱਚੋਂ 6500 ਦੇ ਕਰੀਬ ਨਾਬਾਲਗ ਬੱਚੇ ਸਨ। ਕਰੋਨਾ ਕਾਲ ਦੌਰਾਨ ਇਹ ਸਰਹੱਦਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਪਰ ਫਿਰ ਵੀ ਲੋਕ ਕੋਸ਼ਿਸ਼ਾਂ ਕਰਦੇ ਰਹੇ। ਮੈਕਸੀਕੋ ਤੋਂ ਬਾਅਦ ਲੋਕ ਅਮਰੀਕਾ ਦਾਖਲ ਹੋ ਕੇ ਫਿਰ ਜੇਲ੍ਹਾਂ ਵਿੱਚ ਰਹਿਣ ਤੋਂ ਬਾਅਦ ਕੋਰਟ ਰਾਹੀਂ ਅਮਰੀਕਾ ਦੇ ਨਾਗਰਿਕ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਪਰਵਾਸੀ ਕੈਂਪਾਂ ਵਿੱਚ ਯੂਨਾਈਟਡ ਸਟੇਟ ਦੀ ਬੀ.ਪੀ.ਆਰ.ਐੱਮ. ਵੱਲੋਂ ਖਾਣ ਪੀਣ ਤੇ ਹੋਰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ।