ਇੰਟਰਨੈਸ਼ਨਲ ਕੋਰਟ ਆ ਜਸਟਿਸ ਤੱਕ ਵੀ ਪਹੁੰਚ ਸਕਦਾ ਹੈ ਸਿਖ ਕੌਮ ਦਾ ਦਰਦ

ਇੰਟਰਨੈਸ਼ਨਲ ਕੋਰਟ ਆ ਜਸਟਿਸ ਤੱਕ ਵੀ ਪਹੁੰਚ ਸਕਦਾ ਹੈ ਸਿਖ ਕੌਮ ਦਾ ਦਰਦ

•ਕਿਉਂ ਨਹੀਂ ਇਕੱਠੇ ਹੋ ਰਹੇ ਸਿੱਖ ਬੁੱਧੀਜੀਵੀ ਤੇ ਸਿੱਖ ਆਗੂ ਇੱਕ ਮੰਚ ਉਤੇ?

•ਘੂਰ ਘੂਰ ਕੇ ਦੇਖ ਰਹੀ ਹੈ ਸਿੱਖਾਂ ਵੱਲ ਚਾਣਕੀਆ ਰਣਨੀਤੀ।

ਖਾਲਿਸਤਾਨ ਦੇ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪਾਰਲੀਮੈਂਟ ਵਿੱਚ ਦਿੱਤਾ ਇਹ  ਬਿਆਨ ਕਿ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੈ - ਸਧਾਰਨ ਘਟਨਾ ਨਹੀਂ ਸਗੋਂ ਇੱਕ ਵੱਡਾ ਵਰਤਾਰਾ ਹੈ ਜਿਸ ਦੇ ਅੰਤਰਰਾਸ਼ਟਰੀ ਪਾਸਾਰ ਹਨ।। ਸਤਈ ਕਿਸਮ ਦੀ ਸਿਖ ਬੌਧਿਕਤਾ ਭਾਵੇਂ ਇਸ ਨੂੰ ਅੰਤਰਰਾਸ਼ਟਰੀ ਤਾਕਤਾਂ ਦੇ ਭੇੜ ਤਕ ਹੀ ਸੀਮਤ ਕਰ ਰਹੀ ਹੈ। ਕੁਝ ਵੀ ਕਹੋ ,ਪਰ ਸੱਚ ਇਹੋ ਹੈ ਕਿ ਸਿੱਖ ਅਚਾਨਕ ਅੰਤਰਰਾਸ਼ਟਰੀ ਡਿਪਲੋਮੇਟਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ।

ਦੋਸਤੋ,ਸਿੱਖ ਭਾਵੇਂ ਸਾਰੀ ਦੁਨੀਆ ਵਿੱਚ ਫੈਲੇ ਹੋਏ ਹਨ ਅਤੇ ਕੁਝ ਮੁਲਕਾਂ ਵਿੱਚ ਉੱਚੇ ਰਾਜਨੀਤਿਕ ਅਹੁਦਿਆਂ ਤੇ ਵੀ ਬਿਰਾਜਮਾਨ ਹਨ,ਪਰ ਉਹ ਅਸਲ ਵਿੱਚ ਕੌਣ ਹਨ? ਭਾਰਤ ਦੇ ਅੰਦਰ ਉਹਨਾਂ ਦਾ ਸੰਘਰਸ਼ ਕਿਸ ਗੱਲ ਲਈ ਹੈ? ਕੀ ਉਹਨਾਂ ਦਾ ਧਰਮ, ਕਲਚਰ, ਰਹੁ ਰੀਤਾਂ ਅਤੇ ਇਤਿਹਾਸ ਭਾਰਤ ਨਾਲੋਂ ਕੋਈ ਵੱਖਰਾ ਹੈ? ਕੀ ਉਨਾਂ ਦੀ ਹੋਂਦ,ਉਨਾਂ ਦਾ ਨਿਆਰਾਪਣ ਖਤਮ ਹੋਣ ਦੇ ਕਿਨਾਰੇ ਤੇ ਹੈ? ਆਜ਼ਾਦ ਮੁਲਕ ਲਈ ਉਨਾਂ ਦੀ ਜਦੋਜਹਿਦ ਕਿਸ ਪੜਾਅ ਉੱਤੇ ਖੜੀ ਹੈ? ਰਾਜਨੀਤਿਕ ਤੌਰ ਤੇ ਅਰਥਾਤ ਜੀਉ ਪੋਲੀਟਿਕਸ ਵਿੱਚ ਪੰਜਾਬ ਵਿਸ਼ਵ ਰਾਜਨੀਤੀ ਲਈ ਕੋਈ ਖਾਸ ਮਹੱਤਤਾ ਰੱਖਦਾ ਹੈ? ਇਹੋ ਜਿਹੇ ਅਣਗਿਣਤ ਸਵਾਲ ਟਰੂਡੋ ਦੇ "ਬੰਬ" ਪਿੱਛੋਂ ਪਹਿਲੀ ਵਾਰ ਕੂਟਨੀਤਕ ਹਲਕਿਆਂ ਲਈ ਸਰਬ ਪੱਖੀ ਖੋਜ ਦਾ ਦਿਲਚਸਪ ਹਿੱਸਾ ਬਣ ਗਏ ਹਨ।

ਖਬਰਾਂ ਦੱਸ ਰਹੀਆਂ ਹਨ ਕਿ ਵਿਸ਼ਵ ਡਿਪਲੋਮੇਸੀ ਨਾਲ ਜੁੜਿਆ ਅਮਲਾ ਅਚਾਨਕ ਇੰਟਰਨੈਟ ਦੇ ਸਮੁੰਦਰ ਵਿੱਚ ਉਤਰ ਗਿਆ ਹੈ। ਸਿੱਖ ਕੌਮ ਨਾਲ ਸਬੰਧਤ ਕਿਤਾਬਾਂ ਦੀ ਮੰਗ ਵੱਧ ਗਈ ਹੈ ਅਤੇ ਰਾਜਨੀਤਕ ਬਹਿਸਾਂ ਦਾ  ਮੈਦਾਨ ਬਹੁਤ ਗਰਮ ਹੈ-ਇਨਾ ਗਰਮ ਤੇ ਇਹੋ ਜਿਹਾ ਗਰਮ ਅਤੇ ਸਰਗਰਮ ਪਹਿਲਾਂ ਕਦੇ ਨਹੀਂ ਸੀ ਵੇਖਿਆ ਗਿਆ।

ਪਰ ਕੌਮ ਦਾ ਸਾਂਝਾ ਦੁੱਖ,ਸਾਂਝੀ ਪੀੜ, ਸਾਂਝਾ ਦਰਦ ਇਹ ਹੈ ਕਿ ਸਿੱਖ ਬੁੱਧੀਜੀਵੀ ਅਤੇ ਰਾਜਨੀਤਿਕ ਆਗੂ ਟਰੂਡੋ ਵੱਲੋਂ ਸੁੱਟੇ ਅਚਾਨਕ ਇਸ ਬੰਬ ਨਾਲ ਇਕ ਤਰ੍ਹਾਂ ਭਬੰਤਰੇ ਗਏ ਹਨ,ਬੌਂਦਲੇ ਪਏ ਹਨ। ਮਾਹੌਲ ਵਿੱਚ ਹੈਰਾਨੀ ਵੀ ਸਿਖਰ 'ਤੇ ਹੈ,ਖੁਸ਼ੀ ਵੀ ਸਿਖਰ 'ਤੇ ਹੈ,ਦੁਬਿਧਾ ਵੀ ਸਿਖਰ 'ਤੇ ਹੈ ਚਿੰਤਾ ਵੀ ਸਿਖਰ 'ਤੇ ਹੈ, ਖੁਸ਼ੀ ਅਤੇ ਗਮ ਇੱਕ ਤਰ੍ਹਾਂ ਨਾਲ ਗਵਾਂਢੀ ਬਣੇ ਹੋਏ ਹਨ।

ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਕੌਮ ਉੱਤੇ ਅਸਮਾਨੋ ਕੋਈ ਬਿਜਲੀ ਡਿੱਗੀ ਹੈ ਜਾਂ ਬਿਨਾਂ ਕੋਸ਼ਿਸ਼ ਕੀਤਿਆਂ ਹੀ ਕੋਈ ਵੱਡਾ ਰਾਜਨੀਤਕ ਤੋਹਫਾ ਸਿੱਖਾਂ ਨੂੰ ਮਿਲ ਗਿਆ ਹੈ ਜਿਸ ਦੀ ਪੂਰਨ ਵਿਆਖਿਆ ਹੀ ਨਹੀਂ ਹੋ ਰਹੀ।  ਹੁਣ ਤੱਕ ਜਿਹੜੀ ਸਿੱਖ ਕੌਮ ਦਾ ਰਾਜਨੀਤਿਕ ਮਾਂਈਡਸੈਟ ਤੇ ਸੋਚ ਸ਼ੰਬੂ ਬਾਰਡਰ ਤੋਂ ਅੱਗੇ ਨਹੀਂ ਸੀ ਜਾਂਦੀ ਅਤੇ ਜਿਸ ਕੌਮ ਦੇ ਰਾਜਨੀਤਿਕ ਆਗੂਆਂ ਦੀ ਦੌੜ,ਰੀਝ ਅਤੇ ਤਮੰਨਾ ਐਮ ਐਲ ਏ ਬਣਨ ਵਿੱਚ ਹੀ ਖਰਚ ਹੋ ਜਾਂਦੀ ਸੀ, ਉਨਾਂ ਦਾ ਧਿਆਨ ਯਕ ਲਖਤ ਦੁਨੀਆਂ ਦੀ ਰਾਜਨੀਤੀ ਵੱਲ ਹੋ ਗਿਆ ਜਾਪਦਾ ਹੈ।

ਕੌਮ ਦਾ ਇੱਕ ਹਿੱਸਾ ਇਸ ਸਮੇਂ ਚੱਕੀ ਦੇ ਦੋ ਪੁੜਾਂ ਵਿੱਚ ਪਿਸ ਰਿਹਾ ਪ੍ਰਤੀਤ ਹੁੰਦਾ ਹੈ। ਮੁਸ਼ਕਲ ਇਹ ਬਣੀ ਹੋਈ ਹੈ ਕਿ ਇਹ ਲੋਕ ਦਿੱਲੀ ਦਰਬਾਰ ਅਤੇ ਕੌਮ ਦੇ ਦਰਬਾਰ-ਦੋਵਾਂ ਵਿਚੋਂ ਕਿਸ ਦੀ ਚੋਣ ਕਰਨ? ਵੈਸੇ ਸਿਆਣਿਆਂ ਨੇ ਤਤ ਕੱਢਿਆ ਹੋਇਆ ਕੇ ਦੋ ਊਠਾਂ ਵਿਚਕਾਰ ਦੌੜਨ ਵਾਲਿਆਂ ਨੂੰ ਦੋਹਾਂ ਦੀਆਂ ਦੁਲੱਤੀਆਂ ਖਾਣੀਆਂ ਪੈਂਦੀਆਂ ਹਨ। ਕੁਝ ਇਸ ਤਰ੍ਹਾਂ ਦੀ ਹਾਲਤ ਬਣ ਗਈ ਹੈ ਇਹਨਾਂ ਵੀਰਾਂ ਦੀ ਜਿਨਾਂ ਨੇ ਲੰਮੇ ਅਰਸੇ ਤੋਂ ਦਿੱਲੀ ਦੀ "ਦੇਸ਼ ਭਗਤੀ"ਦੀ ਪੰਡ ਸਿਰਾਂ ਉੱਤੇ ਚੁੱਕੀ ਹੋਈ ਹੈ ਪਰ ਟਰੂਡੋ ਦਾ "ਬੰਬ" ਇਹ ਪੰਡ ਲਾਉਣ ਲਈ ਹੁਣ ਆਵਾਜ਼ਾਂ ਦੇ ਰਿਹਾ ਹੈ। ਰੱਬ ਨੇ "ਖਜੂਰ" ਉਨਾਂ ਦੇ ਮੂੰਹ ਵੱਲ ਸੁੱਟੀ ਹੈ ਪਰ ਉਹਨਾਂ ਨੇ ਮੂੰਹ ਬੰਦ ਕਰ ਰੱਖੇ ਹਨ।

ਇੱਕ ਅਫਸੋਸਨਾਕ ਸੱਚ ਇਹ ਵੀ ਹੈ ਕਿ ਸਿੱਖ ਕੌਮ ਡਰੀ ਡਰੀ ਹੋਈ ਲੱਗਦੀ ਹੈ। ਸੁਖਰਹਿਣੇ ਲੀਡਰ ਮੌਜੂਦਾ ਹਾਲਤਾਂ ਵਿੱਚ ਇਹੋ ਨਤੀਜਾ ਕੱਢ ਰਹੇ ਹਨ ਕਿ ਭਾਈ,ਡਰ ਕੇ ਰਹੋਗੇ ਤਾਂ ਸੁਰੱਖਿਅਤ ਰਹੋਗੇ,ਉਮਰ ਲੰਮੀ ਹੋਏਗੀ। ਉਹ ਦਿਨ ਗਏ ਜਦੋਂ "ਬਾਜ਼" ਬਗਲੇ ਦੀਆਂ ਚੀਕਾਂ ਤੋਂ ਨਹੀਂ ਸਨ ਡਰਿਆ ਕਰਦੇ। ਇਸ ਲਈ ਉਹ ਹੁਣ ਫੂਕ ਫੂਕ ਕੇ ਕਦਮ ਰੱਖਦੇ ਹਨ। ਉਹ "ਸਿਆਣੇ" ਬਣ ਗਏ ਹਨ ਕਿਉਂਕਿ ਚਾਣਕੀਆ-ਰਾਜਨੀਤੀ ਉਹਨਾਂ ਵੱਲ ਘੂਰ ਕੇ ਵੇਖ ਰਹੀ ਹੈ ਕਿ ਉਹ "ਕਿੱਧਰ" ਨੂੰ ਜਾਂਦੇ ਹਨ। ਇਹਨਾਂ ਸਿਆਣੇ ਲੀਡਰਾਂ ਨੂੰ ਪਤਾ ਹੈ ਕਿ ਚਾਣਕੀਆ ਰਣਨੀਤੀ ਤਾਂ ਅੱਜ ਕੱਲ ਇਹ ਵੀ ਵੇਖ ਰਹੀ ਹੈ ਕਿ ਟਰੂਡੋ ਦੇ ਬਿਆਨ ਪਿੱਛੋਂ ਸਿੱਖ "ਕਿਹੋ ਜਿਹੇ" ਸੁਪਨੇ ਲੈ ਰਹੇ ਹਨ?

ਕਿਹਾ ਜਾਂਦਾ ਹੈ ਕਿ ਕਿਸੇ ਵੀ "ਸਟੇਟ" ਦੀ ਆਪਣੇ ਰਾਜ ਵਿੱਚ ਹਰ ਕਿਸੇ ਤੱਕ ਪਹੁੰਚ ਅਤੇ ਖਬਰ ਹੁੰਦੀ ਹੈ,ਪਰ ਉਹ ਸੁਪਨਿਆਂ ਤੱਕ ਨਹੀਂ ਪਹੁੰਚ ਸਕਦੀ। ਲੇਕਿਨ ਭਾਰਤੀ ਸਟੇਟ ਦੀ ਚਾਣਕਿਆ ਰਾਜਨੀਤੀ ਸੁਪਨਿਆਂ ਨੂੰ ਵੀ ਵੇਖਣ ਵਾਲੀ ਨਿਗਾਹ ਰੱਖਦੀ ਹੈ। ਇਸੇ ਲਈ ਸ਼੍ਰੋਮਣੀ ਕਮੇਟੀ,ਅਕਾਲ ਤਖਤ, ਡਰੇ ਹੋਏ ਦਾਨਿਸ਼ਵਰ ਅਤੇ ਸਭ ਵੰਨਗੀਆਂ ਦੇ ਰਾਜਨੀਤਕ ਆਗੂ ਇਹੋ ਜਿਹੇ ਅਤੇ ਇਸ ਤਰ੍ਹਾਂ ਦੇ ਹੀ ਬਿਆਨ ਦੇ ਰਹੇ ਹਨ ਜਿਸ ਨਾਲ "ਠਾਣੇਦਾਰ"ਅਤੇ "ਮੁਲਾਜੇਦਾਰ" (ਅੱਧੀ ਹਾਂ ਮੈਂ ਥਾਣੇਦਾਰਾ ਤੇਰੀ ਤੇ ਅੱਧੀ ਹਾਂ ਮੁਲਾਜੇਦਾਰ ਦੀ)ਦੋਵਾਂ ਨਾਲ ਹੀ ਉਹਨਾਂ ਦੀ ਬਣੀ ਰਹੇ,ਸਾਡੇ ਆਗੂਆਂ ਨੇ ਦੋਵਾਂ ਨੂੰ ਹੀ ਖੁਸ਼ ਕਰਕੇ ਰੱਖਿਆ ਹੋਇਆ ਹੈ।

ਕਹਿੰਦੇ ਹਨ ਕਿ ਵਿਦਵਾਨ ਕਿਸੇ ਕੌਮ ਦਾ ਖਜ਼ਾਨਾ ਹੁੰਦੇ ਹਨ ਪਰ ਅੱਜ ਕੱਲ ਇਹ ਖਜ਼ਾਨਾ ਖਾਲੀ ਖਾਲੀ ਲੱਗਦਾ ਹੈ। ਇਸ ਸਮੇਂ ਇਕ ਬਿਰਤਾਂਤ ਭਾਰਤ ਸਰਕਾਰ ਦਾ ਹੈ,ਪਰ ਮੁਕਾਬਲੇ ਦਾ ਕੋਈ ਬਿਰਤਾਂਤ ਅਰਥਾਤ ਕਾਉਂਟਰ ਨੈਰੇਟਿਵ ਸਾਡੇ ਕੋਲ ਹੈ ਹੀ ਨਹੀਂ। ਇੱਕ ਦੂਜੇ ਨਾਲ ਜੁੜੀ ਹੋਈ ਇਸ ਦੁਨੀਆ ਅਤੇ ਟੈਕਨਾਲੋਜੀ ਰਾਹੀਂ ਚੱਲ ਰਹੀ ਇਸ ਦੁਨੀਆ ਵਿੱਚ ਸਿੱਖਾਂ ਨੇ ਅਜੇ ਆਪਣੇ ਵਡੇ ਨੈਰੇਟਿਵ ਸਿਰਜਣੇ ਹਨ। ਦੋ ਦਿਨ ਪਹਿਲਾਂ ਜਲੰਧਰ ਵਿੱਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿੱਚ ਹੋਈ ਇੱਕ ਮੀਟਿੰਗ ਅੰਦਰ ਇੱਕ ਦਾਨਿਸ਼ਵਰ ਗੁਰਤੇਜ ਸਿੰਘ ਆਈਏਐਸ ਵੱਲੋਂ ਇਹ ਅਪੀਲ ਕੀਤੀ ਗਈ ਕਿ ਸਾਰੀ ਦੁਨੀਆ ਦੇ ਸਿੱਖ ਬੁੱਧੀਜੀਵੀਆਂ ਨੂੰ ਕਿਸੇ ਮੰਚ ਦੀ ਸਿਰਜਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਸਿੱਖ ਮਸਲੇ ਅਤੇ ਉਨਾਂ ਦੇ ਹੱਲ ਸਾਹਮਣੇ ਲਿਆਂਦੇ ਜਾਣ। ਮੌਜੂਦਾ ਸੰਕਟ ਦੇ ਦਰਪੇਸ਼ ਇਹੋ ਜਿਹਾ ਮੰਚ ਕਾਇਮ ਹੋਣਾ ਬਹੁਤ ਜਰੂਰੀ ਹੈ।

 ਹੁਣ ਦੋਸਤੋ ਗੱਲਾਂ ਬਹੁਤਾ ਚਿਰ ਲੁਕੀਆਂ ਨਹੀਂ ਰਹਿਣੀਆਂ। ਟਰੂਡੋ ਵਰਤਾਰੇ ਪਿੱਛੋਂ ਸਿੱਖ ਕੌਮ ਨਾਲ ਹੋ ਰਹੇ ਵਿਤਕਰੇ,ਸਿੱਖ ਕੌਮ ਨਾਲ ਹੋ ਰਹੇ ਅਤੇ ਹੋਏ ਜ਼ੁਲਮ ਦੁਨੀਆ ਦੀ ਕਚਹਿਰੀ ਵਿੱਚ ਆ ਗਏ ਹਨ। ਇਨਾਂ ਅੱਤਿਆਚਾਰਾਂ ਅਤੇ ਵਧੀਕੀਆਂ ਦੀਆਂ ਗੱਲਾਂ ਹੁਣ ਘਰ ਘਰ ਹੋਣਗੀਆਂ। ਹੋ ਸਕਦਾ ਸਿੱਖਾਂ ਦੇ ਮਾਮਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਵੀ ਚਲੇ ਜਾਣ। ਸਿਰਫ ਸਿੱਖਾਂ ਨੂੰ ਇਕੱਠੇ ਹੋਣ ਤੇ ਸਿਆਣੇ ਬਣਨ ਦੀ ਇਤਿਹਾਸਿਕ ਲੋੜ ਹੈ। ਹੁਣ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਪਤਾ ਲੱਗੇਗਾ ਕਿ:

•ਸਾਡਾ ਗਜਿੰਦਰ ਸਿੰਘ ਜੋ ਦਲ ਖਾਲਸਾ ਦਾ ਬਾਨੀ ਹੈ,ਉਹ 42 ਸਾਲਾਂ ਤੋਂ ਜਲਾਵਤਨ ਹੈ।

•ਸਾਡਾ ਜਗਤਾਰ ਸਿੰਘ ਹਵਾਰਾ ਜੇਲ ਵਿੱਚ ਨਜ਼ਰਬੰਦ ਹੈ ਜਿਸ ਨੂੰ 5 ਲੱਖ ਸਿੱਖਾਂ ਦੀ ਹਾਜ਼ਰੀ ਵਿੱਚ ਹੋਏ ਸਰਬੱਤ ਖਾਲਸਾ ਨੇ ਬਾਹਵਾਂ ਖੜੀਆਂ ਕਰਕੇ ਅਕਾਲ ਤਖਤ ਦਾ ਜਥੇਦਾਰ ਚੁਣਿਆ ਸੀ।

•ਸਾਡੇ ਆਜ਼ਾਦੀ ਸੰਗਰਾਮੀਏ ਬਲਵੰਤ ਸਿੰਘ ਰਾਜੋਆਣਾ ਉੱਤੇ ਫਾਂਸੀ ਦੀ ਤਲਵਾਰ ਲਟਕ ਰਹੀ ਹੈ।

•ਸਾਡੇ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਜੇਲ ਵਿੱਚ ਬੰਦ ਹਨ।

•ਸਾਡੇ ਦਰਜਨਾਂ ਨੌਜਵਾਨ ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲਾਂ ਵਿੱਚ ਨਜ਼ਰਬੰਦ ਹਨ ਅਤੇ ਕੌਮੀ ਇਨਸਾਫ ਮੋਰਚਾ ਪਿਛਲੇ ਅੱਠ ਮਹੀਨਿਆਂ ਤੋਂ ਉਨਾਂ ਦੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ।

 

•"ਵਾਰਸ ਪੰਜਾਬ ਦੇ" ਜਥੇਬੰਦੀ ਦਾ ਆਗੂ ਭਾਈ ਅੰਮ੍ਰਿਤਪਾਲ ਸਿੰਘ ਤੇ ਉਨਾਂ ਦੇ ਸਾਥੀ ਪੰਜਾਬ ਤੋਂ 2 ਹਜ਼ਾਰ ਕਿਲੋਮੀਟਰ ਦੂਰ ਅਸਾਮ ਦੀ ਜੇਲ ਵਿੱਚ ਸੁੱਟੇ ਗਏ ਹਨ।

•ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਸਾਡੇ ਜਸਵੰਤ ਸਿੰਘ ਖਾਲੜਾ ਨੂੰ ਕਿਵੇਂ ਇਹਨਾਂ ਨੇ ਕੋਹ ਕੋਹ ਕੇ ਮਾਰਿਆ।

•ਆਜ਼ਾਦੀ ਦੀ ਲਹਿਰ ਵਿੱਚ ਮਾਰੇ ਗਏ ਹਜ਼ਾਰਾਂ ਸਾਡੇ ਨੌਜਵਾਨਾਂ ਨੂੰ ਇਨਸਾਫ ਦੇਣ ਲਈ ਅਜੇ ਤੱਕ ਕੋਈ ਅੰਤਰਰਾਸ਼ਟਰੀ ਕਮਿਸ਼ਨ ਨਹੀਂ ਬਣਿਆ।

•ਨਵੰਬਰ 84 ਵਿੱਚ ਹੋਏ ਭਿਆਨਕ ਸਿੱਖ ਕਤਲੇਆਮ ਦੇ ਦੋਸ਼ੀ ਖੁੱਲੇ ਆਮ ਘੁੰਮ ਰਹੇ ਹਨ ਅਤੇ ਵਿਧਵਾਵਾਂ 40 ਸਾਲਾਂ ਤੋਂ ਇਨਸਾਫ ਲੈਣ ਲਈ ਦਰ ਦਰ ਭਟਕ ਰਹੀਆਂ ਹਨ।

•ਸਾਡੇ ਕੁਦਰਤੀ ਸਰੋਤ ਸਾਡੇ ਤੋਂ ਖੋਹ ਲਏ ਗਏ ਹਨ,ਸਾਡੇ ਕਲਚਰ, ਸਾਡੀ ਬੋਲੀ ਨੂੰ ਤਬਾਹ ਕਰਨ ਦੀਆਂ ਸੂਖਸ਼ਮ ਚਾਲਾਂ ਚੱਲੀਆਂ ਜਾ ਰਹੀਆਂ ਹਨ।

•ਸਾਡੇ ਕੋਲ ਤਾਂ ਆਪਣੀ ਰਾਜਧਾਨੀ ਵੀ ਨਹੀਂ ਹੈ।

•ਸਾਡੇ ਪੰਜਾਬ ਵਿੱਚ ਹੀ ਸਿੱਖਾਂ ਨੂੰ ਘੱਟ ਗਿਣਤੀ ਵਿੱਚ ਖੜਾ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ।

•ਹਰ ਰੋਜ਼ ਐਨਆਈਏ ਦੇ ਛਾਪੇ ਵੱਜਦੇ ਹਨ ਤੇ ਸੈਂਕੜੇ ਨੌਜਵਾਨਾਂ ਨੂੰ ਥਾਣਿਆਂ ਵਿੱਚ ਬੁਲਾ ਕੇ ਖੱਜਲ ਖੁਆਰ ਤੇ ਪਰੇਸ਼ਾਨ ਕੀਤਾ ਜਾਂਦਾ ਹੈ।

•ਨਦੀ ਨੇ ਚਾਂਦ ਸੇ ਸਰਗੋਸ਼ੀਓਂ ਮੇਂ 

ਪੂਛ ਲੀਆ।

ਅਬੀ ਔਰ ਕਿਤਨੀ ਸ਼ਬੇ-ਇੰਤਜ਼ਾਰ ਬਾਕੀ ਹੈ।

 

 

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪੱਤਰਕਾਰ