ਵਿਰੋਧੀ ਧਿਰ ਇੰਡੀਆ ਦੇ ਨਾਂ 'ਤੇ ਮੋਦੀ ਦੇ ਹਿੰਦੂ ਰਾਸ਼ਟਰਵਾਦ ਦਾ ਕਰੇਗੀ ਮੁਕਾਬਲਾ
* 26 ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਕਾਇਮ
* 11 ਮੈਂਬਰੀ ਤਾਲਮੇਲ ਕਮੇਟੀ ਬਣਾਈ
* ਖੜਗੇ ਵਲੋਂ ਐਲਾਨ ਕਾਂਗਰਸ ਦੀ ਸੱਤਾ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਦਿਲਚਸਪੀ ਨਹੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ-ਬੀਤੇ ਮੰਗਲਵਾਰ ਨੂੰ ਬੈਂਗਲੁਰੂ ਵਿਚ ਹੋਈ 26 ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਇਸ ਗਠਜੋੜ ਦੇ ਨਵੇਂ ਨਾਂ ਇੰਡੀਆ ਦਾ ਐਲਾਨ ਕੀਤਾ । ਇਸ ਨਾਲ ਸਾਬਕਾ ਯੂਪੀਏ ਹੁਣ ਇੰਡੀਆ ਵਿੱਚ ਬਦਲ ਗਿਆ ਹੈ। ਭਾਵੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨਵੇਂ ਨਾਮ ਦਾ ਮਤਲਬ ਆਈ ਤੋਂ ਇੰਡੀਆ , ਐਨ ਤੋਂ ਨੈਸ਼ਨਲ, ਡੀ ਤੋਂ ਡਵੈਲਪਮੈਂਟਲ , ਆਈ ਤੋਂ ਇਨਕਲੂਸਿਵ ਅਤੇ ਏ ਤੋਂ ਅਲਾਇੰਸ ਦੱਸਿਆ ਹੈ ਪਰ ਸਿਆਸੀ ਮਾਹਿਰ ਇਸ ਨੂੰ ਭਾਜਪਾ ਦੇ ਖਿਲਾਫ ਵੱਡਾ ਹਥਿਆਰ ਮੰਨਦੇ ਹਨ।ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਵੱਲੋਂ ਇੰਡੀਆ ਨਾਮ ਵਾਲੇ ਇਸ ਦਾਅ ਤੋਂ ਭਾਜਪਾ ਨੂੰ ਆਉਣ ਵਾਲੇ ਦਿਨਾਂ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹੁਣ ਅਗਲੀ ਚੋਣ ਐਨਡੀਏ ਬਨਾਮ ਇੰਡੀਆ ਵਿਚਾਲੇ ਹੋਵੇਗੀ ਪਰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੀ ਕੋਸ਼ਿਸ਼ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਇੰਡੀਆ ਬਨਾਮ ਮੋਦੀ ਦੇ ਰੂਪ ਵਿੱਚ ਸਿਆਸੀ ਰੰਗ ਦੇਣ ਦੀ ਹੋਵੇਗੀ ।ਜਿਵੇਂ ਹੀ ਇਸ ਨਵੇਂ ਨਾਂ ਦਾ ਫੈਸਲਾ ਹੋਇਆ, ਵਿਰੋਧੀ ਨੇਤਾਵਾਂ ਨੇ ਟਵੀਟ ਕੀਤਾ ਕਿ ਟੀਮ ਇੰਡੀਆ ਬਨਾਮ ਟੀਮ ਐਨਡੀਏ ਚੱਕ ਦੇ ਇੰਡੀਆ
ਭਾਜਪਾ ਵੱਲੋਂ ਲੋਕ ਸਭਾ ਚੋਣਾਂ ਨੂੰ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਦਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸ ਨਾਲ ਭਾਜਪਾ ਨੂੰ ਫਾਇਦਾ ਹੋਣ ਦੀ ਉਮੀਦ ਸੀ ਪਰ ਕਾਂਗਰਸ ਨੇ ਸਿਆਸੀ ਸਿਆਣਪ ਦਿਖਾਉਂਦੇ ਹੋਏ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਤੋਂ ਗੁਰੇਜ਼ ਕੀਤਾ ਹੈ। ਇਸ ਦੀ ਬਜਾਏ ਇੰਡੀਆ ਨੂੰ ਅੱਗੇ ਰੱਖਿਆ ਗਿਆ ਹੈ। ਇਸ ਨੂੰ ਮੋਦੀ ਦੇ ਹਿੰਦੂ ਰਾਸ਼ਟਰਵਾਦ ਦੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਇਸ ਬੈਠਕ ਵਿੱਚ ਸਾਡਾ ਇਰਾਦਾ ਆਪਣੇ ਲਈ ਸੱਤਾ ਹਾਸਲ ਕਰਨਾ ਨਹੀਂ ਹੈ। ਇਹ ਸਾਡੇ ਸੰਵਿਧਾਨ, ਜਮਹੂਰੀਅਤ, ਧਰਮਨਿਰਪੱਖਤਾ ਤੇ ਸਮਾਜਿਕ ਨਿਆਂ ਨੂੰ ਬਚਾਉਣ ਦੀ ਲੜਾਈ ਹੈ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਿਚਾਲੇ ਤਾਲਮੇਲ ਲਈ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ ਤੇ ਕਮੇਟੀ ਦੇ ਕਨਵੀਨਰ ਦੀ ਚੋਣ ਮੁੰਬਈ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਹੋਵੇਗੀ। ਖੜਗੇ ਨੇ ਕਿਹਾ ਕਿ ਗੱਠਜੋੜ ਦੇ ਪ੍ਰਚਾਰ ਪ੍ਰਬੰਧਨ ਲਈ ਦਿੱਲੀ ਵਿੱਚ ਸਕੱਤਰੇਤ ਕਾਇਮ ਕੀਤਾ ਜਾਵੇਗਾ ਤੇ ਵੱਖਰੇ ਮੁੱਦਿਆਂ ਲਈ ਵਿਸ਼ੇਸ਼ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ।ਖੜਗੇ ਨੇ ਕਿਹਾ ਕਿ ‘ਸਾਡੇ ਵਿਚਾਲੇ ਕੁਝ ਵੱਖਰੇਵੇਂ ਹਨ, ਪਰ ਅਸੀਂ ਇਨ੍ਹਾਂ ਨੂੰ ਪਿੱਛੇ ਛੱਡ ਆਏ ਹਾਂ...ਅਸੀਂ ਦੇਸ਼ ਹਿੱਤ ਵਿੱਚ ਇਕਜੁੱਟ ਹੋਏ ਹਾਂ...ਅਸੀਂ 2024 ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ।
ਯਾਦ ਰਹੇ ਕਿ ਪਟਨਾ ਵਿਚ ਵਿਰੋਧੀ ਧਿਰ ਦੀ ਬੈਠਕ ਦੌਰਾਨ ਹੀ ਇਹ ਸੰਕੇਤ ਦਿੱਤਾ ਗਿਆ ਸੀ ਕਿ ਵਿਰੋਧੀ ਮਹਾਂਗਠਜੋੜ ਦਾ ਕੋਈ ਵੱਖਰਾ ਨਾਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਗਠਜੋੜ ਦਾ ਨਾਂ ਇੰਡੀਆ ਰਾਹੁਲ ਗਾਂਧੀ ਦਾ ਵਿਚਾਰ ਹੈ। ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਲਗਾਤਾਰ ਸਾਹਮਣੇ ਆ ਰਹੇ ਸਨ, ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਵਿਰੋਧੀ ਧਿਰ ਦੇ ਮਹਾਂਗਠਜੋੜ ਦਾ ਨਾਂ ਕੁਝ ਅਜਿਹਾ ਹੀ ਹੋ ਸਕਦਾ ਹੈ।
ਭਾਰਤੀ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਾਮਕਰਨ ਭਾਵੇਂ ਮੰਗਲਵਾਰ ਨੂੰ ਹੋਇਆ ਸੀ ਪਰ ਇਹ ਵਿਚਾਰ ਉਦੋਂ ਹੀ ਆਇਆ ਹੋਵੇਗਾ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਕੱਢੀ ਗਈ। ਕਾਂਗਰਸ ਅਤੇ ਰਾਹੁਲ ਗਾਂਧੀ ਨੇ ਇਸ ਭਾਰਤ ਜੋੜੋ ਯਾਤਰਾ ਰਾਹੀਂ ਪੂਰੇ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਸੀ।ਉਸ ਨੇ ਕਈ ਵਾਰ ਕਿਹਾ ਕਿ ਉਹ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਨੈਰੇਟਿਵ ਬਹੁਤ ਜ਼ਰੂਰੀ ਹੈ।ਹੁਣ ਵਿਰੋਧੀ ਧਿਰ ਇਸ ਨਾਮ ਰਾਹੀਂ ਰਾਜਨੀਤੀ ਦੇ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਅਸੀਂ ਹੀ ਸੱਚੇ ਰਾਸ਼ਟਰਵਾਦੀ ਅਤੇ ਇੰਡੀਆ ਹਾਂ।
ਕੀ ਭਾਜਪਾ ਹੁਣ ਭਾਰਤ ਨੂੰ ਚੁਣੌਤੀ ਦੇ ਸਕਦੀ ਹੈ?
ਭਾਜਪਾ ਦੀ ਮੁੱਖ ਤਾਕਤ ਹਿੰਦੂ ਵੋਟ ਬੈਂਕ ਦਾ ਧਰੁਵੀਕਰਨ ਰਿਹਾ ਹੈ। ਭਾਜਪਾ ਨਾਲ ਮੁਕਾਬਲਾ ਕਰਨ ਲਈ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਕਈ ਸਾਲਾਂ ਤੋਂ ਨਰਮ ਹਿੰਦੂਤਵ ਅਪਣਾਇਆ ਹੈ ਅਤੇ ਹੁਣ ਰਾਸ਼ਟਰਵਾਦ ਦੀ ਪਿਚ 'ਤੇ ਵੀ ਚੋਣ ਲੜਨ ਦੀ ਤਿਆਰੀ ਕਰ ਲਈ ਹੈ। ਅਜਿਹੇ ਵਿਚ ਜਿੱਥੇ ਵਿਰੋਧੀ ਧਿਰ ਗੱਠਜੋੜ ਇਕ ਪਾਸੇ 'ਇੰਡੀਆ' ਦੇ ਨਾਂ 'ਤੇ ਭਾਜਪਾ 'ਤੇ ਹਮਲਾਵਰ ਹੋਵੇਗੀ, ਉਥੇ ਹੀ ਦੂਜੇ ਪਾਸੇ ਇਹ ਭਾਜਪਾ ਖਿਲਾਫ ਲੜਾਈ 'ਵਿਚ ਆਪਣੇ ਲਈ ਢਾਲ ਦੇ ਰੂਪ ਵਿਚ ਵੀ ਇਸ ਨਾਂ ਦੀ ਵਰਤੋਂ ਕਰੇਗੀ।
ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਆ’ ਨਾਂ ਦੇ ਹਥਿਆਰ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ। ਇਸ ਦੀ ਇੱਕ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਮਮਤਾ ਬੈਨਰਜੀ ਨੇ ਕਿਹਾ ਕਿ ਕੀ ਭਾਜਪਾ ਹੁਣ ਇੰਡੀਆ ਨੂੰ ਚੁਣੌਤੀ ਦੇ ਸਕਦੀ ਹੈ? ਕੀ ਐਨਡੀਏ ਇੰਡੀਆ ਨੂੰ ਚੁਣੌਤੀ ਦੇ ਸਕਦੀ ਹੈ? ਕੀ ਕੋਈ ਇੰਡੀਆ ਨੂੰ ਚੁਣੌਤੀ ਦੇ ਸਕਦਾ ਹੈ? ਅਸੀਂ ਦੇਸ਼ ਲਈ ਹਾਂ। ਜੇ ਕੋਈ ਸਾਨੂੰ ਫੜ ਸਕਦਾ ਹੈ, ਤਾਂ ਸਾਨੂੰ ਫੜਕੇ ਦਿਖਾਵੇ।ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਤੋਂ ਅਜਿਹੀ ਚੁਣੌਤੀ ਸੁਣਨ ਨੂੰ ਮਿਲੇਗੀ। ਭਾਜਪਾ ਲਈ ਵਿਰੋਧੀ ਧਿਰ ਦੇ ਨਵੇਂ ਨਾਂ 'ਇੰਡੀਆ' ਨੂੰ ਸੰਬੋਧਨ ਕਰਨਾ ਆਸਾਨ ਨਹੀਂ ਹੋਵੇਗਾ। ਕਿਉਂਕਿ ਭਾਜਪਾ ਇਸ ਨਾਂ 'ਤੇ ਹਮਲੇ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਇਹ ਕਹਿਣ ਦਾ ਬਹਾਨਾ ਮਿਲ ਜਾਵੇਗਾ ਕਿ ਭਾਜਪਾ ਇੰਡੀਆ ਦੇ ਖਿਲਾਫ ਬੋਲ ਰਹੀ ਹੈ।
ਰਾਹੁਲ ਨੇ ਦੱਸਿਆ ਕਿ ਭਾਰਤ ਦਾ ਨਾਂ ਕਿਉਂ ਰੱਖਿਆ ਗਿਆ
ਵਿਰੋਧੀ ਧਿਰ ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਲੜਾਈ ਭਾਜਪਾ ਦੀ ਫਾਸ਼ੀਵਾਦੀ ਹਿੰਦੂਤਵੀ ਵਿਚਾਰਧਾਰਾ ਅਤੇ ਸੋਚ ਦੇ ਖਿਲਾਫ ਹੈ। ਉਹ ਦੇਸ਼ 'ਤੇ ਹਮਲੇ ਕਰ ਰਹੀ ਹੈ। ਘੱਟਗਿਣਤੀਆਂ ਨੂੰ ਨੁਕਸਾਨ ਪਹੰਚਾ ਰਹੀ ਹੈ ,ਦੇਸ ਵਿੱਚ ਭਿ੍ਸ਼ਟਾਚਾਰ ਤੇ ਬੇਰੁਜ਼ਗਾਰੀ ਫੈਲ ਰਹੀ ਹੈ। ਦੇਸ਼ ਦੀ ਸਾਰੀ ਦੌਲਤ ਕੁਝ ਚੁਣੇ ਹੋਏ ਅਮੀਰ ਕਾਰਪੋਰੇਟ ਲੋਕਾਂ ਕੋਲ ਜਾ ਰਹੀ ਹੈ ਅਤੇ ਇਸ ਲਈ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਅਸੀਂ ਇੱਕ ਦੂਜੇ ਨੂੰ ਸਵਾਲ ਪੁੱਛਦੇ ਹਾਂ ਕਿ ਇਹ ਲੜਾਈ ਕਿਸ ਦੇ ਵਿਚਕਾਰ ਹੈ? ਇਹ ਲੜਾਈ ਭਾਜਪਾ ਅਤੇ ਦੇਸ਼ ਦੀ ਜਨਤਾ ਵਿਚਕਾਰ ਹੈ। ਇਹ ਲੜਾਈ ਨਰਿੰਦਰ ਮੋਦੀ ਅਤੇ ਇੰਡੀਆ ਵਿਚਾਲੇ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਵਿਰੋਧੀ ਧਿਰ ਅਤੇ ਭਾਜਪਾ ਵਿਚਾਲੇ ਨਹੀਂ ਹੈ। ਇਹ ਦੇਸ਼ ਦੀ ਲੜਾਈ ਹੈ। ਇਸੇ ਲਈ ਇਸ ਗਠਜੋੜ ਦਾ ਨਾਂ ਇੰਡੀਆ ਰੱਖਿਆ ਗਿਆ। ਲੜਾਈ ਐਨਡੀਏ ਅਤੇ ਇੰਡੀਆ ਵਿਚਕਾਰ ਹੈ। ਹਰ ਕੋਈ ਜਾਣਦਾ ਹੈ ਕਿ ਜਦੋਂ ਕੋਈ ਇੰਡੀਆ ਦੇ ਖਿਲਾਫ ਖੜ੍ਹਾ ਹੁੰਦਾ ਹੈ ਤਾਂ ਕੌਣ ਜਿੱਤਦਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਹੀ ਚਰਚਾ ਦੌਰਾਨ ਇੰਡੀਆ ਦਾ ਨਾਂ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਹੁਣ ਅਸੀਂ ‘ਐਕਸ਼ਨ ਪਲਾਨ’ ਤਿਆਰ ਕਰਾਂਗੇ। ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ ਮੁੰਬਈ ਵਿੱਚ ਹੋਵੇਗੀ।।
ਮੀਟਿੰਗ ਵਿੱਚ ਸ਼ਾਮਲ 26 ਵਿਰੋਧੀ ਪਾਰਟੀਆਂ ਵਿੱਚ ਕਾਂਗਰਸ, ਟੀਐੱਮਸੀ, ਡੀਐੱਮਕੇ, ‘ਆਪ’, ਜੇਡੀਯੂ, ਆਰਜੇਡੀ, ਜੇਐੱਮਐੱਮ, ਐੱਨਸੀਪੀ (ਸ਼ਰਦ ਪਵਾਰ), ਸ਼ਿਵ ਸੈਨਾ (ਯੂਬੀਟੀ), ਸਪਾ, ਨੈਸ਼ਨਲ ਕਾਨਫਰੰਸ, ਪੀਡੀਪੀ, ਸੀਪੀਐੱਮ, ਸੀਪੀਆਈ, ਆਰਐੱਲਡੀ, ਐੱਮਡੀਐੱਮਕੇ, ਕੇਐੱਮਡੀਕੇ, ਵੀਸੀਕੇ, ਆਰਐੱਸਪੀ, ਸੀਪੀਆਈ-ਐੱਮਐੱਲ(ਲਿਬਰੇਸ਼ਨ), ਫਾਰਵਰਡ ਬਲਾਕ, ਆਈਯੂਐੱਮਐੱਲ, ਕੇਰਲਾ ਕਾਂਗਰਸ (ਜੋਸੇਫ), ਕੇਰਲਾ ਕਾਂਗਰਸ (ਮਣੀ), ਅਪਨਾ ਦਲ (ਕਾਮੇਰਾਵਾੜੀ) ਤੇ ਐੱਮਐੱਮਕੇ ਹਨ। ਇਨ੍ਹਾਂ 26 ਪਾਰਟੀਆਂ ਦੀਆਂ ਲੋਕ ਸਭਾ ਵਿੱਚ ਲਗਪਗ 150 ਸੀਟਾਂ ਹਨ। ਮੀਟਿੰਗ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਤਾਮਿਲ ਨਾਡੂ ਤੇ ਝਾਰਖੰਡ ਦੇ ਮੁੱਖ ਮੰਤਰੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਈ ਪਾਰਟੀਆਂ ਦੇ ਆਗੂ ਹਾਜ਼ਰ ਸਨ।
Comments (0)