ਕਰਤਾਰਪੁਰ ਲਾਂਘੇ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਧਾਰਮਿਕ ਸੈਰ ਸਪਾਟੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ

ਕਰਤਾਰਪੁਰ ਲਾਂਘੇ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਧਾਰਮਿਕ ਸੈਰ ਸਪਾਟੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ

ਇਹ ਧਾਰਮਿਕ ਉਪਰਾਲੇ ਦੋਹਾਂ ਦੇਸ਼ਾਂ ਵਿਚ ਨੇੜਤਾ ਪੈਦਾ ਕਰ ਸਕਦੇ ਹਨ।

ਅੰਮ੍ਰਿਤਸਰ ਟਾਈਮਜ਼ ਬਿਉਰੋ

ਪਾਕਿਸਤਾਨ ਹਿੰਦੂ ਕੌਂਸਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਦਿਲਾਂ ਦੀਆਂ ਦੂਰੀਆਂ ਨੂੰ ਘੱਟ ਕਰਨ ਲਈ ਹਰ ਮਹੀਨੇ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ।ਕੌਂਸਲ ਨੇ ਦਾਅਵਾ ਕੀਤਾ ਹੈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਕੰਮ ਵਿੱਚ ਸਹਿਯੋਗ ਦੇ ਰਹੀਆਂ ਹਨ।ਪਾਕਿਸਤਾਨ ਵਿੱਚ ਨਵੇਂ ਸਾਲ ਦੇ ਮੌਕੇ ਫਿਰ ਤੋਂ ਉਸਾਰੇ ਗਏ ਸੌ ਸਾਲ ਪੁਰਾਣੇ ਸ੍ਰੀ ਪਰਮਹੰਸ ਜੀ ਮਹਾਰਾਜ ਮੰਦਿਰ ਵਿਚ ਭਾਰਤ ਪਾਕਿਸਤਾਨ ਅਤੇ ਖਾੜੀ ਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਪੂਜਾ ਅਰਚਨਾ ਕੀਤੀ ਹੈ।ਹਿੰਦੂ ਸ਼ਰਧਾਲੂਆਂ ਦੇ ਇਸ ਵਫਦ ਵਿਚ ਕੁੱਲ 173 ਸ਼ਰਧਾਲੂ ਹਨ ਜਿਨ੍ਹਾਂ ਵਿੱਚ ਪੰਜ ਛੇ ਅਮਰੀਕੀ, ਕੁਝ ਸਪੇਨ ਤੋਂ, ਕੁਝ ਦੁਬਈ ਤੋਂ ਅਤੇ ਤਕਰੀਬਨ 160 ਲੋਕ ਭਾਰਤ ਤੋਂ ਹਨ। ਇਹ ਸ਼ਰਧਾਲੂ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ।1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਕਈ ਇਤਿਹਾਸਕ ਧਾਰਮਿਕ ਸਥਾਨ ਹਨ ਜੋ ਪਾਕਿਸਤਾਨ ਤੇ ਭਾਰਤ ਦਾ ਹਿੱਸਾ ਬਣੇ।ਸਮੇਂ- ਸਮੇਂ 'ਤੇ ਸ਼ਰਧਾਲੂਆਂ ਵੱਲੋਂ ਇਨ੍ਹਾਂ ਸਥਾਨਾਂ ਦੇ ਦਰਸ਼ਨ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ।ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਹਾਂ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘੇ ਨੂੰ ਵੀ ਖੋਲ੍ਹਿਆ ਗਿਆ ਸੀ। ਹੁਣ ਇਸ ਕਦਮ ਨੂੰ ਵੀ ਸਕਾਰਾਤਮਕ ਪਹਿਲ ਵਜੋਂ ਵੇਖਿਆ ਜਾ ਰਿਹਾ ਹੈ।

ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਵਾਂਕਵਾਨੀ ਆਖਦੇ ਹਨ ਕਿ ਇਹ ਇੱਕ ਨਵੀਂ ਪਹਿਲ ਹੈ ਅਤੇ ਇਸੇ ਰਾਹੀਂ 74 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਰਿਸ਼ਤੇ ਬਿਹਤਰ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।ਡਾ ਰਮੇਸ਼ ਪਾਕਿਸਤਾਨ ਵਿਚ ਸਾਂਸਦ ਹਨ ਅਤੇ 2002 ਤੋਂ ਰਾਜਨੀਤੀ ਵਿੱਚ ਹਨ।ਉਹ ਆਖਦੇ ਹਨ,"ਜੋ ਮੁਹੱਬਤ ਸ਼ੁਰੂ ਹੋਈ ਹੈ ਉਸ ਨੂੰ ਅੱਗੇ ਵਧਾਉਣ ਲਈ ਮੈਂ ਭਾਰਤ ਆ ਕੇ ਸ਼ਰਧਾਲੂਆਂ ਨੂੰ ਖਵਾਜ਼ਾ ਨਿਜ਼ਾਮੂਦੀਨ ਅਤੇ ਅਜਮੇਰ ਸ਼ਰੀਫ਼ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਹਰ ਮਹੀਨੇ ਇਸ ਤਰ੍ਹਾਂ ਧਾਰਮਿਕ ਯਾਤਰਾ ਦੀ ਯੋਜਨਾ ਹੈ ਜਿਸ ਨਾਲ ਦੋਹਾਂ ਦੇਸ਼ਾਂ ਦੇ ਲੋਕ ਨਜ਼ਦੀਕ ਆਉਣਗੇ। ਮੈਨੂੰ ਲੱਗਦਾ ਹੈ ਕਿ ਤੂੰ ਉਨ੍ਹਾਂ ਦੇਸ਼ਾਂ ਵਿੱਚ ਨਫ਼ਰਤ ਖ਼ਤਮ ਕਰਨ ਲਈ ਇਸ ਨਾਲ ਮਦਦ ਮਿਲੇਗੀ।" ਯਾਦ ਰਹੇ ਕਿ ਦਸੰਬਰ ਵਿੱਚ ਕੱਟੜ ਇਸਲਾਮੀ ਪਾਰਟੀ ਨਾਲ ਸਬੰਧਿਤ ਭੀੜ ਨੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿੱਚ ਬਣੇ ਇਸ ਮੰਦਿਰ ਦੀ ਤੋੜ ਫੋੜ ਕੀਤੀ ਅਤੇ ਫਿਰ ਅੱਗ ਲਗਾ ਦਿੱਤੀ ਸੀ। ਦੁਨੀਆਂ ਭਰ ਵਿੱਚ ਇਸ ਘਟਨਾ ਦੀ ਨਿਖੇਧੀ ਹੋਈ ਸੀ।ਡਾ ਰਮੇਸ਼ ਆਖਦੇ ਹਨ ,"ਪਾਕਿਸਤਾਨ ਦੀ ਸਰਕਾਰ ਨੇ ਸਾਡਾ ਸਾਥ ਦਿੱਤਾ ਹੈ ਅਤੇ ਹੁਣ ਮੰਦਿਰ ਪੂਰੀ ਤਰ੍ਹਾਂ ਬਣ ਗਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਆਂ ਕੋਸ਼ਿਸ਼ਾਂ ਨਾਲ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਅਸੀਂ ਹੁਣ ਇਸ ਮੰਦਿਰ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ।ਇਸ ਮੰਦਿਰ ਦਾ ਨਿਰਮਾਣ ਵੈਸੇ ਤਾਂ ਤਕਰੀਬਨ ਸੌ ਸਾਲ ਪਹਿਲਾਂ ਹੋਇਆ ਸੀ ਪਰ ਤੋੜ ਫੋੜ ਤੋਂ ਬਾਅਦ ਜਸਟਿਸ ਅਹਿਮਦ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਮੰਦਿਰ ਦੀ ਮੁਰੰਮਤ ਦੇ ਆਦੇਸ਼ ਦਿੱਤੇ ਸਨ।ਇਹ ਧਾਰਮਿਕ ਉਪਰਾਲੇ ਦੋਹਾਂ ਦੇਸ਼ਾਂ ਵਿਚ ਨੇੜਤਾ ਪੈਦਾ ਕਰ ਸਕਦੇ ਹਨ।