ਜਰਮਨ ਦੇ ਗੁਰਦਵਾਰਾ ਸਿੱਖ ਸੈਂਟਰ ਦੀਆਂ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ਮੋਰਚੇ ਨੂੰ ਦਿੱਤੀ ਹਮਾਇਤ, ਮੋਰਚੇ ਦੀ ਚੜਦੀ ਕਲਾ ਲਈ ਕੀਤੀ ਅਰਦਾਸ

ਜਰਮਨ ਦੇ ਗੁਰਦਵਾਰਾ ਸਿੱਖ ਸੈਂਟਰ ਦੀਆਂ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ਮੋਰਚੇ ਨੂੰ ਦਿੱਤੀ ਹਮਾਇਤ, ਮੋਰਚੇ ਦੀ ਚੜਦੀ ਕਲਾ ਲਈ ਕੀਤੀ ਅਰਦਾਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 20 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਵੱਲੋਂ ਸਤੰਬਰ 2020 ਵਿੱਚ ਕਿਸਾਨ ਵਿਰੁੱਧੀ ਤਿੰਨ ਬਿੱਲ ਪਾਸ ਕੀਤੇ ਗਏ ਸਨ। ਜਿਸਦਾ ਦੇਸ਼ ਪੱਧਰ ਦੇ ਕਿਸਾਨਾਂ ਵੱਲੋਂ ਵਿਰੋਧ ਕਰਦਿਆਂ ਦਿੱਲੀ ਵਿਖੇ ਕਿਸਾਨ ਸੰਘਰਸ਼ ਮੋਰਚਾ ਲਗਾਇਆ ਗਿਆ ਸੀ, ਇਹ ਮੋਰਚਾ ਲੱਗਭੱਗ ਡੇਢ ਸਾਲ ਚੱਲਿਆ, ਜਿਸਦੀ ਵਿਸ਼ਵ ਪੱਧਰ ਤੇ ਚਰਚਾ ਹੋਈ ਅਤੇ ਸਮਰਥਨ ਮਿਲਿਆ। ਭਾਰਤ ਸਰਕਾਰ ਵੱਲੋਂ ਧੋਖੇ ਨਾਲ ਮੋਰਚਾ ਉੱਠਵਾ ਲਿਆ ਗਿਆ ਪਰ ਕਿਸਾਨਾਂ ਦੇ ਹੱਕ ਵਿੱਚ ਇਸਦਾ ਕੋਈ ਹੱਲ ਨਾ ਕੀਤਾ । ਹੁਣ ਜਦੋਂ ਭਾਰਤ ਦੀ ਕੇਂਦਰ ਸਰਕਾਰ ਆਪਣਾ ਸੇਵਾਕਾਲ ਪੂਰਾ ਕਰਨ ਵਾਲੀ ਹੈ ਅਤੇ ਜਨਤਾ ਦੇ ਹੱਕ ਚ ਕੋਈ ਵੀ ਕੰਮ ਨਾ ਕਰਕੇ ਜਨਤਾ ਨੂੰ ਧਰਮ ਦੇ ਨਾਮ ਤੇ ਠੱਗਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤ ਦੇ ਕਿਸਾਨਾਂ ਨੇ ਆਪਣਿਆਂ ਹੱਕਾਂ ਖਾਤਿਰ ਕਿਸਾਨ ਸੰਘਰਸ਼ ਮੋਰਚਾ ਫਿਰ ਖੋਲ੍ਹ ਦਿੱਤਾ ਹੈ ਜਿਸਦੀ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕੀਤੀ ਹੈ। ਪਰ ਹਰਿਆਣਾ ਦੀ ਖੱਟੜ ਬੀਜੇਪੀ ਸਰਕਾਰ ਨੇ ਪੰਜਾਬ ਹਰਿਆਣਾ ਬਾਰਡਰ ਤੇ ਵੱਡੇ ਪੱਧਰ ਤੇ ਬੈਰੀਗੇਟਿੰਗ ਕਰਕੇ ਕਿਸਾਨਾਂ ਦੇ ਲੋਕਤੰਤਰੀ ਹੱਕ ਨੂੰ ਵੀ ਮਾਰ ਦਿੱਤਾ ਹੈ। ਹਰਿਆਣਾ ਸਰਕਾਰ ਵੱਲੋਂ ਇਸ ਤਰਾਂ ਬੈਰੀਗੇਟਿੰਗ ਕੀਤੀ ਗਈ ਹੈ ਜਿਵੇਂ ਪੰਜਾਬ ਕਿਸੇ ਦੂਜੇ ਦੇਸ਼ ਦਾ ਰਾਜ ਹੋਵੇ। ਇਥੇ ਹੀ ਬੱਸ ਨਹੀਂ ਕਿਸਾਨਾਂ ਉੱਤੇ ਅਣਮਨੁੱਖੀ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ, ਜਿਸਦੀ ਇਕ ਵਾਰ ਫਿਰ ਤੋਂ ਵਿਸ਼ਵ ਭਰ ਵਿੱਚ ਸਖਤ ਨਿੰਦਾ ਹੋ ਰਹੀ ਹੈ। ਜਰਮਨੀ ਦੇ ਫਰੈਂਕਫੋਰਟ ਸ਼ਹਿਰ ਵਿੱਚ ਸਥਿੱਤ ਗੁਰਦੁਆਰਾ ਸਿੱਖ ਸੈਂਟਰ ਵਿਖੇ ਸਿੱਖ ਜਰਨੈਲ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਦੀਵਾਨਾਂ ਦੀ ਸਮਾਪਤੀ ਤੇ ਕਿਸਾਨੀ ਸੰਘਰਸ਼ ਮੋਰਚੇ ਦੀ ਅਤੇ ਸਾਰੇ ਕਿਸਾਨਾਂ, ਬੀਬੀਆਂ, ਨੌਜਵਾਨਾਂ, ਬਜ਼ੁਰਗਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨ ਸੰਘਰਸ਼ ਮੋਰਚੇ ਲਈ ਪੂਰਨ ਸਹਿਯੋਗ ਭੇਜਣ ਦਾ ਐਲਾਨ ਕੀਤਾ ਅਤੇ ਸੰਗਤਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ। ਭਾਈ ਗੁਰਚਰਨ ਸਿੰਘ ਗੁਰਾਇਆਂ ਨੇ ਆਖਿਆ ਕਿ ਭਾਰਤ ਦੀ ਕੇਂਦਰ ਤੇ ਕਾਬਜ਼ ਬੀਜੇਪੀ ਸਰਕਾਰ ਸਿੱਖਾਂ ਨੂੰ ਗੁਲਾਮ ਬਣਾਉਣ ਦੇ ਮੱਕਸਦ ਨਾਲ ਇਸ ਦੇਸ਼ ਵਿੱਚ ਦੁਸ਼ਮਣਾਂ ਵਾਲਾ ਰਿਸ਼ਤਾ ਨਿਭਾ ਰਹੀ ਹੈ, ਉਹਨਾਂ ਕਿਹਾ ਕਿ ਸਿੱਖਾਂ ਨੇ 98% ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਉਹਨਾਂ ਨੂੰ ਇਸ ਦੇਸ਼ ਵਿੱਚ ਜ਼ਰਾਇਮ ਪੇਸ਼ਾ ਕਿਹਾ ਗਿਆ, ਉਹਨਾਂ ਇਹ ਵੀ ਐਲਾਨ ਕੀਤਾ । ਇਸ ਸਮੇਂ ਸ. ਗੁਰਚਰਨ ਸਿੰਘ ਗੁਰਾਇਆਂ, ਬਲਕਾਰ ਸਿੰਘ, ਨਰਿੰਦਰ ਸਿੰਘ, ਅਨੂਪ ਸਿੰਘ, ਹੀਰਾ ਸਿੰਘ, ਗ੍ਰੰਥੀ ਭਾਈ ਚਮਕੌਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਹਰਪ੍ਰੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਸਮੂੰਹ ਸੰਗਤਾਂ ਹਾਜ਼ਿਰ ਸਨ।