ਮਾਮਲਾ ਮਹੰਤ ਤੇ ਦਾਦੂਵਾਲ ਧੜੇ ਦੇ ਟਕਰਾਅ ਦਾ

ਮਾਮਲਾ ਮਹੰਤ ਤੇ ਦਾਦੂਵਾਲ ਧੜੇ ਦੇ ਟਕਰਾਅ ਦਾ

ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਧਮੀਜਾ ਨੇ ਦਿਤਾ ਅਸਤੀਫਾ 

ਅਕਾਲ ਤਖਤ ਸਾਹਿਬ ਕਰ ਰਿਹੈ ਮਾਮਲੇ ਸੰਬੰਧੀ ਰਿਪੋਟ ਦੀ ਉਡੀਕ

ਗੁਰਦੁਆਰਾ ਚੋਣ ਕਮਿਸ਼ਨਰ ਨੇ 30 ਸਤੰਬਰ ਤੱਕ ਨਵੀਆਂ ਵੋਟਾਂ ਬਣਾਉਣ ਦਾ ਸਮਾਂ ਕੀਤਾ ਨਿਰਧਾਰਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਧਮੀਜਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਆਪਣਾ ਅਸਤੀਫਾ ਦਿੱਤਾ ਹੈ। ਬੀਤੀ 14 ਅਗਸਤ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਕਮੇਟੀ ਵਿਚ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤੇ ਗਏ ਇਤਰਾਜ਼ ਤੇ ਆਪਸੀ ਵਿਵਾਦ ਤੋਂ ਬਾਅਦ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਿਹਾ ਹੈ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ। ਜਿਸ ਦੀ ਰਿਪੋਰਟ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰੀ ਜਾਵੇਗੀ।

ਦੱਸਿਆ ਜਾਂਦਾ ਹੈ ਕਿ ਦੋਵੇਂ ਸਿੱਖ ਆਗੂ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਿਰਧਾਰਿਤ ਚੋਣ ਪ੍ਰਕਿਰਿਆ ਤਹਿਤ ਚੋਣ ਲੜਨਗੇ । ਹਰਿਆਣਾ ਸਰਕਾਰ ਨੇ ਐਚਐਸਜੀਪੀਸੀ ਚੋਣਾਂ ਲਈ ਜਸਟਿਸ ਐਚਐਸ ਭੱਲਾ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ। ਜਸਟਿਸ ਭੱਲਾ ਨੇ 30 ਚੋਣ ਨਿਸ਼ਾਨ ਜਾਰੀ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਐਚਐਸਜੀਸੀਪੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਭਰਨੇ ਹੋਣਗੇ।

ਉਨ੍ਹਾਂ ਨੂੰ ਇਨ੍ਹਾਂ 30 ਚੋਣ ਨਿਸ਼ਾਨਾਂ ਵਿੱਚੋਂ ਕੋਈ ਵੀ ਤਿੰਨ ਨਿਸ਼ਾਨ ਭਰਨੇ ਹੋਣਗੇ, ਜਿਨ੍ਹਾਂ ਵਿੱਚੋਂ ਸਬੰਧਿਤ ਉਮੀਦਵਾਰ ਨੂੰ ਰਾਜ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇੱਕ ਚੋਣ ਨਿਸ਼ਾਨ ਅਲਾਟ ਕੀਤਾ ਜਾਵੇਗਾ। ਜੇਕਰ ਇੱਕ ਚਿੰਨ੍ਹ ਇੱਕ ਤੋਂ ਵੱਧ ਵਿਅਕਤੀਆਂ ਦੁਆਰਾ ਭਰਿਆ ਜਾਂਦਾ ਹੈ ਤਾਂ ਇਸ ਦਾ ਫੈਸਲਾ ਡਰਾਅ ਰਾਹੀਂ ਕੀਤਾ ਜਾਵੇਗਾ। ਚੋਣ ਨਿਸ਼ਾਨਾਂ ਵਿੱਚ ਤਾਲਾ, ਰਿਕਸ਼ਾ, ਪੌੜੀ, ਕੁਹਾੜਾ, ਸਾਈਕਲ, ਗੈਸ ਸਿਲੰਡਰ, ਪਾਈਪ, ਜੀਪ, ਛੱਤਰੀ, ਚੜ੍ਹਦਾ ਸੂਰਜ ਅਤੇ ਟੇਬਲ ਫੈਨ ਸ਼ਾਮਲ ਹਨ।

30 ਸਤੰਬਰ ਤੱਕ ਬਣਾਈ ਜਾ ਸਕਦੀ ਹੈ ਵੋਟ

ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚਐਸ ਭੱਲਾ ਨੇ ਐਚਐਸਜੀਪੀਸੀ ਚੋਣਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਪੂਰੇ ਸੂਬੇ ਵਿੱਚ 30 ਸਤੰਬਰ ਤੱਕ ਨਵੀਆਂ ਵੋਟਾਂ ਬਣਾਉਣ ਦਾ ਸਮਾਂ ਨਿਰਧਾਰਤ ਕੀਤਾ ਹੈ । ਇਸ ਸਮੇਂ ਦੌਰਾਨ ਕੋਈ ਵੀ ਨਵਾਂ ਵੋਟਰ ਆਪਣੇ ਆਪ ਨੂੰ ਹਰਿਆਣਾ ਗੁਰਦੁਆਰਾ ਦੇ ਵੋਟਰ ਵਜੋਂ ਰਜਿਸਟਰ ਕਰ ਸਕਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਹੱਦਬੰਦੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਹੈ। 28 ਜੁਲਾਈ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਸੂਚਨਾ ਅਨੁਸਾਰ ਪੂਰੇ ਸੂਬੇ ਨੂੰ 40 ਵਾਰਡਾਂ ਵਿੱਚ ਵੰਡਿਆ ਗਿਆ ਸੀ।

ਐਚਐਸਜੀਪੀਸੀ ਦੀ ਚੋਣ ਵਿੱਚ ਹਰ ਵਾਰਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਵੇਗਾ। 40 ਮੈਂਬਰਾਂ ਦੀ ਚੋਣ ਤੋਂ ਬਾਅਦ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਐਚਐਸਜੀਪੀਸੀ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਜਬਰਦਸਤ ਧੜੇਬੰਦੀ ਹੈ। ਹਾਲੇ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਜਦੋਂ ਸੁਧਾਈ ਹੋਈ ਵੋਟਰ ਸੂਚੀ ਜਾਰੀ ਹੋਵੇਗੀ, ਉਸ ਤੋਂ ਬਾਅਦ ਹੀ ਚੋਣਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਜਾਵੇਗਾ।

ਸੂਬੇ ਵਿੱਚ ਤਿੰਨ ਦਰਜਨ ਤੋਂ ਵੱਧ ਵਿਧਾਨ ਸਭਾ ਸੀਟਾਂ ਅਜਿਹੀਆਂ ਹਨ, ਜੋ ਬਹੁ ਸਿੱਖ ਆਬਾਦੀ ਵਾਲੀਆਂ ਮੰਨੀਆਂ ਜਾਂਦੀਆਂ ਹਨ। ਕਰਨਾਲ, ਕੁਰੂਕਸ਼ੇਤਰ, ਅੰਬਾਲਾ ਅਤੇ ਸਿਰਸਾ ਦੀਆਂ ਤਿੰਨ ਦਰਜਨ ਵਿਧਾਨ ਸਭਾ ਸੀਟਾਂ 'ਤੇ ਸਿੱਖ ਵੋਟਰ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ 'ਚ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਰਹੇ ਹਨ। ਸੂਬਾ ਸਰਕਾਰ ਵੱਲੋਂ 17 ਅਗਸਤ ਦੇ ਨੋਟੀਫਿਕੇਸ਼ਨ ਰਾਹੀਂ ਜਸਟਿਸ ਐਚ.ਐਸ ਭੱਲਾ ਨੂੰ ਰਿਟਰਨਿੰਗ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੂੰ ਐਚਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਕੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ?

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 11 ਜੁਲਾਈ 2014 ਨੂੰ ਕੀਤੀ ਗਈ ਸੀ, ਇਸ ਸੰਸਥਾ ਦਾ ਗਠਨ ਹਰਿਆਣਾ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਕੀਤਾ ਗਿਆ ਸੀ। ਇਹ ਭਾਰਤ ਵਿੱਚ ਸਿੱਖ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਸੰਸਥਾਵਾਂ ਵਿੱਚੋਂ ਇੱਕ ਹੈ, ਇਸਦੇ ਗਠਨ ਤੋਂ ਪਹਿਲਾਂ ਹਰਿਆਣਾ ਦੇ ਗੁਰਦੁਆਰੇ ਅਧਿਕਾਰਤ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਨ। ਮੌਜੂਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਕੁਰੂਕਸ਼ੇਤਰ ਵਿੱਚ ਸਥਿਤ ਹੈ