ਮਸਲਾ ਬੇਅਦਬੀ ਦੀਆਂ ਘਟਨਾਵਾਂ ਬਾਰੇ  ਸਹੀ ਜਾਂਚ ਨਾ ਕਰਨ ਦਾ

ਮਸਲਾ ਬੇਅਦਬੀ ਦੀਆਂ ਘਟਨਾਵਾਂ ਬਾਰੇ  ਸਹੀ ਜਾਂਚ ਨਾ ਕਰਨ ਦਾ

ਆਪ ਸਰਕਾਰ ਬੇਅਦਬੀ ਮੁੱਦੇ ਦਾ ਸਿਆਸੀਕਰਨ ਨਾ ਕਰੇ-

ਕੁੰਵਰ ਵਿਜੇ ਪ੍ਰਤਾਪ ਨੇ ਨਰਾਜ਼ਗੀ ਪ੍ਰਗਟਾਈ

*ਕਿਹਾ ਕਿ ਕਦੇ ਜੋ ਕਾਨੂੰਨੀ ਲੜਾਈ ਕੈਪਟਨ ਨਾਲ ਸੀ, ਉਹ ਹੁਣ ਭਗਵੰਤ  ਨਾਲ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਆਪਣੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਹੀ ਦਿਸ਼ਾ ਵਿੱਚ ਨਾ ਜਾਣ ਦਾ ਇਲਜ਼ਾਮ ਲਗਾ ਰਹੇ ਹਨ।ਉਨ੍ਹਾਂ ਪਿਛਲੇ ਦਿਨੀ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲਾ ਕੀਤਾ ਅਤੇ ਆਪਣੇ ਨਾਲ ਸਿਆਸੀ ਧੋਖਾ ਹੋਣ ਦਾ ਇਲਜ਼ਾਮ ਲਗਾਇਆ।ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ‘ਕਦੇ ਜੋ ਕਾਨੂੰਨੀ ਲੜਾਈ ਕੈਪਟਨ ਬਨਾਮ ਕੁੰਵਰ ਵਿਜੇ ਪ੍ਰਤਾਪ ਸੀ, ਉਹ ਭਗਵੰਤ ਮਾਨ ਬਨਾਮ ਕੁੰਵਰ ਵਿਜੇ ਪ੍ਰਤਾਪ ਹੋ ਗਈ ਹੈ।ਮੈਨੂੰ ਇਸ ਮੁੱਦੇ ( ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲੇ) 'ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਗਿਆ ਹੈ, ਇਸ ਲਈ ਮੈਂ ਭਗਵੰਤ ਮਾਨ ਦੀ ਕਲਿਪਿੰਗ ਨੂੰ ਆਪਣੀ ਫੇਸਬੁੱਕ ਪੋਸਟ ਵਿੱਚ ਪਾਇਆ ਸੀ।ਮੈਂ ਕੇਜਰੀਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਪੱਤਰ ਵੀ ਲਿਖਿਆ ਸੀ।ਪਰ ਕੋਈ ਕਾਰਵਾਈ ਨਹੀਂ ਹੋਈ।ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਸਰਕਾਰ ਨੂੰ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਇਸ 'ਤੇ ਸਿਆਸਤ ਕਰਾਂਗੇ ਤਾਂ ਲੋਕ ਅਕਾਲੀਆਂ ਅਤੇ ਕਾਂਗਰਸ ਵਾਂਗ 'ਆਪ' ਖ਼ਿਲਾਫ਼ ਵੀ ਉਹੀ ਹਾਲ ਕਰਨਗੇ।ਮੈਨੂੰ ਅੱਜ ਵੀ ਕਿਸੇ ਅਹੁਦੇ ਦੀ ਲੋੜ ਨਹੀਂ ਹੈ ,ਕਿਉਂਕਿ ਮੈਂ ਇਸਨੂੰ ਪਹਿਲਾਂ ਹੀ ਛੱਡ ਦਿੱਤਾ ਹੈ।ਮੈਨੂੰ ਪੰਜਾਬ ਦੇ ਲੋਕਾਂ ਲਈ ਵੱਖ-ਵੱਖ ਰੋਡਮੈਪ ਦਿੱਤੇ ਗਏ ਸਨ। ਹੁਣ, ਮੁਲਜ਼ਮ ਬਹਿਬਲ ਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੇ ਕੇਸਾਂ 'ਤੇ ਹਾਵੀ ਹੋ ਗਏ ਹਨ ਕਿ ਨਤੀਜੇ ਵਜੋਂ ਗਵਾਹ ਮੁੱਕਰ ਰਹੇ ਹਨ। ਕੁਝ ਅਹਿਮ ਗਵਾਹਾਂ ਨੇ ਮੇਰੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ, ਜੋ ਕਦੇ ਮੇਰੀ ਜਾਂਚ ਦੀ ਤਾਰੀਫ਼ ਕਰਦੇ ਸਨ।

ਕੁੰਵਰ ਵਿਜੇ ਪ੍ਰਤਾਪ ਪੰਜਾਬ ਪੁਲਿਸ ਦੇ ਸਾਬਕਾ ਆਈ ਜੀ ਹਨ, ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਨੌਕਰੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਉਹ ਪਾਰਟੀ ਟਿਕਟ ਉੱਤੇ ਚੋਣ ਲੜੇ ਅਤੇ ਵਿਧਾਨ ਸਭਾ ਮੈਂਬਰ ਬਣੇ।

ਕੁੰਵਰ ਵਿਜੇ ਪ੍ਰਤਾਪ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਤੋਂ ਬਾਅਦ ਨਿਆਂ ਲਈ ਸੰਘਰਸ਼ ਕਰ ਰਹੇ ਸਿਖਾਂ ਉੱਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਸ਼ਾਮਲ ਰਹੇ ਹਨ।ਉਹ ਮੀਡੀਆ ਵਿੱਚ ਵੀ ਲਗਾਤਾਰ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਰਹੇ ਹਨ। ਅਕਾਲੀ ਦਲ ਸਣੇ ਕਈ ਵਿਰੋਧੀ ਪਾਰਟੀਆਂ ਉਨ੍ਹਾਂ ਉੱਤੇ ਜਾਂਚ ਦੇ ਨਾਂ ਉੱਤੇ ਸਿਆਸਤ ਕਰਨ ਦਾ ਇਲਜ਼ਾਮ ਵੀ ਲਾਉਂਦੀਆਂ ਰਹੀਆਂ ਹਨ।

ਪੰਜਾਬ ਵਿਚ ਅਪਰਾਧ ਵਧੇ

ਪੰਜਾਬ ਵਿੱਚ ਦਿਨੋਂ ਦਿਨੋਂ ਸੰਗਠਿਤ ਅਪਰਾਧ ਦੀਆਂ  ਵਾਪਰ ਰਹੀਆਂ ਘਟਨਾਵਾਂ ਬਾਰੇ ਕਿਹਾ ਕਿ ਸੰਗਠਿਤ ਅਪਰਾਧ ਪੰਜਾਬ ਵਿੱਚ 2000 ਦੇ ਦਹਾਕੇ ਦੌਰਾਨ ਸ਼ੁਰੂ ਹੋਇਆ ਸੀ।ਜਦੋਂ ਵੀ ਪੁਲਿਸ ਦਾ ਦਬਦਬਾ ਰਿਹਾ ਤਾਂ ਸੰਗਠਿਤ ਅਪਰਾਧ ਨੂੰ ਦਬਾਇਆ ਗਿਆ। ਪਰ ਇੱਕ ਵਾਰ ਪੁਲਿਸ ਦੀ ਪਕੜ ਢਿੱਲੀ ਹੋ ਗਈ ਤਾਂ ਮਾਫੀਆ ਅਤੇ ਗੈਂਗਸਟਰਾਂ ਵਲੋਂ ਕੀਤੇ ਜਾਣ ਵਾਲੇ ਅਪਰਾਧ ਵਧ ਗਏ।ਇਹ ਸਭ ਪੁਲਿਸ 'ਤੇ ਨਿਰਭਰ ਕਰਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਜਦੋਂ ਇੱਕ ਗੈਂਗਸਟਰ ਨੇ ਜੇਲ੍ਹ ਵਿੱਚੋਂ ਇੰਟਰਵਿਊ ਦਿੱਤੀ ਤਾਂ ਪੰਜਾਬ ਦੇ ਡੀਜੀਪੀ ਨੇ ਉਸ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਜੇਲ੍ਹ ਵਿੱਚੋਂ ਨਹੀਂ ਦਿੱਤੀ ਗਈ।ਹਾਲਾਂਕਿ, ਡੀਜੀਪੀ ਦਾ ਫਰਜ਼ ਸੀ ਕਿ ਉਹ ਐੱਫ਼ਆਈਆਰ ਦਰਜ ਕਰਕੇ ਇਸਦੀ ਜਾਂਚ ਕਰਦੇ।ਪਰ ਉਹ ਟਾਲਮਟੋਲ ਕਰਦੇ ਰਹੇ।ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲਿਸ ਕਮਜ਼ੋਰ ਹੁੰਦੀ ਹੈ ਤਾਂ ਇਹ ਗੈਂਗਸਟਰਾਂ ਦਾ ਮਨੋਬਲ ਵਧਦਾ ਹੈ।ਉਨ੍ਹਾਂ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਸਪੱਸ਼ਟ ਕਿਹਾ ਕਿ ਕਾਰਜਕਾਰੀ ਡੀਜੀਪੀ ਨਹੀਂ ਹੋਣਾ ਚਾਹੀਦਾ।

ਮੇਰੇ ਫੋਨ ਟੇਪ ਹੋਏ-ਕੰਵਰ

ਕੰਵਰ ਨੇ ਕਿਹਾ ਕਿ ਮੇਰੇ ਅਜ਼ਾਦ ਵਿਚਾਰਾਂ ਕਾਰਣ ਪੰਜਾਬ ਇੰਟੈਲੀਜੈਂਸ ਵਲੋਂ ਮੇਰਾ ਤੇ ਮੇਰੇ ਸਾਥੀਆਂ ਦਾ ਫ਼ੋਨ ਟੈਪ ਕੀਤਾ ਗਿਆ ਸੀ ਤਾਂ ਮੈਂ ਇਹ ਮਾਮਲਾ ਤਤਕਾਲੀ ਏਡੀਜੀਪੀ ਇੰਟੈਲੀਜੈਂਸ ਜਤਿੰਦਰ ਸਿੰਘ ਔਲਖ ਕੋਲ ਉਠਾਇਆ ਸੀ ਅਤੇ ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋ।ਫੋਨ ਟੈਪਿੰਗ ਦੇ ਅਧਿਕਾਰ ਦੀ ਵਰਤੋਂ ਗੈਂਗਸਟਰ, ਭ੍ਰਿਸ਼ਟ ਤੇ ਦੇਸ਼ ਧ੍ਰੋਹੀਆਂ 'ਤੇ ਹੋ ਸਕਦੀ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਹੈ ਕਿ ਤੁਸੀਂ ਮੈਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਮੈਂ ਇਹ ਮਾਮਲਾ ਪੰਜਾਬ ਦੇ ਡੀਜੀਪੀ ਕੋਲ ਵੀ ਉਠਾਇਆ ਸੀ।

ਮੈਂ ਰਾਘਵ ਚੱਢਾ ਨੂੰ ਵੀ ਕਿਹਾ ਸੀ ਕਿ ਅਜਿਹਾ ਕਿਉਂ ਹੋ ਰਿਹਾ ਏ ?ਬਾਅਦ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ ।