ਯੂਕੇ ਦੀ ਅਖਬਾਰ ‘ਦ ਗਾਰਡੀਅਨ ਨੇ ਭਾਰਤ ‘ਤੇ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਲੈਕੇ  ਦੋਸ਼ ਲਗਾਏ

ਯੂਕੇ ਦੀ ਅਖਬਾਰ ‘ਦ ਗਾਰਡੀਅਨ ਨੇ ਭਾਰਤ ‘ਤੇ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਲੈਕੇ  ਦੋਸ਼ ਲਗਾਏ

* ਪਾਕਿ ਵਿੱਚ ਹੁਣ ਤੱਕ 20 ਟਾਰਗੇਟ ਕਿਲਿੰਗ ਹੋ ਚੁੱਕੀਆਂ ਨੇ 

* ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਟਾਰਗੇਟ ਕਿਲਿੰਗ ਕਰਨਾ ਭਾਰਤ ਦੀ ਵਿਦੇਸ਼ ਨੀਤੀ ਨਹੀਂ

ਬ੍ਰਿਟੇਨ ਦੇ ਮਸ਼ਹੂਰ ਅਖਬਾਰ ‘ਦ ਗਾਰਡੀਅਨ ਨੇ ਆਪਣੀ ਇੱਕ ਰਿਪੋਰਟ ਵਿੱਚ ਭਾਰਤ ‘ਤੇ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ ਹਨ ।ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖੁਫੀਆ ਏਜੰਸੀਆਂ ਦੇ ਕਰਮਚਾਰੀਆਂ ਨੇ ਪਾਕਿਸਤਾਨ ਵਿਚ ਕਥਿਤ ਕਾਰਵਾਈਆਂ 'ਤੇ ਚਰਚਾ ਕੀਤੀ ਹੈ। ਪਾਕਿਸਤਾਨੀ ਏਜੰਸੀਆਂ ਨੇ ਇਨ੍ਹਾਂ ਕਤਲਾਂ ਵਿੱਚ ਰਾਅ ਦੀ ਸਿੱਧੀ ਸ਼ਮੂਲੀਅਤ ਬਾਰੇ ਵੱਡੇ ਦਸਤਾਵੇਜ਼ਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਦੋਸ਼ਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਭਾਰਤੀ ਵਿਦੇਸ਼ੀ ਕਾਰਵਾਈਆਂ ਦੇ ਹਿੱਸੇ ਵਜੋਂ ਖਾਲਿਸਤਾਨ ਲਹਿਰ ਦੇ ਸਿੱਖ ਵੱਖਵਾਦੀਆਂ ਨੂੰ ਪਾਕਿਸਤਾਨ ਅਤੇ ਪੱਛਮੀ ਦੇਸ਼ਾਂ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ।

ਇਸ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਟਾਰਗੇਟ ਕਿਲਿੰਗ ਕਰਨਾ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ । ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਇਲਜ਼ਾਮ ਝੂਠੇ ਹਨ ਭਾਰਤ ਦੇ ਖਿਲਾਫ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਹੈ । 

ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਜਵੜ ਦਾ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ । ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਅਖਬਾਰ ਟਾਰਗੇਟ ਕਿਲਿੰਗ ਦਾ ਸ਼ੱਕ ਜਤਾ ਚੁੱਕਾ ਸੀ । ਬ੍ਰਿਟੇਨ ਦੀ ਐਮ ਪੀ ਪ੍ਰੀਤ ਕੌਰ ਗਿੱਲ ਨੇ ਵੀ ਪਾਰਲੀਮੈਂਟ ਵਿੱਚ ਭਾਰਤੀ ਏਜੰਸੀ ਵੱਲੋਂ ਸਿੱਖਾਂ ਨੂੰ ਟਾਰਗੇਟ ਬਣਾਉਣ ਦਾ ਇਲਜ਼ਾਮ ਲਗਾਇਆ ਸੀ । ਸਿਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ਵਿੱਚ ਵੀ ਭਾਰਤੀ ਏਜੰਸੀ ਦਾ ਨਾਂ ਸਾਹਮਣੇ ਆਇਆ ਸੀ ਜਿਸ ਦੀ ਜਾਂਚ ਅਮਰੀਕਾ ਅਤੇ ਭਾਰਤ ਮਿਲ ਕੇ ਕਰ ਰਹੇ ਹਨ ।

ਉਧਰ ‘ਦ ਗਾਰਡੀਅਨ ਨੇ ਆਪਣੀ ਰਿਪਰੋਟ ਵਿੱਚ ਲਿਖਿਆ ਹੈ ਕਿ ਦੋ ਭਾਰਤੀ ਖੁਫੀਆ ਅਫਸਰਾਂ ਦੇ ਅਨੁਸਾਰ, ਜਾਸੂਸੀ ਏਜੰਸੀ ਦਾ ਵਿਦੇਸ਼ਾਂ ਵਿੱਚ ਭਾਰਤ ਵਿਰੋਧੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਤਬਦੀਲੀ 2019 ਵਿੱਚ ਪੁਲਵਾਮਾ ਹਮਲੇ ਤੋਂ ਸ਼ੁਰੂ ਹੋਈ ਸੀ, ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਵਿੱਚ ਇੱਕ ਫੌਜੀ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਅਰਧ ਸੈਨਿਕ ਬਲਾਂ ਦੇ 40 ਜਵਾਨ ਮਾਰੇ ਗਏ ਸਨ। ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਮੋਦੀ ਉਸ ਸਮੇਂ ਦੂਜੇ ਕਾਰਜਕਾਲ ਲਈ ਚੋਣ ਲੜ ਰਹੇ ਸਨ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਸੱਤਾ ਵਿਚ ਵਾਪਸ ਲਿਆਂਦਾ ਗਿਆ ਸੀ।

ਇੱਕ ਭਾਰਤੀ ਖੁਫੀਆ ਆਪਰੇਟਿਵ ਨੇ ਕਿਹਾ, "ਪੁਲਵਾਮਾ ਤੋਂ ਬਾਅਦ, ਦੇਸ਼ ਤੋਂ ਬਾਹਰ ਦੇ ਹਿੰਸਕ ਤੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚ ਬਦਲ ਗਈ ਹੈ ਜੋ ਭਾਰਤ ਵਿਚ ਹਿੰਸਾ ਫੈਲਾ ਰਹੇ ਸਨ।

 ਅਸੀਂ ਹਮਲਿਆਂ ਨੂੰ ਰੋਕ ਨਹੀਂ ਸਕੇ ਕਿਉਂਕਿ ਆਖਰਕਾਰ ਉਨ੍ਹਾਂ ਦੇ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਵਿੱਚ ਸਨ, ਇਸ ਲਈ ਸਾਨੂੰ ਸਰੋਤ ਤੱਕ ਜਾਣਾ ਪਿਆ।ਉਨ੍ਹਾਂ ਕਿਹਾ ਕਿ ਅਜਿਹੇ ਅਪਰੇਸ਼ਨਾਂ ਨੂੰ ਚਲਾਉਣ ਲਈ "ਸਰਕਾਰ ਦੇ ਉੱਚ ਪੱਧਰ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ।

ਭਾਰਤੀ ਖੁਫੀਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਵੱਲੋਂ ਆਪਣੇ ਦੇਸ਼ਾਂ ਵਿੱਚ ਟਾਰਗੇਟ ਕਿਲਿੰਗ ਦੇ ਮਾਮਲਿਆਂ ਨੂੰ ਜਨਤਕ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਬੰਦ ਕਰਨ ਦਾ ਹੁਕਮ ਆਇਆ ਹੈ । ਇਸ ਸਾਲ ਹੁਣ ਤੱਕ ਕਿਸੇ ਵੀ ਸ਼ੱਕੀ ਦਾ ਕਤਲ ਨਹੀਂ ਹੋਇਆ । 2 ਭਾਰਤੀ ਖੁਫੀਆ ਅਫਸਰਾਂ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਕੈਨੇਡਾ,ਅਮਰੀਕਾ ਅਤੇ ਬ੍ਰਿਟੇਨ ਵਿੱਚ ਬੈਠੇ ਖਾਲਿਸਤਾਨ ਪੱਖੀ ਲੋਕ ਇਸ ਨੂੰ ਭੜਕਾ ਸਕਦੇ ਹਨ । ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਦੀ ਕਈ ਥਾਵਾਂ ‘ਤੇ ਪਿਛਲੇ ਕੁਝ ਮਹੀਨਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ,ਪਰ ਕੈਨੇਡਾ ਤੋਂ ਸਾਰੀਆਂ ਚੀਜ਼ਾਂ ਕੰਟਰੋਲ ਹੋ ਰਹੀਆਂ ਹਨ।

ਬ੍ਰਿਟਿਸ਼ ਅਖਬਾਰ ਨੇ ਆਪਣੀ ਖਬਰ ਵਿੱਚ ਲਿਖਿਆ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਖੁਫੀਆ ਆਪਰੇਟਰਾਂ ਨੇ ‘ਦ ਗਾਰਡੀਅਨ ਨੂੰ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ੀ ਧਰਤੀ ‘ਤੇ ਰਹਿਣ ਵਾਲੇ ਖਾੜਕੂਆਂ ਨੂੰ ਖਤਮ ਕਰਨ ਦੀ ਰਣਨੀਤੀ ਦੇ ਤਹਿਤ ਪਾਕਿਸਤਾਨ ਵਿੱਚ ਕਈ ਲੋਕਾਂ ਦਾ ਕਤਲ ਕਰਵਾਇਆ ਹੈ । ਅਖਬਾਰ ਨੂੰ ਮਿਲੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ 2019 ਵਿੱਚ ਰਾਅ ਦੇ ਜ਼ਰੀਏ ਕਤਲ ਕਰਵਾਉਣੇ ਸ਼ੁਰੂ ਕੀਤੇ ਸਨ । ਭਾਰਤ ਦੀ ਖੁਫੀਆ ਏਜੰਸੀ ਰਾਅ ਸਿੱਧਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਕੰਟਰੋਲ ਕੀਤੀ ਜਾਂਦੀ ਹੈ । ਪਾਕਿਸਤਾਨ ਵਿੱਚ ਹੁਣ ਤੱਕ 20 ਟਾਰਗੇਟ ਕਿਲਿੰਗ ਹੋ ਚੁੱਕੀਆਂ ਹਨ। ਇੰਨਾਂ ਵਿੱਚੋ 7 ਮਾਮਲਿਆਂ ਦੇ ਦਸਤਾਵੇਜ਼ੀ ਸਬੂਤ ਪਾਕਿਸਤਾਨ ਨੇ ਸ਼ੇਅਰ ਕੀਤੇ ਹਨ । ਇਸ ਵਿੱਚ ਕਤਲ ਕਰਨ ਵਾਲਿਆਂ ਦਾ ਗ੍ਰਿਫਤਾਰੀ ਰਿਕਾਰਡ,ਫਾਇਨਾਸ਼ੀਅਲ ਸਟੇਟਮੈਂਟ,ਵਟਸਐਪ ਮੈਸੇਜ ਅਤੇ ਪਾਸਪੋਰਟ ਸ਼ਾਮਲ ਹਨ । ਪਾਕਿਸਤਾਨ ਜਾਂਚ ਕਰਤਾਵਾਂ ਦਾ ਦਾਅਵਾ ਕਿ ਇੰਨਾਂ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨੀ ਧਰਤੀ ‘ਤੇ ਕੀਤੀ ਗਈ ਟਾਰਗੇਟ ਕਿਲਿੰਗ ਵਿੱਚ ਭਾਰਤੀ ਜਸੂਸਾਂ ਦਾ ਹੱਥ ਹੈ । ਹਾਲਾਂਕਿ ‘ਦ ਗਾਰਜੀਅਨ ਨੇ ਇੰਨਾਂ ਦਸਤਾਵੇਜ਼ਾਂ ਨੂੰ ਵੈਰੀਫਾਈ ਨਹੀਂ ਕੀਤਾ ਹੈ ।

ਪਾਕਿਸਤਾਨੀ ਜਾਂਚਕਰਤਾਵਾਂ ਦੇ ਅਨੁਸਾਰ, ਇਹ ਹੱਤਿਆਵਾਂ ਜ਼ਿਆਦਾਤਰ ਸੰਯੁਕਤ ਅਰਬ ਅਮੀਰਾਤ ਤੋਂ ਸੰਚਾਲਿਤ ਭਾਰਤੀ ਖੁਫੀਆ ਸਲੀਪਰ ਸੈੱਲਾਂ ਦੁਆਰਾ ਕੀਤੀਆਂ ਗਈਆਂ ਸਨ। 2023 ਵਿੱਚ ਕਤਲਾਂ ਨੂੰ ਅੰਜਾਮ ਦੇਣ ਲਈ ਸਥਾਨਕ ਅਪਰਾਧੀਆਂ ਨੂੰ ਲੱਖਾਂ ਰੁਪਏ ਦੇਣ ਦੇ ਦੋਸ਼ ਹਨ।2023 ਵਿੱਚ ਕਤਲ ਦੇ ਮਾਮਲੇ ਕਾਫੀ ਵਧੇ ਸਨ ,ਕਿਉਂਕਿ ਕਤਲ ਨੂੰ ਅੰਜਾਮ ਪਾਕਿਸਤਾਨ ਵਿੱਚ ਰਾਅ ਦੇ ਜ਼ਰੀਏ ਦਿੱਤਾ ਗਿਆ ਸੀ। 2023 ਵਿੱਚ 15 ਕਥਿਤ ਖਾੜਕੂਆਂ ਦਾ ਕਤਲ ਕਰਵਾਇਆ ਗਿਆ ਸੀ ।ਅਖਬਾਰ ਅਨੁਸਾਰ ਭਾਰਤੀ ਏਜੰਟਾਂ ਨੇ ਕਥਿਤ ਤੌਰ 'ਤੇ ਜੇਹਾਦੀਆਂ ਨੂੰ ਗੋਲੀਬਾਰੀ ਕਰਨ ਲਈ ਭਰਤੀ ਕੀਤਾ, ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ 'ਕਾਫ਼ਰ' ਨੂੰ ਮਾਰ ਰਹੇ ਹਨ। ਪਾਕਿਸਤਾਨ ਦੁਆਰਾ ਇਕੱਠੇ ਕੀਤੇ ਸਬੂਤਾਂ ਦੇ ਅਨੁਸਾਰ, ਯੂਏਈ ਦੇ ਬਾਹਰ ਨਿਯਮਿਤ ਤੌਰ 'ਤੇ ਹੱਤਿਆਵਾਂ ਕੀਤੀਆਂ ਜਾਂਦੀਆਂ ਸਨ, ਜਿੱਥੇ ਰਾਅ ਨੇ ਸਲੀਪਰ ਸੈੱਲ ਸਥਾਪਤ ਕੀਤੇ ਸਨ ਜੋ ਵੱਖ-ਵੱਖ ਤੌਰ 'ਤੇ ਕਾਰਵਾਈ ਦੇ ਵੱਖ-ਵੱਖ ਹਿੱਸਿਆਂ ਨੂੰ ਸੰਗਠਿਤ ਕਰਦੇ ਸਨ ਅਤੇ ਕਾਤਲਾਂ ਦੀ ਭਰਤੀ ਕਰਦੇ ਸਨ।

ਲੱਖਾਂ ਰੁਪਏ ਦਾ ਭੁਗਤਾਨ 

ਰਿਪੋਰਟ ਦੇ ਅਨੁਸਾਰ, ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਅਪਰਾਧੀਆਂ ਜਾਂ ਗਰੀਬ ਸਥਾਨਕ ਲੋਕਾਂ ਨੂੰ ਅਕਸਰ ਕਤਲ ਕਰਨ ਲਈ ਲੱਖਾਂ ਰੁਪਏ ਦਿੱਤੇ ਜਾਂਦੇ ਸਨ। ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾਤਰ ਭੁਗਤਾਨ ਦੁਬਈ ਰਾਹੀਂ ਕੀਤੇ ਗਏ ਸਨ। ਨੇਪਾਲ, ਮਾਲਦੀਵ ਅਤੇ ਮਾਰੀਸ਼ਸ ਵਿੱਚ ਕਤਲਾਂ ਦੀ ਨਿਗਰਾਨੀ ਕਰਨ ਵਾਲੇ ਰਾਅ ਦੇ ਕਾਰਕੁਨਾਂ ਦੀਆਂ ਮੀਟਿੰਗਾਂ ਵੀ ਹੋਈਆਂ।

ਪੀਐਮਓ ਦੇ ਕੰਟਰੋਲ ਹੇਠ ਰਾਅ

‘ਦ ਗਾਰਡੀਅਨ ਨੇ ਲਿਖਿਆ ਹੈ ਕਿ ਭਾਰਤੀ ਖੁਫੀਆ ਆਪਰੇਟਰ ਨੇ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਆਪਰੇਸ਼ਨ ਨੂੰ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ । ਭਾਰਤ ਨੂੰ ਅਜਿਹਾ ਕਰਨ ਦੇ ਲਈ ਇਜ਼ਰਾਈਲ ਖੁਫੀਆ ਏਜੰਸੀ ਮੋਸਾਦ ਅਤੇ ਰੂਸੀ ਖੁਫੀਆ ਏਜੰਸੀ ਕੇਜੀਬੀ ਤੋਂ ਪ੍ਰੇਰਣਾ ਮਿਲੀ ਹੈ । ਦੋਵਾਂ ਏਜੰਸੀਆਂ ਨੂੰ ਵਿਦੇਸ਼ੀ ਧਰਤੀ ‘ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਾਣਿਆ ਜਾਂਦਾ ਹੈ ।ਦਾਅਵਾ ਕੀਤਾ ਗਿਆ ਸੀ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਸਿੱਧਾ ਕੰਟਰੋਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਦੁਆਰਾ ਕੀਤਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਖੁਫੀਆ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਇੰਟਰਵਿਊਆਂ ਅਤੇ ਜਾਣਕਾਰੀਆਂ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਦਲੇਰਾਨਾ ਪਹੁੰਚ ਦੇ ਹਿੱਸੇ ਵਜੋਂ 2019 ਤੋਂ ਬਾਅਦ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਹੱਤਿਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।