ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਨੇ ਜਾਰਜੀਆ ਤੋਂ ਇਲੀਨੋਇਸ ਤੱਕ ਮਚਾਈ ਭਾਰੀ ਤਬਾਹੀ

ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਨੇ ਜਾਰਜੀਆ ਤੋਂ ਇਲੀਨੋਇਸ ਤੱਕ ਮਚਾਈ ਭਾਰੀ ਤਬਾਹੀ

* ਘਰਾਂ ਤੇ ਹੋਰ ਇਮਾਰਤਾਂ ਨੂੰ ਪੁੱਜਾ ਭਾਰੀ ਨੁਕਸਾਨ-ਇਕ ਮੌਤ ਤੇ ਕਈ ਜਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ 


ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਤੂਫਾਨ ਜਾਰਜੀਆ ਤੋਂ
ਇਲੀਨੋਇਸ ਤੱਕ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਸ਼ੱਕਤੀਸ਼ਾਲੀ ਤੂਫਾਨ ਨੇ ਦੱਖਣ ਤੋਂ ਉਹੀਓ ਵੈਲੀ ਤੱਕ ਭਾਰੀ ਨੁਕਸਾਨ ਕੀਤਾ ਹੈ
ਜਿਸ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੇ ਮਾਰੇ ਜਾਣ ਤੇ ਅਨੇਕਾਂ ਹੋਰਨਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਅਨੇਕਾਂ ਘਰ ਤੇ ਹੋਰ ਇਮਾਰਤਾਂ ਨੂੰ
ਨੁਕਸਾਨ ਪੁੱਜਾ ਹੈ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਖਤਰਨਾਕ ਤੂਫਾਨ ਕਾਰਨ ਕੈਂਟੁਕੀ ਵਿਚ ਘੱਟੋ ਘੱਟ ਇਕ ਵਿਅਕਤੀ ਮਾਰਿਆ ਗਿਆ
ਹੈ। ਗਵਰਨਰ ਨੇ ਲੈਕਸਿੰਗਟਨ ਖੇਤਰ ਵਿਚ ਤੂਫਾਨ ਕਾਰਨ ਪੁੱਜੇ ਨੁਕਸਾਨ ਦੇ ਮੱਦੇਨਜਰ ਰਾਜ ਭਰ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ।
ਤੂਫਾਨ ਕਾਰਨ ਲੋਇਸਵਿਲੇ ਦੇ ਉੱਤਰ ਵਿਚ ਜੈਫਰਸਨਵਿਲੇ, ਇੰਡਿਆਨਾ ਵਿਚ ਘੱਟੋ ਘੱਟ 10 ਵਿਅਕਤੀ ਜਖਮੀ ਹੋਏ ਹਨ। ਇਹ ਜਾਣਕਾਰੀ ਸ਼ਹਿਰ
ਦੇ ਮੇਅਰ ਨੇ ਦਿੱਤੀ ਹੈ। ਘਰਾਂ ਦੀਆਂ ਛੱਤਾਂ ਉੱਡ ਗਈਆਂ ਹਨ ਤੇ ਮਲਬਾ ਦੂਰ ਤੱਕ ਫੈਲ ਗਿਆ ਹੈ। ਗਵਰਨਰ ਜਿਮ ਜਸਟਿਸ ਅਨੁਸਾਰ ਪੂਰੇ ਪੱਛਮੀ
ਵਰਜੀਨੀਆ ਵਿਚ ਮੀਂਹ ਕਾਰਨ ਹਾਲਾਤ ਹੜ ਵਰਗੇ ਬਣ ਗਏ ਹਨ। ਦਰਖਤ ਡਿੱਗੇ ਪਏ ਹਨ ਤੇ ਬਿਜਲੀ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਸੜਕਾਂ
ਜਾਮ ਹੋ ਗਈਆਂ ਹਨ। ਗਵਰਨਰ ਨੇ ਫੇਏਟੀ, ਕਾਨਾਵਹਾ, ਲਿਨਕੋਲਨ ਤੇ ਨਿਕੋਲਸ ਕਾਊਂਟੀਆਂ ਵਿਚ ਹੰਗਾਮੀ ਹਾਲਤ ਦਾ ਐਲਾਨ ਕੀਤਾ ਹੈ।
ਐਮਰਜੈਂਸੀ ਦਫਤਰ ਦੇ ਮੈਨਜਮੈਂਟ ਡਾਇਰੈਕਟਰ ਕੈਵਿਨ ਵਾਲਕਰ ਅਨੁਸਾਰ ਫੇਏਟੀ ਕਾਊਂਟੀ ਪੱਛਮੀ ਵਰਜੀਨੀਆ ਵਿਚ ਘੱਟੋ ਘੱਟ 13 ਘਰਾਂ ਨੂੰ
ਨੁਕਸਾਨ ਪੁੱਜਾ ਹੈ ਤੇ ਕੁਝ ਲੋਕ ਜਖਮੀ ਵੀ ਹੋਏ ਹਨ। ਉਨਾਂ ਕਿਹਾ ਕਿ ਕੁਝ ਘਰਾਂ ਨੂੰ ਬਹੁਤ ਜਿਆਦਾ ਨੁਕਸਾਨ ਪੁੱਜਾ ਹੈ।
ਕੈਪਸ਼ਨ ਬਕਨਰ, ਕੈਂਟੁਕੀ ਵਿਚ ਤੂਫਾਨ ਕਾਰਨ ਘਰਾਂ ਦੇ ਹੋਏ ਨੁਕਸਾਨ ਦਾ ਦ੍ਰਿਸ਼ ਤੇ ਮੌਕੇ 'ਤੇ ਪੁੱਜੇ ਰਾਹਤ ਕਾਮੇ