ਐਫਬੀਆਈ ਨੇ ਅਮਰੀਕਾ 'ਚ ਭਾਰਤੀ ਕੌਂਸਲੇਟ ਨੂੰ ਲੱਗੀ ਅੱਗ ਦੀ ਜਾਂਚ ਸ਼ੁਰੂ ਕੀਤੀ

ਐਫਬੀਆਈ  ਨੇ ਅਮਰੀਕਾ 'ਚ ਭਾਰਤੀ ਕੌਂਸਲੇਟ ਨੂੰ ਲੱਗੀ ਅੱਗ ਦੀ ਜਾਂਚ ਸ਼ੁਰੂ ਕੀਤੀ

ਭਾਰਤੀ ਮੀਡੀਆ ਨੇ ਸਬੂਤਾਂ ਬਿਨਾਂ ਖਾਲਿਸਤਾਨੀਆਂ ਉਪਰ ਲਗਾਏ ਦੋਸ਼

*ਅਮਰੀਕਾ ਵਲੋਂ ਹਮਲੇ ਦੀ ਸਖ਼ਤ ਨਿੰਦਾ ਕੀਤੀ, ਤੋੜਫੋੜ ਨੂੰ 'ਅਪਰਾਧ' ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ: ਅਮਰੀਕਾ ਨੇ ਬੀਤੇ ਮੰਗਲਵਾਰ ਨੂੰ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਾਵਾਸ ਉੱਤੇ ਹਮਲੇ ਅਤੇ ਸਾੜ ਫੂਕ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤੀ ਮੀਡੀਆ ਨੇ ਦੋਸ਼ ਲਗਾਏ ਕਿ ਖਾਲਿਸਤਾਨੀਆਂ  ਨੇ 1:30 ਤੋਂ 2:30 ਵਜੇ ਦਰਮਿਆਨ ਭਾਰਤੀ ਕੌਂਸਲੇਟ ਨੂੰ ਅੱਗ ਲਗਾ ਦਿੱਤੀ। ਜਦ ਕਿ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਦੁਆਰਾ ਇਸ ਨੂੰ ਜਲਦੀ ਹੀ ਬੁਝਾ ਦਿੱਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਨ ਫ੍ਰਾਂਸਿਸਕੋ ਦੇ ਫਾਇਰ ਅਧਿਕਾਰੀਆਂ ਦੇ ਅਨੁਸਾਰ ਫੁਟਪਾਥ ਉਪਰ ਪਏ ਮਲਬੇ ਨੂੰ ਅੱਗ ਲੱਗਣ ਕਾਰਣ ਭਾਰਤੀ ਵਣਜ ਦੂਤਾਵਾਸ ਦੇ ਪ੍ਰਵੇਸ਼ ਦਰਵਾਜ਼ੇ  ਨੂੰ ਥੋੜਾ ਨੁਕਸਾਨ ਪੁਜਾ ਹੈ ਅਤੇ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ । 
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕੀਤਾ, 'ਅਮਰੀਕਾ ਸਾਨ ਫਰਾਂਸਿਸਕੋ ਸਥਿਤ ਭਾਰਤੀ  ਦੂਤਘਰ  ਦੀ ਭੰਨਤੋੜ ਅਤੇ ਸਾੜ ਫੂਕ ਸੰਬੰਧੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਅਮਰੀਕਾ ਵਿੱਚ ਕੂਟਨੀਤਕ ਸੰਸਥਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਵਿਰੁੱਧ ਭੰਨਤੋੜ ਜਾਂ ਹਿੰਸਾ ਇੱਕ ਅਪਰਾਧ ਹੈ। ਹਾਲਾਂਕਿ ਕਿ ਇਸ ਬਾਰੇ ਖਾਲਿਸਤਾਨੀ ਧਿਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਨਾ ਹੀ ਅਮਰੀਕਾ ਸਰਕਾਰ ਨੇ ਕਿਸੇ ਧਿਰ ਨੂੰ ਦੋਸ਼ੀ ਠਹਿਰਾਇਆ ਹੈ।ਫਿਲਹਾਲ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।