ਦਸਵੀਂ ਪਾਤਸ਼ਾਹੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ

ਦਸਵੀਂ ਪਾਤਸ਼ਾਹੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਸ਼ਾਲ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 14 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸ਼ਾਹ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਸਵੇਰੇ ਪਹਿਲਾਂ ਅਰਦਾਸ ਹੋਈ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤੇ ਗਏ। ਪਾਲਕੀ ਸਾਹਿਬ ਦੇ ਅੱਗੇ ਪੰਜ ਪਿਆਰੇ ਚਲ ਰਹੇ ਸਨ ਤੇ ਪਿੱਛੇ ਸਾਰੀ ਸੰਗਤ ਨੇ ਨਗਰ ਕੀਰਤਨ ਦਾ ਹਿੱਸਾ ਬਣ ਕੇ ਗੁਰੂ ਦੀਆਂ ਆਸੀਸਾਂ ਲਈਆਂ।

ਇਹ ਨਗਰ ਕੀਰਤਨ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਚਲ ਕੇ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਮੇਸ਼ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ, ਜੇਲ੍ਹ ਰੋਡ ਹੁੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਏ ਬਲਾਕ ਫਤਿਹ ਨਗਰ ਵਿਖੇ ਸੰਪੰਨ ਹੋਇਆ।

ਕੜਾਕੇ ਦੀ ਠੰਢ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਰਸਤੇ ਵਿਚ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਵੀ ਹੋਈਆਂ ਤੇ ਨਗਰ ਕੀਰਤਨ ਦਾ ਹਿੱਸਾ ਵੀ ਬਣੀਆਂ।

ਨਗਰ ਕੀਰਤਨ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਗੱਤਕਾ ਪਾਰਟੀਆਂ ਤੇ ਗੁਰੂ ਕੀ ਲਾਡੀਆਂ ਫੌਜਾਂ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਦੇ ਨਾਲ-ਨਾਲ ਵੱਖ-ਵੱਖ ਬੈਂਡ ਗਰੁੱਪ ਤੇ ਹੋਰ ਟੀਮਾਂ ਵੀ ਨਗਰ ਕੀਰਤਨ ਵਿਚ ਗੁਰੂ ਜਸ ਗਾਇਨ ਕਰਦੀਆਂ ਹੋਈਆਂ ਚੱਲੀਆਂ।

ਸਾਰੇ ਰਸਤੇ ਵਿਚ ਥਾਂ-ਥਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਚਾਹ, ਬਰੈਡ ਪਕੌੜੇ, ਪ੍ਰਸਾਦੇ, ਸਬਜ਼ੀਆਂ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਨਾਲ ਸੇਵਾ ਕੀਤੀ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਮੁੱਚੀ ਸੰਗਤ ਵੱਲੋਂ ਇੰਨੀ ਠੰਢ ਹੋਣ ਦੇ ਬਾਵਜੂਦ ਨਗਰ ਕੀਰਤਨ ਲਈ ਵਿਖਾਏ ਉਤਸ਼ਾਹ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਵਾਰ ਕੇ ਆਖਿਆ ਸੀ ਕਿ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ਪਰ ਇਹ ਸਿੱਖਾਂ ਦੀ ਗਿਣਤੀ ਹਜ਼ਾਰਾਂ ਵਿਚ ਨਹੀਂ ਬਲਕਿ ਕਰੋੜਾਂ ਵਿਚ ਹੈ ਤੇ ਸਾਰੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਸਿੱਖ ਸੰਗਤਾਂ ਵਸ ਰਹੀਆਂ ਹਨ ਜੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਰਬੱਤ ਦੇ ਭਲੇ ਵਾਸਤੇ ਕੰਮ ਕਰਦੀਆਂ ਹਨ। ਅੱਜ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਸਿੱਖ ਕੌਮ ਨੂੰ ਦੁਨੀਆਂ ਦੀ ਅਜਿਹੀ ਇਕਲੌਤੀ ਕੌਮ ਹੋਣ ਦਾ ਮਾਣ ਹਾਸਲ ਹੋਇਆ ਹੈ ਜਿਸਨੇ ਪੂਰੀ ਦੁਨੀਆਂ ਵਿਚ ਲੰਗਰ ਸੇਵਾ ਤੇ ਮਨੁੱਖਤਾ ਦੀ ਸੇਵਾ ਨਾਲ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਜਿਸ ਲਈ ਸਮੁੱਚੀ ਕੌਮ ਵਧਾਈ ਦੀ ਪਾਤਰ ਹੈ। ਉਹਨਾਂ ਕਿਹਾ ਕਿ ਦੁਨੀਆਂ ਦੀ ਸਭ ਤੋਂ ਮਿਹਨਤੀ ਕੌਮ ਹੋਣ ਦਾ ਮਾਣ ਵੀ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਝੋਲੀ ਪਾਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ, ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।