ਅਮਰੀਕਾ ਦੇ ਫਲੋਰਿਡਾ ਰਾਜ ਵਿਚ ਲਾਪਤਾ ਔਰਤ ਦੀ ਲਾਸ਼ ਇਕ ਗੁਦਾਮ ਵਿਚੋਂ ਮਿਲੀ

ਅਮਰੀਕਾ ਦੇ ਫਲੋਰਿਡਾ ਰਾਜ ਵਿਚ ਲਾਪਤਾ ਔਰਤ ਦੀ ਲਾਸ਼ ਇਕ ਗੁਦਾਮ ਵਿਚੋਂ ਮਿਲੀ

* ਪੁਲਿਸ ਨੇ ਮੁੱਖ ਸ਼ੱਕੀ ਦੋਸ਼ੀ ਵਜੋਂ ਪਤੀ ਨੂੰ ਕੀਤਾ ਨਾਮਜ਼ਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਪਿਛਲੇ ਦਿਨਾਂ ਤੋਂ ਲਾਪਤਾ ਔਰਤ ਜਿਸ ਦੀ ਪੁਲਿਸ ਭਾਲ ਕਰ ਰਹੀ ਸੀ, ਦੀ ਲਾਸ਼ ਇਕ ਗੁਦਾਮ ਵਿਚੋਂ ਮਿਲਣ ਦੀ ਖਬਰ ਹੈ ਜੋ ਗੁਦਾਮ ਉਸ ਦੇ ਪਤੀ ਦੇ ਨਾਂ 'ਤੇ ਹੈ ਜੋ ਉਸ ਨਾਲ ਕਿਸੇ ਗੱਲ ਨੂੰ ਲੈ ਕੇ ਨਰਾਜ ਸੀ। ਪਰਿਵਾਰ ਨੇ ਸ਼ਾਕੀਰਾ ਯੋਨੇ ਰਕਰ ਦੇ ਲਾਪਤਾ ਹੋਣ ਦੀ ਰਿਪੋਰਟ ਵਿੰਟਰ ਸਪਰਿੰਗਜ ਪੁਲਿਸ ਵਿਭਾਗ ਕੋਲ ਲਿਖਵਾਈ ਸੀ ਜਿਸ ਵਿਚ ਪਰਿਵਾਰ ਨੇ ਕਿਹਾ ਸੀ  ਕਿ ਉਨਾਂ ਨੇ ਸ਼ਾਕੀਰਾ ਨੂੰ ਆਖਰੀ ਵਾਰ 11 ਨਵੰਬਰ ਨੂੰ ਵੇਖਿਆ ਸੀ। 

ਉਸ ਦਿਨ ਉਹ ਆਪਣੇ ਪਤੀ ਕੋਰੀ ਹਿੱਲ ਨਾਲ 7.30 ਵਜੇ ਸ਼ਾਮ ਦੇ ਆਸਪਾਸ ਕਿਸੇ ਅਗਿਆਤ ਜਗਾ 'ਤੇ ਗਈ ਸੀ। ਪਰਿਵਾਰ ਅਨੁਸਾਰ ਕੋਰੀ ਹਿੱਲ ਦੇ ਸ਼ਾਕੀਰਾ ਨਾਲ ਸਬੰਧ ਠੀਕ ਨਹੀਂ ਸਨ। ਪੁਲਿਸ ਅਨੁਸਾਰ ਪਰਿਵਾਰ ਨੇ ਉਸ ਦਿਨ ਤੋਂ ਬਾਅਦ ਸ਼ਾਕੀਰਾ ਨੂੰ ਨਹੀਂ ਵੇਖਿਆ ਤੇ ਨਾ ਹੀ ਉਸ ਨਾਲ ਕੋਈ ਗੱਲ ਹੋਈ। ਪਰਿਵਾਰ ਦਾ ਵਿਸ਼ਵਾਸ਼ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਵਿੰਟਰ ਸਪਰਿੰਗਜ ਪੁਲਿਸ ਮੁੱਖੀ ਮੈਥੀਊ ਟਰਾਚਟ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ਼ਾਕੀਰਾ ਨੂੰ ਲੱਭਣ ਲਈ ਐਫ ਬੀ ਆਈ ਸਮੇਤ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਮਦਦ ਕਰ ਰਹੀਆਂ ਸਨ। ਔਰੇਂਜ ਕਾਊਂਟੀ ਸ਼ੈਰਿਫ ਜੌਹਨ ਮੀਨਾ ਨੇ ਦਸਿਆ ਕਿ ਓਰਲੈਂਡੋ ਦੇ ਉਤਰ ਪੱਛਮ ਵਿਚ ਤਕਰੀਬਨ 20 ਮੀਲ ਦੂਰ ਅਪੋਪਕਾ ਵਿਚ ਇਕ ਗੁਦਾਮ ਵਿਚੋਂ ਬਦਬੂ ਆਉਣ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ 'ਤੇ ਪੁੱਜੇ । ਜਦੋਂ ਗੁਦਾਮ ਨੂੰ ਖੋਲਿਆ ਗਿਆ ਤਾਂ ਉਥੋਂ ਇਕ ਔਰਤ ਦੀ ਲਾਸ਼ ਬਰਾਮਦ ਹੋਈ ਜਿਸ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਲਾਸ਼ ਦੀ ਬਾਅਦ ਵਿਚ ਪਛਾਣ ਸ਼ਾਕੀਰਾ ਵਜੋਂ ਹੋਈ।  ਪੁਲਿਸ ਨੇ ਹਿੱਲ ਨੂੰ ਮੁੱਖ ਸ਼ੱਕੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਸ਼ੈਰਿਫ ਨੇ ਕਿਹਾ ਕਿ ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਆਂ ਗੁਦਾਮ ਵਿਚ ਹੀ ਮਾਰੀਆਂ ਗਈਆਂ ਹਨ।