ਬਿਨਾਂ ਜਾਂਚ ਕੀਤੇ ਭਾਰਤੀ ਰਵਾਇਤੀ ਸਿਖ ਲੀਡਰਸ਼ਿਪ ਨੇ ਕਰਤਾਰਪੁਰ ਸਾਹਿਬ ਨੂੰ ਕੀਤਾ ਬਦਨਾਮ

ਬਿਨਾਂ ਜਾਂਚ ਕੀਤੇ ਭਾਰਤੀ ਰਵਾਇਤੀ ਸਿਖ ਲੀਡਰਸ਼ਿਪ ਨੇ ਕਰਤਾਰਪੁਰ ਸਾਹਿਬ ਨੂੰ ਕੀਤਾ ਬਦਨਾਮ

ਅਖੇ ਗੁਰਦੁਆਰਾ ਨੇੜੇ ਹੋਈ ਸ਼ਰਾਬ, ਮੀਟ ਪਾਰਟੀ,ਗ੍ਰੰਥੀ ਵੀ ਹੋਇਆ ਸ਼ਾਮਲ

*ਪਾਕਿਸਤਾਨ ਦੇ ਸਰਕਾਰੀ ਪ੍ਰਬੰਧਕਾਂ, ਗ੍ਰੰਥੀ ਗੋਬਿੰਦ ਸਿੰਘ, ਸਪੀਕਰ ਸੰਧਵਾਂ ਨੇ  ਕਿਹਾ ਨਹੀਂ ਹੋਈ ਮਰਿਆਦਾ ਦੀ ਉਲੰਘਣਾ

* ਗੁਰਦੁਆਰਾ ਸਾਹਿਬ ਤੋਂ 2 ਕਿੱਲੋਮੀਟਰ ਦੂਰ ਰੱਖਿਆ ਗਿਆ ਸੀ 'ਫੈਮਲੀ ਡਿਨਰ'

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਸੱਚ ਮੰਨਕੇ ਬਿਨਾਂ ਜਾਂਚ ਕੀਤੇ ਭਾਰਤੀ ਰਵਾਇਤੀ ਸਿਖ ਲੀਡਰਸ਼ਿਪ ਨੇ ਕਰਤਾਰਪੁਰ ਸਾਹਿਬ ਨੂੰ ਕੀਤਾ ਬਦਨਾਮ ਕੀਤਾ ਗਿਆ ਕਿ ਬੀਤੇ ਸ਼ਨੀਵਾਰ  ਕਰਤਾਰਪੁਰ ਸਾਹਿਬ  ਗੁਰਦੁਆਰਾ ਦੀ ਹਦੂਦ ਅੰਦਰਰਾਤ ਦੌਰਾਨ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ। ਇਸ ਪਾਰਟੀ ਪਾਰਟੀ ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪਾਕਿਸਤਾਨ ਦੀ ਪ੍ਰਾਜੈਕਟ ਪ੍ਰਬੰਧਨ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਸਮੇਤ ਜ਼ਿਲ੍ਹਾ ਨਾਰੋਵਾਲ ਦੇ ਡੀਸੀ ਮੁਹੰਮਦ ਸ਼ਾਹਰੁੱਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।  ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿੱਚ ਰਹੇ।ਹੋਰ ਤਾਂ ਹੋਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਅੰਬੈਸਡਰ ਰਹੇ ਰਮੇਸ਼ ਸਿੰਘ ਅਰੋੜਾ ਵੀ ਇਸ ਪਾਰਟੀ ਵਿਚ ਮੌਜੂਦ ਸਨ।ਜਦ ਕਿ ਇਹ ਘਟਨਾ ਝੂਠੀ ਨਿਕਲੀ।ਭਾਰਤੀ ਸਿਖ ਲੀਡਰਸ਼ਿਪ ਨੇ ਇਸ ਘਟਨਾ ਦੀ ਜਾਂਚ ਕਰਨ ਦੀ ਲੋੜ ਹੀ ਨਹੀਂ ਸਮਝੀ।

 ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 18 ਨਵੰਬਰ ਦੀ ਰਾਤ ਨੂੰ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਜੋ ਵਾਪਰਿਆ ਉਹ ਨਿੰਦਣਯੋਗ ਹੈ। ਇਸ ਦੇ ਲਈ ਉਹ ਜਲਦੀ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਪੱਤਰ ਲਿਖਣ ਜਾ ਰਹੇ ਹਨ। ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। 

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਚਮੁਚ ਮੰਦਭਾਗਾ ਹੈ। ਪਾਕਿਸਤਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਡੇ ਲਈ ਪੂਜਾ ਸਥਾਨ ਹੈ। ਉਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਐਕਸ ਹੈਂਡਲ ਉਪਰ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦੀ ‘ਰਹਿਤ ਮਰਯਾਦਾ’ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਉਸ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਜ਼ਾ ਉਲੰਘਣਾ ਦੀ ਨਿਸ਼ਚਿਤ ਤੌਰ ‘ਤੇ ਰਿਪੋਰਟ ਕਰਨੀ ਚਾਹੀਦੀ ਹੈ।

 ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਨਾਚ ਗਾਣੇ ਅਤੇ ਸ਼ਰਾਬ-ਮੀਟ ਦੀ ਵਰਤੋਂ ਨਾਲ ਮਰਿਆਦਾ ਦੀ ਕੀਤੀ ਉਲੰਘਣਾ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਲਾਲਪੁਰਾ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਦੋਸ਼ੀ ਅਫ਼ਸਰਾਂ ਤੇ ਹੋਰਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਹੈ।  

ਝੂਠਾ ਪ੍ਰਾਪੋਗੰਡੇ ਦਾ ਹੋਇਆ ਪਰਦਾਫਾਸ਼

 ਇਸ ਬਾਰੇ ਵਿਚ ਪੀ. ਐੱਮ. ਯੂ. ਦੇ ਸੀ. ਈ. ਓ. ਅਬੂ ਬਕਰ ਆਫ਼ਤਾਬ ਕੁਰੈਸ਼ੀ ਨੇ ' ਸਾਫ਼ ਕੀਤਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਿਸੇ ਤਰ੍ਹਾਂ ਨਾਲ ਵੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਪੀ. ਐੱਮ. ਯੂ. ਵਲੋਂ ਸੰਬੰਧਿਤ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਾਲ ਨਾਰੋਵਾਲ ਵਿਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਤੋਂ ਲਗਭਗ 2 ਕਿੱਲੋਮੀਟਰ ਦੂਰ ਰਾਤ ਦੇ ਭੋਜਨ ਲਈ ਸੱਦਾ ਦਿੱਤਾ ਗਿਆ ਸੀ ।ਜਿਸ ਵਿਚ ਸ਼ਰਾਬ ਪਿਆਏ ਜਾਣ ਦੀਆਂ ਅਫ਼ਵਾਹਾਂ ਪੂਰੀ ਤਰ੍ਹਾਂ ਨਾਲ ਮਨਘੜ੍ਹਤ ਹਨ । ਪੀ. ਐੱਮ. ਯੂ. ਦੇ ਡਿਪਟੀ ਸਕੱਤਰ (ਪ੍ਰਬੰਧਨ) ਸੈਫ਼ਉੱਲਾ ਖੋਖਰ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਪਾਕਿਸਤਾਨੀ ਯਾਤਰੂਆਂ ਲਈ ਬਣਾਈ ਪਾਰਕਿੰਗ ਤੋਂ ਥੋੜੀ ਦੂਰੀ 'ਤੇ ਚੈੱਕ ਪੁਆਇੰਟ ਹੈ ਅਤੇ ਉਸ ਦੇ ਅੱਗੇ ਡੋਡਾ ਪਿੰਡ ਦੇ ਨਾਲ ਪੀ. ਐੱਮ. ਯੂ. ਸਟਾਫ਼ ਦੇ ਰਿਹਾਇਸ਼ੀ ਕੁਆਰਟਰ ਹਨ, ਜਿੱਥੇ ਰਾਤ ਦੇ ਖਾਣੇ ਲਈ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਇਮੀਗਰੇਸ਼ਨ, ਰੇਂਜਰਜ਼ ਆਦਿ ਦੇ ਅਧਿਕਾਰੀ ਪਰਿਵਾਰਾਂ ਸਮੇਤ ਹਾਜ਼ਰ ਸਨ ।

 ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ  ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਸਗੋਂ  ਗੁਰੂ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੋਈ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ ਪਰ ਸ਼ਰਾਬ ਦੀ ਗੱਲ ਉਹਨਾਂ ਨੇ ਗਲਤ ਕਰਾਰ ਦਿੱਤੀ ਹੈ।

ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੀ ਹੈ। ਸ਼ਰਾਰਤੀ ਲੋਕਾਂ ਦਾ ਮਕਸਦ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੋ।

ਓਧਰ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ, ਇੱਕ ਮੰਤਰੀ ਤੇ 14 ਵਿਧਾਇਕਾਂ ਨੇ ਵੀ ਇਸ ਘਟਨਾ ਦਾ ਮੌਕਾ ਦੇਖਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੰਧਵਾ ਨੇ ਕਿਹਾ ਕਿ ਉਸ ਸ਼ਰਾਬ ਮੀਟ ਪਾਰਟੀ ਦਾ ਗੁਰਦੁਆਰਾ ਕੰਪਲੈਕਸ ਨਾਲ ਕੋਈ ਮਤਲਬ ਨਹੀਂ ਹੈ। ਪਾਰਟੀ ਹਦੂਦ ਤੋਂ ਬਾਹਰ ਹੋਈ ਸੀ।