ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ’ਤੇ ਹੋਇਆ ਹਮਲਾ, ਸ਼੍ਰੋਮਣੀ ਕਮੇਟੀ ਸਕੱਤਰ ਵੱਲੋਂ ਨਿੰਦਾ

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ’ਤੇ ਹੋਇਆ ਹਮਲਾ, ਸ਼੍ਰੋਮਣੀ ਕਮੇਟੀ ਸਕੱਤਰ ਵੱਲੋਂ ਨਿੰਦਾ

ਪੰਜਾਬ ਦੇ ਹਾਲਾਤ ਇਤਨੇ ਮਾੜੇ ਹਨ ਕਿ ਰਾਤ ਦੇ ਸਮੇਂ ਇਕੱਲੇ ਬੰਦੇ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ: ਰਾਗੀ ਮਹਾਂਦੀਪ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ਨਾਲ ਹੋਏ ਦੁਰਵਿਹਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਡਿਊਟੀ ਤੋਂ ਆ ਰਹੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਮਹਾਂਦੀਪ ਸਿੰਘ ਨਾਲ ਕੁਝ ਲੋਕਾਂ ਵੱਲੋਂ ਜਦੋ ਓਹ ਬਟਾਲੇ ਵਿਖੇ ਇਕ ਪ੍ਰੋਗਰਾਮ ਤੇ ਜਾ ਰਹੇ ਸਨ ਤਦ ਗੱਡੀ ਓਵਰਟੇਕ ਕਰਣ ਦੇ ਮਾਮਲੇ ਵਿਚ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਭੰਨੀ ਗਈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਕੀਰਤਨੀਆਂ ਨਾਲ ਅਜਿਹਾ ਵਰਤਾਰਾ ਕਰਨਾ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਨਾ ਕਰੇ। ਇਸ ਮਾਮਲੇ ਬਾਰੇ ਭਾਈ ਮਹਾਂਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਤਨੇ ਜਿਆਦਾ ਮਾੜੇ ਹੋ ਚੁੱਕੇ ਹਨ ਕਿ ਰਾਤ ਦੇ ਸਮੇਂ ਇਕੱਲੇ ਬੰਦੇ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁਕਿਆ ਹੈ, ਸਰਕਾਰ ਨੂੰ ਕਾਨੂੰਨ ਵਿਵਸਥਾ ਚਾਕ ਚੋਬੰਦ ਕਰਨੀ ਚਾਹੀਦੀ ਹੈ ਜਿਸ ਨਾਲ ਆਮ ਇਨਸਾਨ ਆਪਣੇ ਆਪ ਨੂੰ ਮਹਿਫ਼ੁਜ ਸਮਝ ਸਕੇ ।