ਮਨੁੱਖੀ ਹੱਕਾਂ ਦੇ ਜਾਂਬਾਜ਼ ਰਾਖੇ ਅਤੇ ਪੰਜਾਬ ਦੇ ਲੋਕ-ਨਾਇਕ ਜਸਟਿਸ ਅਜੀਤ ਸਿੰਘ ਬੈਂਸ (1922-2022) ਦੀ ਜਨਮ ਸ਼ਤਾਬਦੀ 'ਤੇ ਸਰੀ ਵਿੱਚ 22 ਮਈ ਨੂੰ ਸੈਮੀਨਾਰ

ਮਨੁੱਖੀ ਹੱਕਾਂ ਦੇ ਜਾਂਬਾਜ਼ ਰਾਖੇ ਅਤੇ ਪੰਜਾਬ ਦੇ ਲੋਕ-ਨਾਇਕ ਜਸਟਿਸ ਅਜੀਤ ਸਿੰਘ ਬੈਂਸ (1922-2022) ਦੀ ਜਨਮ ਸ਼ਤਾਬਦੀ 'ਤੇ ਸਰੀ ਵਿੱਚ 22 ਮਈ ਨੂੰ ਸੈਮੀਨਾਰ
ਪੰਜਾਬ ਦੇ ਲੋਕ-ਨਾਇਕ ਜਸਟਿਸ ਅਜੀਤ ਸਿੰਘ ਬੈਂਸ

 

ਜੀਵਨ ਸੰਘਰਸ਼ ਅਤੇ ਜੇਲ੍ਹ ਯਾਤਰਾ ਬਾਰੇ ਵੀ ਵਿਚਾਰਾਂ ਹੋਣਗੀਆਂ

ਸਰੀ: ਪੰਜਾਬ ਦੀ ਧਰਤੀ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ, ਸਰੀ ਦੀ ਸਟਰਾਅਬੈਰੀ ਹਿੱਲ ਲਾਇਬ੍ਰੇਰੀ (7399 122 ਸਟਰੀਟ) ਵਿਖੇ 22 ਮਈ ਦਿਨ ਐਤਵਾਰ ਨੂੰ, ਬਾਅਦ ਦੁਪਹਿਰ 1.30-4.30 ਦੌਰਾਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਦੀ ਜੀਵਨ ਸੰਘਰਸ਼ ਅਤੇ ਜੇਲ੍ਹ ਯਾਤਰਾ ਬਾਰੇ ਵੀ ਵਿਚਾਰਾਂ ਹੋਣਗੀਆਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਸਟਿਸ ਅਜੀਤ ਸਿੰਘ ਜੀ ਦੀ ਦੇਣ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਬੈਂਸ ਸਾਹਿਬ ਨੇ ਮਨੁੱਖੀ ਹੱਕਾਂ ਲਈ ਸੌ ਸਾਲਾ ਜ਼ਿੰਦਗੀ ਸਮਰਪਿਤ ਕਰ ਦਿੱਤੀ, ਜੱਜ ਹੋਣ ਦੇ ਬਾਵਜੂਦ ਸਜ਼ਾਵਾਂ ਕੱਟੀਆਂ, ਪੰਜਾਬ ਦੇ ਉੱਜੜੇ ਪਰਿਵਾਰਾਂ ਨੂੰ ਵਸਾਉਣ ਲਈ 'ਸਰਕਾਰ ਨੂੰ ਦਹਿਸ਼ਤ ਗਰਦ' ਆਖਿਆ ਅਤੇ ਹਕੂਮਤ ਨਾਲ ਲੋਹਾ ਲਿਆ। ਸੌ ਸਾਲ ਦੀ ਲੰਮੀ ਉਮਰ ਚੜ੍ਹਦੀ ਕਲਾ ਵਿੱਚ ਗੁਜ਼ਾਰਨ ਵਾਲੇ ਜਸਟਿਸ ਬੈਂਸ ਸਾਹਿਬ ਦਾ ਜਨਮਦਿਨ ਮਨਾਉਂਦੇ ਹੋਏ, ਡੂੰਘਾ ਵਿਚਾਰ ਚਿੰਤਨ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਜਸਟਿਸ ਸਾਹਿਬ ਦੇ ਸੰਘਰਸ਼ ਨੂੰ ਨੂੰ 'ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਇਕ ਪੀੜ੍ਹੀ ਦਾ ਸਫ਼ਰ' ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। 'ਮਨੁੱਖੀ ਅਧਿਕਾਰਾਂ ਦੇ ਯੋਧੇ' ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਨ ਲਈ 22 ਮਈ ਨੂੰ ਹੋ ਰਹੇ ਸੈਮੀਨਾਰ ਵਿਚ, ਸਾਰੀਆਂ ਜਥੇਬੰਦੀਆਂ ਨੂੰ ਵੱਧ- ਚਡ਼੍ਹ ਕੇ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ ਹਨ : ਭੁਪਿੰਦਰ ਸਿੰਘ ਮੱਲ੍ਹੀ -604 765 3063 ਅਤੇ ਡਾ ਗੁਰਵਿੰਦਰ ਸਿੰਘ -604 825 1550.

 

ਡਾ. ਗੁਰਵਿੰਦਰ ਸਿੰਘ