ਮਸਲਾ ਭਾਈ ਮੰਡ, ਬਾਦਲ, ਮਾਨ ਜਾਂ ਹੋਰ ਆਗੂਆਂ ਦਾ ਨਹੀਂ, ਮੁੱਖ ਮਸਲਾ 30-30 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਦਾ ਹੈ : ਮਾਨ

ਮਸਲਾ ਭਾਈ ਮੰਡ, ਬਾਦਲ, ਮਾਨ ਜਾਂ ਹੋਰ ਆਗੂਆਂ ਦਾ ਨਹੀਂ, ਮੁੱਖ ਮਸਲਾ 30-30 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਦਾ ਹੈ : ਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ , 13 ਮਈ (ਮਨਪ੍ਰੀਤ ਸਿੰਘ ਖਾਲਸਾ):- “ਜੇਲ੍ਹ ਜਿ਼ੰਦਗੀ ਕਿੰਨੀ ਕਠਿਨ ਅਤੇ ਤਪੱਸਿਆ ਹੈ, ਉਹ ਉਨ੍ਹਾਂ ਨੂੰ ਹੀ ਪਤਾ ਹੈ ਜਿਨ੍ਹਾਂ ਨੂੰ 30-30 ਸਾਲ ਕਾਲਕੋਠੜੀਆਂ ਵਿਚ ਬੈਠਿਆ ਨੂੰ ਹੋ ਗਏ ਹਨ ਅਤੇ ਜਿੰਦਗੀ ਦਾ ਅੱਧਾ ਹਿੱਸਾ ਜੇਲ੍ਹਾਂ ਵਿਚ ਹੀ ਗੁਜਰ ਗਿਆ ਹੈ । ਉਹ ਕੋਈ ਕਾਨੂੰਨੀ ਅਪਰਾਧਿਕ ਮੁਜਰਿਮ ਨਹੀਂ ਹਨ । ਬਲਕਿ ਕੌਮ ਦੀ ਆਨ-ਸਾਨ, ਅਣਖ਼-ਗੈਰਤ ਨੂੰ ਕਾਇਮ ਰੱਖਣ ਲਈ ਹੀ ਜੇਲ੍ਹਾਂ ਵਿਚ ਹਨ ਅਤੇ ਸਿਆਸੀ ਕੈਦੀ ਹਨ । ਇਸ ਮੁੱਦੇ ਨੂੰ ਲੈਕੇ ਹੀ ਬਰਗਾੜੀ ਮੋਰਚਾ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਚੱਲਿਆ ਸੀ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 2 ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤ-ਰਜਿੰਦਰ ਸਿੰਘ ਬਾਜਵਾ, 4 ਐਮ.ਐਲ.ਏ. ਸਮੇਤ ਬਰਗਾੜੀ ਦੇ ਮੋਰਚੇ ਵਿਚ ਵੱਡੇ ਇਕੱਠ ਵਿਚ ਭੇਜੇ ਸਨ । ਜਿਨ੍ਹਾਂ ਨੇ ਸਿੱਖ ਕੌਮ ਨਾਲ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੇ ਕੌਮੀ ਮਸਲਿਆ ਨੂੰ ਹੱਲ ਕਰਨ ਦਾ ਬਚਨ ਕੀਤਾ ਸੀ । ਉਸ ਹੋਈ ਗੱਲਬਾਤ ਦੇ ਅਧੀਨ ਹੀ ਭਾਈ ਦਿਲਬਾਗ ਸਿੰਘ ਬਾਘਾ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਵਰਿਆਮ ਸਿੰਘ, ਭਾਈ ਨਰਾਇਣ ਸਿੰਘ ਚੌੜਾਂ ਆਦਿ ਰਿਹਾਅ ਕਰ ਦਿੱਤੇ ਗਏ ਸਨ, ਸਿੰਘਾਂ ਨੂੰ ਪੈਰੋਲ ਮਿਲਣੀ ਸੁਰੂ ਹੋ ਗਈ ਅਤੇ ਉਨ੍ਹਾਂ ਦੀਆਂ ਬਾਹਰਲੇ ਸੂਬਿਆ ਤੋਂ ਜੇਲ੍ਹਾਂ ਪੰਜਾਬ ਵਿਚ ਤਬਦੀਲ ਹੋਈਆ । ਕਿਉਂਕਿ ਬਰਗਾੜੀ ਮੋਰਚਾ ਪੂਰੀ ਗੱਲ ਨੂੰ ਪ੍ਰਵਾਨ ਕਰਨ ਤੋਂ ਬਿਨ੍ਹਾਂ ਖਤਮ ਨਹੀਂ ਸੀ ਹੋਣਾ ਚਾਹੀਦਾ । ਇਸ ਲਈ ਅਸੀਂ 01 ਜੂਨ 2021 ਤੋਂ ਨਿਰੰਤਰ ਫਿਰ ਤੋ ਇਹ ਮੋਰਚਾ ਚਲਾਉਦੇ ਆ ਰਹੇ ਹਾਂ । ਜਿਸਨੂੰ ਅੱਜ 315 ਦਿਨ ਹੋ ਗਏ ਹਨ । ਬੀਤੇ 11 ਮਈ 2022 ਨੂੰ ਸ. ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਪੰਥਕ ਧਿਰਾਂ ਦੀ ਹੋਈ ਇਕੱਤਰਤਾ ਵਿਚ ‘ਮੈਂ ਮਰਾਂ ਪੰਥ ਜੀਵੈ’ ਦੇ ਸੋਚ ਅਤੇ ਮਕਸਦ ਨੂੰ ਲੈਕੇ ਹੀ ਸਮੂਲੀਅਤ ਕੀਤੀ ਹੈ । ਉਥੇ ਕਿਸੇ ਧਿਰ ਜਾਂ ਇਕ ਆਗੂ, ਸਖਸ਼ੀਅਤ ਦੀ ਗੱਲ ਨਹੀਂ ਹੋਈ । ਬਲਕਿ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਹੋਏ ਪਾਵਨ ਸਰੂਪਾਂ, ਐਸ.ਜੀ.ਪੀ.ਸੀ. ਦੀਆਂ ਜ਼ਮੀਨਾਂ ਨੂੰ ਘੱਟ ਕੀਮਤਾਂ ਤੇ ਠੇਕੇ ਤੇ ਦੇਣ, ਐਸ.ਜੀ.ਪੀ.ਸੀ. ਦੇ ਵਿਦਿਅਕ ਅਤੇ ਸਿਹਤਕ ਅਦਾਰਿਆ ਦੇ ਬਣਾਏ ਗਏ ਟਰੱਸਟਾਂ ਨੂੰ ਖਤਮ ਕਰਨ ਅਤੇ ਫਿਰ ਤੋਂ ਐਸ.ਜੀ.ਪੀ.ਸੀ. ਦੇ ਅਧਿਕਾਰ ਹੇਠ ਲਿਆਉਣ ਦੀਆਂ ਵਿਚਾਰਾਂ ਹੋਈਆ ਹਨ । ਇਹ ਸਭ ਕੌਮੀ ਮਸਲੇ ਹਨ । ਨਾ ਕਿ ਕਿਸੇ ਇਕ ਆਗੂ ਜਾਂ ਧਿਰ ਦੇ । ਫਿਰ ਗੁਰੂ ਸਾਹਿਬਾਨ ਜੀ ਦੇ ਬਚਨ ਹਨ ਕਿ ਸੰਗਤ 21 ਬਿਸਵੇ ਉਸਨੂੰ ਮੁੱਖ ਰੱਖਕੇ ਹੀ ਕੌਮੀ ਮਸਲਿਆ ਦੇ ਹੱਲ ਨੂੰ ਲੈਕੇ ਸਮੂਹਿਕ ਵਿਚਾਰਾਂ ਹੋਈਆ ਹਨ । ਇਸ ਲਈ ਇਸ ਹੋਈ ਇਕੱਤਰਤਾ ਉਤੇ ਬਿਨ੍ਹਾਂ ਕਿਸੇ ਦਲੀਲ ਦੇ ਕਿਸੇ ਵੱਲੋ ਵਿਰੋਧ ਕਰਨਾ ਬਿਲਕੁਲ ਵੀ ਮੁਨਾਸਿਬ ਨਹੀਂ । ਮਸਲਾ ਕੇਵਲ ਕੌਮੀ ਮਸਲਿਆ ਨੂੰ ਸਮੂਹਿਕ ਪੰਥਕ ਤਾਕਤ ਨਾਲ ਹੱਲ ਕਰਵਾਉਣ ਦਾ ਹੈ । ਮੰਡ, ਬਾਦਲ, ਮਾਨ ਕਿਸੇ ਵੀ ਆਗੂ ਜਾਂ ਧਿਰ ਦਾ ਨਹੀਂ ਹੈ ।”

 ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਕੁ ਪੰਥਕ ਆਗੂਆਂ ਵੱਲੋਂ 11 ਮਈ ਨੂੰ ਅੰਮ੍ਰਿਤਸਰ ਵਿਖੇ ਕੌਮੀ ਮਸਲਿਆ ਦੇ ਹੱਲ ਲਈ ਸਮੁੱਚੀਆਂ ਪੰਥਕ ਧਿਰਾਂ, ਸੰਤ-ਮਹਾਤਮਾ, ਡੇਰਿਆ ਦੇ ਮੁੱਖੀਆਂ, ਸਿਆਸੀ ਪਾਰਟੀਆ ਦੇ ਮੁੱਖੀਆਂ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆ, ਕੌਮੀ ਸਖਸ਼ੀਅਤਾਂ ਦੀ ਕੌਮੀ ਮਸਲਿਆ ਦੇ ਹੱਲ ਨੂੰ ਲੈਕੇ ਹੋਈ ਇਕੱਤਰਤਾ ਦੀ ਗੈਰ-ਦਲੀਲ ਢੰਗ ਨਾਲ ਵਿਰੋਧ ਕਰਨ ਵਾਲਿਆ ਉਤੇ ਹੈਰਾਨੀ ਅਤੇ ਦੁੱਖ ਜਾਹਰ ਕਰਦੇ ਹੋਏ, ਇਸ ਕਾਰਵਾਈ ਨੂੰ ਪੰਥਕ ਮਸਲਿਆ ਦੇ ਹੱਲ ਲਈ ਰੁਕਾਵਟ ਖੜ੍ਹੀ ਕਰਨ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1946 ਵਿਚ ਉਸ ਸਮੇਂ ਦੇ ਐਸ.ਜੀ.ਪੀ.ਸੀ. ਦੇ ਦ੍ਰਿੜ ਇਰਾਦੇ ਵਾਲੇ ਮੈਬਰ ਸ. ਬਲਵੰਤ ਸਿੰਘ ਕੁੱਕੜ ਵੱਲੋਂ ਐਸ.ਜੀ.ਪੀ.ਸੀ. ਦੇ ਹਾਊਂਸ ਵਿਚ ਖ਼ਾਲਿਸਤਾਨ ਦਾ ਮਤਾ ਲਿਆਂਦਾ ਗਿਆ । ਉਸ ਸਮੇਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਨਾਗੋਕੇ ਸਾਬ ਹਾਜਰ ਸਨ ਅਤੇ ਇਸ ਮਤੇ ਉਤੇ ਪੂਰੇ ਹਾਊਂਸ ਨੇ ਸਰਬਸੰਮਤੀ ਨਾਲ ਸਹੀ ਪਾਉਦੇ ਹੋਏ ਪ੍ਰਵਾਨ ਕੀਤਾ । ਅਸੀ ਉਸ 1946 ਦੇ ਮਤੇ ਨੂੰ 11 ਮਈ ਦੀ ਹੋਈ ਇਕੱਤਰਤਾ ਵਿਚ ਸਭ ਦੀ ਪ੍ਰਵਾਨਗੀ ਲੈਕੇ ਫਿਰ ਸੁਰਜੀਤ ਕਰ ਦਿੱਤਾ ਹੈ । ਇਸ ਵਿਚ ਕੀ ਗਲਤ ਹੋਇਆ ਹੈ ? ਜੋ ਮੁਖਾਲਫਤ ਕਰ ਰਹੇ ਹਨ, ਉਨ੍ਹਾਂ ਦੀ ਵਿਰੋਧਤਾ ਕਰਨ ਪਿੱਛੇ ਕੀ ਦਲੀਲ ਹੈ ? ਇਸ ਲਈ ਕਿਸੇ ਵੀ ਪੰਥਕ ਧਿਰ ਨੂੰ ਜਾਂ ਆਗੂ ਨੂੰ ਕੌਮੀ ਮਸਲਿਆ ਦੇ ਹੱਲ ਲਈ ਬਣ ਰਹੀ ਸਮੂਹਿਕ ਕੌਮੀ ਤਾਕਤ ਨੂੰ ਕੰਮਜੋਰ ਕਰਨ ਲਈ ਅਜਿਹੇ ਫੈਸਲਿਆ ਦੀ ਗੈਰ ਦਲੀਲ ਢੰਗ ਨਾਲ ਬਿਲਕੁਲ ਵੀ ਵਿਰੋਧ ਨਹੀਂ ਕਰਨਾ ਚਾਹੀਦਾ, ਬਲਕਿ ਕੌਮੀ ਮਸਲਿਆ ਨੂੰ ਸੰਜ਼ੀਦਗੀ ਨਾਲ ਹੱਲ ਕਰਵਾਉਣ ਲਈ, ਵਿਚਾਰਾਂ ਦੇ ਵੱਖਰੇਵਿਆ ਦੇ ਹੁੰਦੇ ਹੋਏ ਵੀ ਇਕ ਤਾਕਤ ਹੋ ਕੇ ਦੁਸ਼ਮਣ ਤਾਕਤ ਦੇ ਸਾਹਮਣੇ ਡੱਟਕੇ ਖਲੋਣਾ ਚਾਹੀਦਾ ਹੈ ਅਤੇ ਕੌਮਾਂਤਰੀ ਪੱਧਰ ਤੇ ਮੁਤੱਸਵੀ ਹੁਕਮਰਾਨਾਂ ਅਤੇ ਪੰਥ ਵਿਰੋਧੀ ਤਾਕਤਾਂ ਦੇ ਖੂੰਖਾਰ ਚਿਹਰੇ ਨੂੰ ਨੰਗਾਂ ਕਰਕੇ ਖ਼ਾਲਸਾ ਪੰਥ ਦੀ ਸੱਚ ਦੀ ਆਵਾਜ ਨੂੰ ਦ੍ਰਿੜਤਾ ਨਾਲ ਬੁਲੰਦ ਕਰਨਾ ਬਣਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 1-2 ਵਿਰੋਧਤਾ ਕਰਨ ਵਾਲੀਆ ਧਿਰਾਂ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਪੰਥਕ ਮੁੱਦਿਆ ਦੇ ਹੱਲ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਉਣਗੇ, ਬਲਕਿ ਆਉਣ ਵਾਲੇ ਸਮੇਂ ਵਿਚ ਇਕ ਤਾਕਤ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆ ਨੂੰ ਹੱਲ ਕਰਵਾਉਣ ਵਿਚ ਯੋਗਦਾਨ ਪਾਉਣਗੇ ।