ਸੱਨੀ ਦਿਓਲ ਨਾਲ ਫੋਟੋ ਖਿਚਵਾਉਣ ਦੇ ਚਾਅ 'ਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੁੱਲੇ ਬਾਦਲ ਦਲੀਏ (ਵੀਡੀਓ)

ਬਟਾਲਾ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਗੁ:ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਸਮੇਂ ਮਰਿਯਾਦਾ ਦਾ ਘਾਣ ਕੀਤਾ ਗਿਆ ਹੈ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਜਥੇ:ਭਾਈ ਸੁਖਵਿੰਦਰ ਸਿੰਘ ਅਗਵਾਨ, ਮੁੱਖ ਸੇਵਾਦਾਰ ਗੁ: ਯਾਦਗਾਰ-ਏ-ਸ਼ਹੀਦਾਂ ਨੇ ਕੀਤਾ। ਉਹਨਾਂ ਕਿਹਾ ਕਿ ਸਨੀ ਦਿਓਲ ਦੇ ਗੁ: ਸ੍ਰੀ ਦਰਬਾਰ ਸਾਹਿਬ ਪਹੁੰਚਣ ਸਮੇਂ ਜਿੱਥੇ ਉਸਦੇ ਕਈ ਸਾਥੀ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਵਿੱਚ ਜੁੱਤੀਆਂ ਪਾ ਕੇ ਘੁੰਮਦੇ ਰਹੇ ਅਤੇ ਗੁਰਦੁਆਰੇ ਵਿੱਚ ਭਾਜਪਾ ਜਿੰਦਾਬਾਦ ਦੇ ਨਾਹਰੇ ਲਗਾਉਂਦੇ ਰਹੇ ਓਥੇ ਹੀ ਹਲਕੇ ਦੇ ਅਖੌਤੀ ਅਕਾਲੀ (ਬਾਦਲ ਦਲ) ਆਗੂਆਂ ਵੱਲੋਂ ਭਾਜਪਾ ਦੀ ਚਮਚਾ ਗਿਰੀ ਵਿੱਚ ਇੱਕ ਦੂਜੇ ਤੋਂ ਅੱਗੇ ਹੋਣ ਦੀ ਦੌੜ ਵਿੱਚ ਇੱਕ ਦੂਸਰੇ ਦੀਆਂ ਪੱਗਾਂ ਲਾਹ ਦਿੱਤੀਆਂ ਅਤੇ ਗਾਲਾਂ ਕੱਢੀਆਂ ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਦਾ ਘਾਣ ਹੋਇਆ ਹੈ ਅਤੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ। 

ਉਹਨਾਂ ਇਹ ਵੀ ਕਿਹਾ ਕਿ ਸਨੀ ਦਿਓਲ ਦੇ ਪਿਤਾ ਧਰਮਿੰਦਰ ਵੱਲੋਂ ਸਿੱਖ ਨੌਜਵਾਨਾਂ ਦੇ ਕਾਤਿਲ ਕੇ.ਪੀ.ਐੱਸ ਗਿੱਲ ਨੂੰ 'ਸੁਪਰ ਕੋਪ' ਦਾ ਨਾਮ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਦਿਓਲ ਪਰਿਵਾਰ ਸਿੱਖ ਵਿਰੋਧੀ ਸੋਚ ਦਾ ਮਾਲਕ ਹੈ। ਗੁਰਦਾਸਪੁਰ ਜਿਲ੍ਹਾ ਸ਼ਹੀਦਾਂ ਦੀ ਧਰਤੀ ਹੈ। ਏਥੇ ਕੋਈ ਵੀ ਅਜਿਹਾ ਉਮੀਦਵਾਰ ਜੋ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰੱਖਦਾ ਅਤੇ ਗੁਰੂ ਘਰ ਦੀ ਮਰਿਯਾਦਾ ਦਾ ਘਾਣ ਕਰਦਾ ਹੈ ਉਸਨੂੰ ਸੰਗਤਾਂ ਵੱਲੋਂ ਮੂੰਹ ਨਹੀਂ ਲਗਾਉਣਾ ਚਾਹੀਦਾ।

ਇਸ ਮੌਕੇ ਤੇ ਸ੍ਰ: ਭਗਵੰਤ ਸਿੰਘ ਹਰੂਵਾਲ, ਬਾਪੂ ਅਤਰ ਸਿੰਘ ਹਰੂਵਾਲ, ਸ੍ਰ: ਮੋਹਣ ਸਿੰਘ ਚਾਕਾਂਵਾਲੀ, ਸ੍ਰ: ਸੁਖਦੇਵ ਸਿੰਘ ਖਾਲਸਾ ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ