ਤੀਜੇ ਘੱਲੂਘਾਰੇ ਦੇ 40 ਸਾਲ: ਸ਼ਹੀਦਾਂ ਦੀ ਯਾਦ ਚ ਸੁਲਤਾਨਵਿੰਡ ਵਿਖੇ ਸਜਿਆ ਪੰਥਕ ਦੀਵਾਨ 

ਤੀਜੇ ਘੱਲੂਘਾਰੇ ਦੇ 40 ਸਾਲ: ਸ਼ਹੀਦਾਂ ਦੀ ਯਾਦ ਚ ਸੁਲਤਾਨਵਿੰਡ ਵਿਖੇ ਸਜਿਆ ਪੰਥਕ ਦੀਵਾਨ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 6 ਜੂਨ (ਮਨਪ੍ਰੀਤ ਸਿੰਘ ਖਾਲਸਾ): ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਤੀਜੇ ਘੱਲੂਘਾਰੇ (ਜੂਨ 1984) ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਅੱਜ ‘ਪੰਥਕ ਦੀਵਾਨ’ ਗੁਰਦੁਆਰਾ ਅਟਾਰੀ ਸਾਹਿਬ, ਪਾਤਿਸ਼ਾਹੀ ਛੇਵੀਂ, ਸੁਲਤਾਨਵਿੰਡ (ਅੰਮ੍ਰਿਤਸਰ) ਵਿਖੇ ਕਰਵਾਇਆ ਜਿਸ ਵਿਚ ਸਿੱਖ ਸੰਗਤ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਸੇਵਕ ਸਖਸ਼ੀਅਤਾਂ, ਅਤੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵਲੋ ਰਸ ਭਿੰਨਾ ਕੀਰਤਨ ਕੀਤਾ ਗਿਆ।

ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਤੀਜੇ ਘੱਲੂਘਾਰੇ ਮੌਕੇ ਗੁਰਧਾਮਾਂ ਉੱਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ ਪੰਜ ਸਦੀਆਂ ਦਾ ਵੈਰ ਪਰਗਟ ਕੀਤਾ ਸੀ ਅਤੇ ਖਾਲਸਾ ਪੰਥ ਦੇ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਗੁਰਧਾਮਾਂ ਦੀ ਅਜ਼ਮਤ ਲਈ ਸ਼ਹਾਦਤਾਂ ਪਾ ਕੇ ਖਾਲਸਾ ਪੰਥ ਦੀ ਇਤਿਹਾਸਕ ਪੈੜ ਅੱਜ ਦੇ ਸਮੇਂ ਵਿਚ ਮੁੜ ਪਰਗਟ ਕੀਤੀ। 

ਉਹਨਾ ਕਿਹਾ ਕਿ ਦੁਨੀਆ ਭਰ  ਦੀਆਂ ਸਿੱਖ ਸੰਗਤਾਂ, ਜਥਿਆਂ, ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਕਰਨ ਵਾਲੀਆਂ ਕਮੇਟੀਆਂ ਵੱਲੋਂ ਤੀਜੇ ਘੱਲੂਘਾਰੇ ਦੀ 40ਵੀਂ ਵਰੇ ਗੰਢ ਮੌਕੇ ਸ਼ਹੀਦੀ ਸਮਾਗਮ, ਗੁਰਮਤਿ ਸਮਾਗਮ, ਸੈਮੀਨਾਰ, ਵਿਚਾਰ-ਗੋਸ਼ਟੀਆਂ ਅਤੇ ਹੋਰ ਅਜਿਹੇ ਸਮਾਗਮ ਉਲੀਕੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਸਿੱਖ ਨੌਜਵਾਨ ਪੀੜ੍ਹੀ ਅਤੇ ਸੰਸਾਰ ਸਾਹਮਣੇ ਘੱਲੂਘਾਰੇ ਦਾ ਸੱਚ ਤੇ ਸ਼ਹੀਦਾਂ ਦਾ ਪ੍ਰੇਰਣਾਮਈ ਇਤਿਹਾਸ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਸੰਗਤੀ ਉੱਦਮ ਸਵਾਗਤਯੋਗ ਹਨ ਅਤੇ ਇਹ ਯਤਨ ਅਗਾਂਹ ਵੀ ਜਾਰੀ ਰਹਿਣੇ ਚਾਹੀਦੇ ਹਨ।

ਇਸ ਮੌਕੇ ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ, ਸੁਖਦੀਪ ਸਿੰਘ ਮੀਕੇ, ਪੰਥ ਸੇਵਕ ਜਥਾ ਦੋਆਬਾ ਵਲੋਂ ਭਾਈ ਮਨਧੀਰ ਸਿੰਘ,  ਬਾਬਾ ਬਖਸੀਸ ਸਿੰਘ, ਭਾਈ ਪਲਵਿੰਦਰ ਸਿੰਘ ਤਲਵਾੜਾ, ਦਵਿੰਦਰ ਸਿੰਘ ਸੇਖੋਂ ਮਿਸਲ ਸਤਲੁਜ, ਪਰਦੀਪ ਸਿੰਘ ਇਆਲੀ, ਅੰਗਤ ਸਿੰਘ ਜੰਮੂ, ਨਿਰਭੈਅ ਸਿੰਘ ਹਜ਼ੂਰੀ ਰਾਗੀ, ਨਿਸ਼ਾਨ ਸਿੰਘ ਸਿਆਲ ਕਾ, ਸ਼ਹੀਦ ਪਰਿਵਾਰਾਂ ਚੋਂ ਮਾਤਾ ਸੁਰਜੀਤ ਕੌਰ, ਬੀਬੀ ਸਰਬਜੀਤ ਕੌਰ, ਨਿਹੰਗ ਸਿੰਘ ਜਥਾ ਬਿਧੀ ਚੰਦ ਸਮੇਤ ਸੰਗਤ ਹਾਜ਼ਰ ਸੀ।