ਸੁਖਦੇਵ ਸਿੰਘ ਢੀਂਡਸਾ ਨੂੰ ਆਰ.ਐਸ.ਐਸ ਚੰਗੀ ਲਗਦੀ ਹੈ

ਸੁਖਦੇਵ ਸਿੰਘ ਢੀਂਡਸਾ ਨੂੰ ਆਰ.ਐਸ.ਐਸ ਚੰਗੀ ਲਗਦੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਕਾਰਨ ਭਾਵੇਂ ਕਿ ਸਰਕਾਰ ਵੱਲੋਂ ਰਾਜਸੀ ਇਕੱਠਾਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਪਰ ਸੁਖਦੇਵ ਸਿੰਘ ਢੀਂਡਸਾ ਬਾਦਲ ਦਲ ਨਾਲੋਂ ਵੱਖ ਹੋ ਕੇ ਬਣਾਏ ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਰਾਜਨੀਤਕ ਇਕੱਠਾਂ ਦਾ ਪ੍ਰਬੰਧ ਕਰ ਰਹੇ ਹਨ। ਬੀਤੇ ਕੱਲ੍ਹ ਉਹਨਾਂ ਮਾਝੇ ਦੇ ਪਿੰਡ ਧੁੱਪਸੜੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਤਵੀ ਜਥੇਬੰਦੀ ਆਰ.ਐਸ.ਐਸ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਬਹੁਤ ਜ਼ਿਆਦਾ ਚੰਗੀ ਲਗਦੀ ਹੈ। 

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਕਿਸੇ ਸੂਬੇ ਵਿਚ ਭਾਜਪਾ ਸਰਕਾਰ ਗਲਤ ਹੋਵੇ ਤਾਂ ਆਰ.ਐਸ.ਐਸ ਉਸ ਆਗੂ ਦੇ ਕੰਨ ਮਰੋੜ ਕੇ ਉਸਦੀ ਗਲਤੀ ਦਾ ਅਹਿਸਾਸ ਕਰਵਾ ਦਿੰਦੀ ਹੈ। ਉਹਨਾਂ ਕਿਹਾ ਕਿ ਪਰ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਬਹਿਬਲ ਕਲਾਂ, ਬਰਗਾੜੀ ਕਾਂਡ ਵਾਪਰੇ ਤਾਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਸਰਕਾਰ ਨੂੰ ਕੁੱਝ ਕਹਿਣ ਦੀ ਹਿੰਮਤ ਨਹੀਂ ਕੀਤੀ। 

ਬੇਅਦਬੀਆਂ ਵੇਲੇ ਬਾਦਲਾਂ ਦਾ ਸਾਥੀ ਸੀ ਢੀਂਡਸਾ
ਗੌਰਤਲਬ ਹੈ ਕਿ ਜਿਸ ਸਮੇਂ ਬਾਦਲ ਦਲ ਦੀ ਸਰਕਾਰ ਮੌਕੇ 2015 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਸੁਖਦੇਵ ਸਿੰਘ ਢੀਂਡਸਾ ਬਾਦਲ ਦਲ ਦੇ ਅਹਿਮ ਆਗੂ ਅਤੇ ਬਾਦਲਾਂ ਦੇ ਕਰੀਬੀ ਸਹਿਯੋਗੀ ਸੀ। ਉਹਨਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਉਸ ਸਮੇਂ ਸਰਕਾਰ ਵਿਚ ਖਜ਼ਾਨਾ ਮੰਤਰੀ ਸੀ। 


ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ

ਜਿਸ ਸਮੇਂ 2015 ਵਿਚ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਅਤੇ ਬਾਦਲ ਦਲ ਦੀ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਪਏ ਸੀ ਉਸ ਸਮੇਂ ਬਾਦਲ ਦਲ ਦੇ ਜਨਰਲ ਸਕੱਤਰ ਬਤੌਰ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਦਿੱਤਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਸਿੱਖਾਂ ਨਾਲੋਂ ਵੱਧ ਦੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ।

ਭਾਜਪਾ ਦੇ ਨਾਲ ਨਜ਼ਦੀਕੀਆਂ ਦੇ ਚਰਚੇ
ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਦਲ ਤੋਂ ਵੱਖ ਹੋ ਕੇ ਬਣਾਈ ਪਾਰਟੀ ਬਾਰੇ ਸਿਆਸੀ ਸਫਾਂ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਮਘੀਆਂ ਹੋਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਭਾਜਪਾ ਦੀ ਹਾਈ ਕਮਾਂਡ ਦਰਮਿਆਨ ਉਹ ਸਾਂਝ ਨਹੀਂ ਬਣ ਸਕੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਹਾਈ ਕਮਾਂਡ ਵਿਚ ਸੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਰਿਸ਼ਤਿਆਂ ਵਿਚ ਖਟਾਸ ਵੱਧਦੀ ਜਾ ਰਹੀ ਹੈ। ਅਜਿਹੇ ਵਿਚ ਸੁਖਦੇਵ ਸਿੰਘ ਢੀਂਡਸਾ ਦਾ ਬਾਦਲ ਦਲ ਤੋਂ ਵੱਖ ਹੋ ਕੇ ਨਿਰਾਸ਼ ਅਕਾਲੀਆਂ ਨੂੰ ਆਪਣੇ ਨਾਲ ਜੋੜਨ ਦੀ ਇਹ ਨੀਤੀ ਭਾਜਪਾ ਨੂੰ ਰਾਸ ਆ ਸਕਦੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਤੋਂ ਅਲੱਗ ਪਾਰਟੀ ਬਣਾਈ ਹੈ, ਉਹ ਭਾਜਪਾ ਖਿਲਾਫ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰ ਰਹੇ ਹਨ। 

ਸੁਖਦੇਵ ਸਿੰਘ ਢੀਂਡਸਾ ਨੂੰ ਭਾਜਪਾ ਸਰਕਾਰ ਦੀ ਸਿਫਾਰਿਸ਼ 'ਤੇ ਪਿਛਲੇ ਸਾਲ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮ ਭੂਸ਼ਣ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 2000 ਤੋਂ 2004 ਤਕ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਿਚ ਅਕਾਲੀ ਦਲ ਦੇ ਕੋਟੇ ਤੋਂ ਕੇਂਦਰੀ ਮੰਤਰੀ ਵੀ ਰਹੇ ਹਨ।