ਸੁਖਬੀਰ ਸਿੰਘ ਬਾਦਲ ਅਕਾਲੀ ਸਭਿਆਚਾਰ ਤੇ ਇਤਿਹਾਸ ਦੀ ਰਾਖੀ ਕਰਨ ਤੋਂ ਅਸਮਰੱਥ

ਸੁਖਬੀਰ ਸਿੰਘ ਬਾਦਲ ਅਕਾਲੀ ਸਭਿਆਚਾਰ ਤੇ ਇਤਿਹਾਸ ਦੀ ਰਾਖੀ ਕਰਨ ਤੋਂ ਅਸਮਰੱਥ

‘ਸਤਿਗੁਰੂ ਨਾਨਕ ਨੇ ਸਮੂਹ ਲੋਕਾਈ ਨੂੰ ਇੱਕ ਵਧੀਆ ਸਵੈਮਾਣ ਅਤੇ ਆਪਸੀ ਮਿਲਵਰਤਣ ਭਰੇ ਸਿਹਤਮੰਦ ਅਤੇ ਤੰਦਰੁਸਤ ਸਮਾਜ ਵਿੱਚ ਜਿਊਣ ਲਈ ਆਪਣੀਆਂ ਚਾਰ ਵਿਸ਼ਵ ਵਿਆਪੀ ਉਦਾਸੀਆਂ ਦੇ ਉਦੇਸ਼ ਤੋਂ ਬਾਅਦ ਪੰਜਾਬ ਵਿੱਚ ਸਚਿਆਰ ਮਨੁੱਖ, ਪਰਿਵਾਰ ਅਤੇ ਭਾਈਚਾਰੇ ਦੀ ਸਥਾਪਤੀ ਲਈ ਆਪਣੇ ਜੀਵਨ ਦੇ ਅਖੀਰਲੇ 17 ਸਾਲ ਰਾਵੀ ਦਰਿਆ ਦੇ ਕਿਨਾਰੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ‘ਕਿਰਤ ਸੱਭਿਆਚਾਰ’ ਦੀ ਪ੍ਰਪੱਕਤਾ ਲਈ ਅਰਪਨ ਕੀਤੇ

ਇਸ ਕਿਰਤ ਸੱਭਿਆਚਾਰ ਦੀ ਅਮੀਰੀ ਉਦੋਂ ਜੱਗ ਜ਼ਾਹਿਰ ਹੋਈ ਜਦੋਂ ਪਾਣੀ ਭਰੇ ਝੋਨੇ ਦੇ ਖੇਤਾਂ ਵਿੱਚੋਂ ਪਸ਼ੂਆਂ ਲਈ ਗੁਰੂਦੇਵ ਘਾਹ ਕੱਢ ਰਹੇ ਹਨ, ਖਡੂਰ ਸਾਹਿਬ ਦਾ ਰੇਸ਼ਮੀ ਲਿਬਾਸ ਵਾਲਾ ਉਨ੍ਹਾਂ ਦਾ ਅਮੀਰ ਸ਼ਰਧਾਲੂ ਭਾਈ ਲਹਿਣਾ ਘੋੜੇ ’ਤੇ ਸਵਾਰ ਦਰਸ਼ਣਾਂ ਲਈ ਆਉਂਦਾ ਹੈ ਅਤੇ ਗੁਰੂਦੇਵ ਵੱਲੋਂ ਪਾਣੀ ਨੁਚੜਦੇ ਘਾਹ ਦੀ ਪੰਡ ਉਨ੍ਹਾਂ ਨਾਲ ਚੁੱਕ ਕੇ ਗੁਰੂ ਘਰ ਵੱਲ ਚਾਲੇ ਪਾਉਂਦਾ ਹੈ। ਇਹ ਗੁਰੂਦੇਵ ਵੱਲੋਂ ਸਿਰਜੇ ਕਿਰਤ ਸੱਭਿਆਚਾਰ ਪ੍ਰਤੀ ਪਿਆਰ ਅਤੇ ਸਮਰਪਿਤਤਾ ਦੀ ਅਲੌਕਿਕ ਮਿਸਾਲ ਸੀ।

ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿੰਡ ਵਿੱਚ ਆਤਮ ਨਿਰਭਰ ਪੇਂਡੂ ਅਰਥ ਵਿਵਸਥਾ ਨੂੰ ਪ੍ਰਪੱਕ ਕਰਨ ਲਈ ਵੱਖ-ਵੱਖ ਕਿਰਤੀ ਭਾਈਚਾਰਿਆਂ ਨੂੰ ਬੜ੍ਹਾਵਾ ਦਿੱਤਾ, ਜਿਨ੍ਹਾਂ ਵਿੱਚ ਨਾਈ, ਛੀਂਬੇ, ਝੀਊਰ, ਤਰਖਾਣ, ਲੁਹਾਰ, ਠਠਿਆਰ, ਘੁਮਿਆਰ, ਸੇਪੀ (ਗੋਹਾ-ਕੂੜਾ ਚੁੱਕਣ ਵਾਲੇ), ਮਨੋਰੰਜਨ ਕਰਤਾ ਰਾਸਧਾਰੀ, ਮਰਾਸੀ, ਸ਼ਿਲਪੀ ਆਦਿ ਸ਼ਾਮਲ ਸਨ।

ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਰਾਮਦਾਸਪੁਰਾ, ਜੋ ਅੱਜ ਸਿੱਖੀ ਦੇ ਧੁਰੇ ਅਤੇ ਮੁਕਦੱਸ ਅਸਥਾਨ ‘ਸ਼੍ਰੀ ਅੰਮ੍ਰਿਤਸਰ’ ਵਜੋਂ ਸਥਾਪਿਤ ਹੈ, ਨੂੰ ਪ੍ਰਫੂਲਤ ਕਰਨ ਲਈ ਵੱਖ-ਵੱਖ ਥਾਵਾਂ ਤੋਂ ਸੱਦ ਕੇ ਸ਼ਿਲਪਕਾਰਾਂ, ਦਸਤਕਾਰਾਂ, ਤਕਨੀਸ਼ਨਾਂ, ਆਰਟਿਸਟਾਂ, ਵਪਾਰੀਆਂ, ਕਾਰੋਬਾਰੀਆਂ ਆਦਿ ਨੂੰ ਇਸ ਸ਼ਹਿਰ ਵਿੱਚ ਵਸਾਇਆ।

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਵੱਲੋਂ ਪ੍ਰਫੁੱਲਤ ਅਤੇ ਪ੍ਰਪੱਕ ਕੀਤੇ ਕਿਰਤ ਸੱਭਿਆਚਾਰ ਦਾ ਹੀ ਕਮਾਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਵਿਸ਼ਵ ਦੀ ਸੈਨਿਕ ਸ਼ਕਤੀ ਦੇ ਨਾਲ-ਨਾਲ ਇੱਕ ਤਾਕਤਵਰ ਆਰਥਿਕ ਸ਼ਕਤੀ ਵਜੋਂ ਉੱਭਰਿਆ ਸੀ। ਨਾਨਕਸ਼ਾਹੀ ਰੁਪਇਆ ਉਦੋਂ ਬ੍ਰਿਟਿਸ਼ ਕਰੰਸੀ ਦੇ 13 ਪੌਂਡ ਬਰਾਬਰ ਸੀ। ਇੰਗਲੈਂਡ ਅਤੇ ਫਰਾਂਸ ਵਰਗੇ ਰਾਜ ਪੰਜਾਬੀ ਤਕਨੀਸ਼ੀਅਨਾਂ ਵੱਲੋਂ ਵਿਕਸਿਤ ਤੋਪਖਾਨੇ, ਗੋਲਾ-ਬਰੂਦ ਅਤੇ ਹੋਰ ਜੰਗੀ ਤਕਨੀਕਾਂ ਵੇਖ ਕੇ ਅਸ਼-ਅਸ਼ ਕਰ ਉੱਠੇ।

ਸ਼ਾਇਦ ਬਹੁਤੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਘੱਟ ਪਤਾ ਹੋਵੇ ਕਿ ਦੇਸ਼ ਅਜ਼ਾਦੀ ਵੇਲੇ ਪੰਜਾਬ ਦੀ ਵੰਡ ਦੀ ਬਰਬਾਦੀ ਸਮੇਂ, ਜਿਸ ਵਿੱਚ 10 ਲੱਖ ਪੰਜਾਬੀ ਮਾਰੇ ਗਏ, ਢਾਈ ਕਰੋੜ ਨੂੰ ਪੋਕਾਂ ਨੂੰ ਇੱਧਰ-ਉੱਧਰ ਹਿਜਰਤ ਕਰਨੀ ਪਈ। ਪੰਜਾਬ ਦੀ ਮਜ਼ਬੂਤ ਆਰਥਿਕਤਾ ਤਹਿਸ-ਨਹਿਸ ਹੋ ਗਈ ਸੀ, ਜਿਸ ਨੂੰ ਕੁਝ ਸਾਲਾਂ ਵਿੱਚ ਮੁੜ ਪੈਰੀਂ ਖੜ੍ਹਾ ਕਰਨ ਪਿੱਛੇ ਅਸਲ ਸ਼ਕਤੀ ਡਾ. ਮਹਿੰਦਰ ਸਿੰਘ ਰੰਧਾਵਾ ਆਈ.ਸੀ.ਐੱਸ ਅਨੁਸਾਰ ਬਾਬਾ ਨਾਨਕ ਦਾ ਕਿਰਤ ਸੱਭਿਆਚਾਰ ਸੀ। ਸੱਤਾ ਖਾਤਰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਆਗੂਆਂ ਨੇ ਪੰਜਾਬ ਤਾਂ ਬਰਬਾਦ ਕਰ ਦਿੱਤਾ ਪਰ ਇਸਦੇ ਕਿਰਤ ਸੱਭਿਆਚਾਰ ਦਾ ਵਾਲ ਵਿੰਗਾ ਨਹੀਂ ਨਾ ਕਰ ਸਕੇ। ਡਾ. ਰੰਧਾਵਾ ਅਨੁਸਾਰ ਪੰਜਾਬ ਦੇ ਉੱਜੜੇ-ਪੁੱਜੜੇ ਪਿੰਡਾਂ, ਇਸਦੀ ਖੇਤੀ ਤੇ ਪੇਂਡੂ ਆਰਥਿਕਤਾ ਨੂੰ ਮੁੜ ਲੋਕਾਂ ਨੇ ਸਿਰ ਜੋੜ ਕੇ ਖੜ੍ਹਾ ਹੀ ਨਹੀਂ ਕੀਤਾ ਬਲਕਿ ਨਵੇਂ ਸੰਦ ਵੀ ਈਜਾਦ ਕੀਤੇ। ਨਵੀਆਂ ਮਿੱਟੀ ਪਰਤਾਵੇ ਹਲ, ਬੀਜ ਕੇਰਵੀਆਂ ਹਲ, ਚਾਰਾਂ ਟੋਕਾ ਮਸ਼ੀਨਾਂ ਅਤੇ ਫਿਰ ਟਿਊਬਵੈਲਾਂ, ਟਰੈਕਟਰਾਂ ਅਤੇ ਸਬੰਧਿਤ ਮਸ਼ੀਨਰੀ ਨੇ ‘ਹਰਾ ਇਨਕਲਾਬ’ ਸਿਰਜਣ ਵਿੱਚ ਭਰਪੂਰ ਮਦਦ ਕੀਤੀ। ਪੰਜਾਬ ਵਿੱਚ ਖੇਤੀ ਆਰਥਿਕਤਾ ਨੂੰ ਪ੍ਰਪੱਕ ਕਰਨ ਵਾਲੇ ਛੋਟੇ ਉਦਯੋਗ, ਵਰਕਸ਼ਾਪਾਂ, ਫਾਉਂਡਰੀਆਂ, ਕੱਪੜਾ ਸਨਅਤਾਂ ਆਦਿ ਬਟਾਲਾ, ਛੇਹਰਟਾ, ਤਲਵੰਡੀ ਭਾਈ, ਮੰਡੀ ਗੋਬਿੰਦਗੜ੍ਹ, ਜਲੰਧਰ, ਫਗਵਾੜਾ, ਲੁਧਿਆਣਾ, ਰਾਜਪੁਰਾ, ਨਾਭਾ, ਪਟਿਆਲਾ, ਗੁਰਾਇਆ, ਬਠਿੰਡਾ, ਮਾਨਸਾ ਆਦਿ ਵਿਖੇ ਵਧਣ-ਫੁੱਲਣ ਲੱਗੀਆਂ।

ਪਹਿਲੀ ਨਵੰਬਰ, 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਤੋਂ ਬਾਅਦ ਅਕਾਲੀ ਸਰਕਾਰਾਂ ਨੇ ਰਾਜ ਵਿੱਚ ਕਿਰਤ ਸੱਭਿਆਚਾਰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪੱਕੀਆਂ ਲਿੰਕ ਸੜਕਾਂ ਦਾ ਨਿਰਮਾਣ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਸਭ ਤੋਂ ਘੱਟ ਉਮਰ ਦੇ ਪੰਜਾਬ ਵਿੱਚ ਅਕਾਲੀ ਮੁੱਖ ਮੰਤਰੀ ਨੇ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਲਈ ‘ਫੋਕਲ ਪੁਆਇੰਟ’, ਕਾਲਝਰਾਣੀ (ਮੁਕਤਸਰ) ਅਤੇ ਪੱਧਰੀ (ਅੰਮ੍ਰਿਤਸਰ) ਵਿਖੇ ਪ੍ਰੋਗਰਾਮ ਲਿਆਂਦੇ। ਲੇਕਿਨ ‘ਅਕਾਲੀ ਲੀਡਰਸ਼ਿੱਪ’ ਅੰਦਰ ਸੱਤਾ ਭੁੱਖ, ਏਕਾਧਿਕਾਰ ਅਤੇ ਪਰਿਵਾਰਵਾਦੀ ਰਾਜਨੀਤੀ ਨੇ ਬਾਬੇ ਨਾਨਕ ਦੇ ਕਿਰਤ ਸੱਭਿਆਚਾਰ ਦਾ ਗੱਲ ਆਪਣੇ ਹੱਥੀਂ ਦਬਾਅ ਕੇ ਇਸਦੀ ਬਰਬਾਦੀ ਦੀ ਦਾਸਤਾਨ ਲਿਖਣੀ ਸ਼ੁਰੂ ਕਰ ਦਿੱਤੀ।

ਵਿਸ਼ਵ ਭਰ ਵਿੱਚ ਮੰਨੇ-ਪ੍ਰਮੰਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਕਿਰਤੀਆਂ ਨੇ ਕਿਸੇ ਅਕਾਲੀ ਆਗੂ, ਸਰਕਾਰ ਜਾਂ ਮੁੱਖ ਮੰਤਰੀ ਤੋਂ ਟਿਊਬਵੈਲ ਬਿਜਲੀ ਬਿੱਲਾਂ ਦੀ ਮੁਆਫੀ, ਮਾਮਲੇ-ਘਲਾਣੇ ਦੀ ਮੁਆਫੀ, ਮੁਫਤ ਆਟਾ-ਦਾਲ ਸਕੀਮ ਦੀ ਮੰਗ ਨਹੀਂ ਕੀਤੀ, ਨਾ ਹੀ ਕਿਸੇ ਦਲਿਤ ਜਾਂ ਅਨੁਸੂਚਿਤ ਜਾਤੀ ਸਬੰਧੀ ਭਾਈਚਾਰੇ ਨੇ ‘ਸ਼ਗਨ ਸਕੀਮ’ ਦੀ ਮੰਗ ਕੀਤੀ। ਆਟਾ-ਦਾਲ ਸਕੀਮ ਦੇ ਐਲਾਨ ਸਬੰਧੀ ਲੇਖਕ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਿੱਜੀ ਗੱਲਬਾਤ ਸਮੇਂ ਤਨਜ ਕਰਦੇ ਕਿਹਾ, “ਅੰਕਲ ਜੀ, ਹਰ ਪਿੰਡ ਵਿੱਚ ਦੋ-ਦੋ, ਤਿੰਨ-ਤਿੰਨ ਢਾਬੇ ਖੋਲ੍ਹ ਦਿਉ ਤਾਂ ਵਧੀਆ ਰਹੇਗਾ।” ਉਨ੍ਹਾਂ ਕਿਹਾ, “ਇਹ ਕੀ ਗੱਲ?” “ਬਸ! ਲੋਕ ਮੁਫਤ ਇਨ੍ਹਾਂ ਢਾਬਿਆਂ ’ਤੇ ਸਵੇਰ-ਸ਼ਾਮ ਰੋਟੀ ਖਾਣ, ਤੇ ਮੌਜਾਂ ਕਰਨ। ਆਟਾ-ਦਾਲ ਵੰਡਣ ਦੀ ਲੋੜ ਹੀ ਨਾ ਰਹੇ।” ਲੇਖਕ ਨੇ ਬੇਬਾਕ ਕਿਹਾ। ਇਹ ਗੱਲ ਸੰਨ 2007 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਵੇਲੇ ਦੀ ਹੈ। ਸ. ਬਾਦਲ ਆਪਣੇ ਸੁਭਾਅ ਮੁਤਾਬਿਕ ਚੁੱਪ ਰਹੇ ਪਰ ਲੇਖਕ ਨੇ 10-12 ਸਾਲ ਪੰਜਾਬ ਸੰਤਾਪ ਦੀ ਮਾਰ ਬਾਅਦ 1997-2002 ਅਕਾਲੀ-ਭਾਜਪਾ ਸ਼ਾਸਨ ਅਤੇ ਤੱਤਕਾਲੀ ਸ਼ਾਸਨ ਵੇਲੇ ‘ਕਿਰਤ ਸੱਭਿਆਚਾਰ’ ਦੀ ਮੁੜ ਸੁਰਜੀਤੀ ਵੇਲੇ ਢੁਕਵੇਂ ਕਦਮ ਨਾ ਚੁੱਕਣ ਦੀ ਵਿਚਾਰ ਜ਼ਰੂਰ ਸੰਖੇਪ ਵਿੱਚ ਉਨ੍ਹਾਂ ਅੱਗੇ ਰੱਖੀ। ਸੁਖਬੀਰ ਸਿੰਘ ਬਾਦਲ ਵੱਲੋਂ ਸ਼ਾਸਨ-ਪ੍ਰਸ਼ਾਸਨ ’ਤੇ ਕਾਬਜ਼ ਹੋਣ ਬਾਅਦ ਤਾਂ ਇਸ ‘ਕਿਰਤ ਸੱਭਿਆਚਾਰ’ ਦੇ ਵਿਚਾਰ ਦਾ ਵੀ ਭੋਗ ਪੈ ਗਿਆ, ਅਮਲ ਤਾਂ ਕਿਸ ਨੇ ਕਰਨਾ ਸੀ।

ਸਭ ਜਾਣਦੇ ਹਨ ਕਿਵੇਂ ਇਸ ਪੰਜਾਬ ਵਿੱਚ ਸਦੀਆਂ ਤੋਂ ਕਿਸਾਨ, ਕਿਰਤੀ, ਕਾਮੇ, ਦਸਤਕਾਰ, ਸ਼ਿਲਪੀ ਸੇਪੀ ਸਿਸਟਮ ਨਾਲ ਪੇਂਡੂ ਅਰਥਚਾਰਾ ਆਤਮ ਨਿਰਭਰ ਬਣਾਈ ਰੱਖਦੇ ਰਹੇ ਸਨ। ਖੇਤੀ, ਪਸ਼ੂਆਂ ਦੀ ਸੰਭਾਲ, ਗੋਹਾ-ਕੂੜਾ, ਕੱਤਣਾ-ਪਰੋਣਾ, ਸੀਊਣਾ, ਦਰੀਆਂ, ਖੇਸ, ਰਜਾਈਆਂ, ਕਢਾਈਆਂ, ਸੰਦਾਂ ਦੀ ਸੰਭਾਲ, ਘਰਾਂ ਦੀ ਉਸਾਰੀ, ਭਾਂਡੇ-ਬਰਤਨ, ਜੁੱਤੇ, ਰੰਗਾਈ, ਦਵਾ-ਬੂਟੀ (ਵੈਦ), ਵਿਆਹ-ਸ਼ਾਦੀਆਂ, ਸਦਾਚਾਰ, ਮੰਦਰ, ਮਸਜਿਦਾਂ, ਗੁਰਦਵਾਰਿਆਂ ਦੀ ਸਾਂਭ-ਸੰਭਾਲ, ਅੰਤਰ-ਜਾਤੀ, ਅੰਤਰ-ਧਰਮੀ ਆਦਿ ਸਭ ਮਿਲ ਕੇ ਅਧਿਆਤਮਿਕ ਅਤੇ ਕਿਰਤ ਸੱਭਿਆਚਾਰ ਨੂੰ ਸੰਜੋਅ ਕੇ ਰੱਖਦੇ। ਲੇਕਿਨ ਪੰਜਾਬ ਅੰਦਰ ਸੱਤਾ ਸ਼ਕਤੀ ਦੀ ਭੁੱਖ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਇਹ ਪਵਿੱਤਰ ਆਪਸੀ ਭਾਈਚਾਰਕ ਸਾਂਝ ਭਰੇ ‘ਅਧਿਆਤਮਿਕ ਸੱਭਿਆਚਾਰ’ ਅਤੇ ਆਰਥਿਕ ਨਿਰਭਰਤਾ ਭਰੇ ‘ਕਿਰਤ ਸੱਭਿਆਚਾਰ’ ਦੇ ਮਾਅਨੇ ਹੀ ਭੁਲਾ ਸੁੱਟੇ।

ਗੁਰੂ ਸਾਹਿਬ ਨੇ ਬੜੇ ਸਰਲ ਅਤੇ ਖੂਬਸੂਰਤ ਢੰਗ ਨਾਲ ਸਮਝਾਇਆ, “ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ॥” ਪਰ ਜਦੋਂ ਤੁਸੀਂ ਕਿਰਤ ਕਰਨੀ ਵਿਸਾਰ ਦਿੱਤੀ, ਗੁਰੂਤਾ ਮਾਰਗ ਤਾਂ ਭੁੱਲਣਾ ਹੀ ਭੁੱਲਣਾ ਸੀ। ਕਿਰਤ ਦੀ ਥਾਂ ਭ੍ਰਿਸ਼ਟਾਚਾਰ, ਚੋਰੀ, ਠੱਗੀ, ਦਗਾਬਾਜ਼ੀ, ਨਸ਼ੀਲੇ ਪਦਾਰਥਾਂ ਦੀ ਵਿੱਕਰੀ ਨੇ ਲੈ ਲਈ। ਅਕਾਲੀ ਦਲ ਦੇ ਮੰਤਰੀ ਉੱਤੇ ਨਸ਼ਾ ਵਿੱਕਰੀ ਦਾ ਦੋਸ਼ ਲੱਗਣਾ ਅਤੇ ਫਿਰ ਕੇਸ ਦਰਜ ਹੋਣਾ, ਇਸਦੇ ਸ਼ਾਨਾਮੱਤੇ ਪਿਛੋਕੜ, ਕਿਰਦਾਰ ਅਤੇ ਪੰਥਕ ਸੱਭਿਆਚਾਰ ਨੂੰ ਕਲੰਕਿਤ ਕੀਤਾ ਜਾਣਾ ਸੀ।

ਸੰਨ 1980 ਦਹਾਕੇ ਦੇ ਸ਼ੁਰੂ ਵਿੱਚ ਜੋ ਪੰਜਾਬ ਦੇਸ਼ ਦਾ ਪ੍ਰਤੀ ਜੀਅ ਆਮਦਨ ਪੱਖੋਂ ਨੰਬਰ ਇੱਕ ਅਤੇ ਕਰਜ਼ ਰਹਿਤ ਬੱਜਟ ਵਾਲਾ ਸੂਬਾ ਸੀ। ਪੰਜਾਬ ਸੰਤਾਪ ਦੌਰਾਨ ਕੇਂਦਰੀ ਬਲਾਂ ਦੀ ਤਾਇਨਾਤੀ ਵਿੱਚ ਪਿੱਸਦਾ ਸੰਨ 1997 ਵਿੱਚ 5700 ਕਰੋੜ ਦਾ ਕਰਜ਼ਾਈ ਹੋ ਗਿਆ। ਇਹ ਕਰਜ਼ਾ ਬਗੈਰ ਕਿਸੇ ਕੇਂਦਰੀ ਅਤੇ ਬਾਹਰੀ ਮਦਦ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰਾਂ ਪੰਜਾਬ ਦੀ ਸੋਨੇ ਵਰਗੀ ਧੰਨ-ਸੰਪਦਾ ਦਰਿਆਈ ਰੇਤ-ਬੱਜਰੀ ਦੀ ਵਿਕਰੀ ਨਾਲ ਨਾ ਸਿਰਫ ਉਤਾਰਿਆ ਜਾ ਸਕਦੀ ਸੀ ਬਲਕਿ ਇੱਕ ਨਵੇਂ ਕੱਪੜਾ, ਹੌਜ਼ਰੀ, ਤਕਨੀਕੀ, ਫੂਡ ਪ੍ਰਾਸੈਸਿੰਗ ਸਨਅਤੀਕਰਨ ਚੇਨ ਰਾਹੀਂ ਪੰਜਾਬ ਦੀ ਉਸਾਰੀ ਕਰ ਸਕਦੀਆਂ ਸਨ। ਅਕਾਲੀ ਦਲ ਜਿਹੀ ਤਾਕਤਵਰ ਅਤੇ ਦੇਸ਼ ਵਿੱਚ ਸਭ ਤੋਂ ਪੁਰਾਣੀ ਇਲਾਕਾਈ ਪਾਰਟੀ, ਜਿਸ ਨੇ ਦੇਸ਼ ਅਜ਼ਾਦੀ, ਬਾਅਦ ਵਿੱਚ ਫੈਂਡਰਲਿਜ਼ਮ ਦੀ ਰਾਖੀ, ਲੋਕਸ਼ਾਹੀ ਵਿਰੋਧੀ ਐਮਰਜੈਂਸੀ ਵਿਰੁੱਧ ਕੁਰਬਾਨੀਆਂ ਅਤੇ ਮੋਰਚਿਆਂ ਰਾਹੀਂ ਵੱਡਾ ਨਾਮਣਾ ਖੱਟਿਆ, ਸੱਤਾ ਪ੍ਰਾਪਤੀ ਬਾਅਦ ਇਸਦੇ ਵਰਕਰਾਂ, ਆਗੂਆਂ, ਮੰਤਰੀਆਂ ਨੇ ਕੁਝ ਨਿਗੂਣੇ ਛਿੱਲੜਾਂ ਖਾਤਰ ਰੇਤ-ਬਜਰੀ, ਨਸ਼ੀਲੇ ਪਦਾਰਥਾਂ, ਸ਼ਰਾਬ, ਟਰਾਂਸਪੋਰਟ, ਕੇਬਲ, ਜ਼ਮੀਨੀ ਕਬਜ਼ੇ, ਵਪਾਰਾਂ ਕਰਕੇ ਪਾਰਟੀ ਅਤੇ ਕਿਰਤ ਸੱਭਿਆਚਾਰ ਗਾਲ਼ ਕੇ ਰੱਖ ਦਿੱਤੇ। ਇਹ ਪਾਰਟੀ ਇੰਨੀਆਂ ਨਿਵਾਣਾਂ ਵਿੱਚ ਗਰਕ ਹੋ ਗਈ ਕਿ ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਰਾਖੀ ਤਾਂ ਦੂਰ, ਇਹ ‘ਗੁਰੂ’ ਦੀ ਰਾਖੀ ਨਾ ਕਰ ਸਕੀ। ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ  ਕਮੇਟੀ ਅਤੇ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਕੇ ਪੰਥਕ ਆਨ, ਬਾਨ, ਸ਼ਾਨ ਨੂੰ ਘੱਟੇ ਕੌਡੀ ਰੋਲਿਆ। ਕੀ ਸ਼ਰਮਨਾਕ ਲੀਡਰਸ਼ਿੱਪ ਪਤਨ ਰਾਜਨੀਤਕ ਸੱਭਿਆਚਾਰ ਹੈ? ਜਿਸ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਤੁੜ ਆਦਿ ਵਰਗੇ ਜਾਂਬਾਜ਼ ਪੰਥਕ ਆਗੂ ਸਨ ਅੱਜ ਬੰਟੀ, ਸ਼ੰਟੀ, ਖੰਨਾ, ਬਰਕੰਦੀ ਨਾਲ ਘਿਰਿਆ ਅਜੋਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਧਰੇ ਪੰਥਕ ਜਾਂਬਾਜ਼ ਆਗੂ ਨਹੀਂ ਲਗਦਾ।ਅਕਾਲੀ ਦਲ ਦਾ ਫਲਸਫਾ ਅਤੇ ਹੇਠਲਾ ਕਾਡਰ ਜ਼ਿੰਦਾ ਹੈ, ਲੋੜ ਜਾਂਬਾਜ਼, ਗਤੀਸ਼ੀਲ, ਕਿਰਤ ਸੱਭਿਆਚਾਰ ਤੇ ਪੰਥਕ ਫਲਸਫੇ ਨੂੰ ਸਮਰਪਿਤ, ਕੁਰਬਾਨੀਆਂ ਲਈ ਤਤਪਰ ਨਿਰਛਲ, ਇਮਾਨਦਾਰ ਅਤੇ ਜਵਾਬਦੇਹ ਲੀਡਰਸ਼ਿੱਪ ਦੀ ਹੈ, ਜੋ ਇਸ ਨੂੰ ਮੁੜ ਸੁਰਜੀਤ ਕਰ ਸਕੇ।

 

ਦਰਬਾਰਾ ਸਿੰਘ ਕਾਹਲੋਂ