ਸੁਖਬੀਰ ਦਾ ਨਵਾਂ ਰਟਨ, "ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ "; ਭਾਈ ਮੰਡ ਪ੍ਰਤੀ ਵਰਤੇ ਇਤਰਾਜ਼ਯੋਗ ਸ਼ਬਦ

ਸੁਖਬੀਰ ਦਾ ਨਵਾਂ ਰਟਨ,

ਬਠਿੰਡਾ: ਬੀਤੀ ਸਰਕਾਰ ਮੌਕੇ ਡੇਰਾ ਸਿਰਸਾ ਮੁਖੀ ਨੂੰ ਆਪਣੇ ਪ੍ਰਭਾਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਉਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਅਤੇ ਸਿੱਖ ਸੰਗਤਾਂ 'ਤੇ ਗੋਲੀਆਂ ਚਲਾਉਣ ਦੀਆਂ ਗਲਤੀਆਂ ਦਾ ਸੇਕ ਬਾਦਲ ਦਲ ਦੀ ਸਿਆਸੀ ਹੋਣੀ ਨੂੰ ਲਗਾਤਾਰ ਸਾੜਦਾ ਜਾ ਰਿਹਾ ਹੈ। ਭਾਵੇਂ ਕਿ ਬਾਦਲ ਦਲ ਦੇ ਬਰਾਬਰ ਕਿਸੇ ਸਿੱਖ ਧਿਰ ਦਾ ਵੱਡਾ ਖਲਾਅ ਸਿੱਖ ਸਿਆਸਤ ਵਿੱਚ ਪਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਹੁਣ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਾਦਲ ਦਲ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਅਜਿਹੇ ਵਿੱਚ ਆਪਣੀ ਸਿਆਸੀ ਹੋਣੀ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਬਾਦਲ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅੱਜ ਕੱਲ੍ਹ ਇੱਕ ਨਵੀਂ ਰੱਟ ਫੜੀ ਹੈ। ਸੁਖਬੀਰ ਸਿੰਘ ਬਾਦਲ ਜਿੱਥੇ ਵੀ ਰੈਲੀ ਕਰਨ ਜਾ ਰਹੇ ਹਨ ਉੱਥੇ ਇਹ ਸ਼ਬਦ ਜ਼ਰੂਰ ਦੁਹਰਾਉਂਦੇ ਹਨ, "ਬੇਅਦਬੀ ਕਰਨ ਵਾਲੇ ਰਾਖਸ਼ਸ ਹਨ, ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਅਤੇ ਬੇਅਦਬੀ 'ਤੇ ਸਿਆਸਤ ਕਰਨ ਵਾਲਿਆਂ ਦਾ ਵੀ ਕੱਖ ਨਾ ਰਹੇ।" 

ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਡੇਰਾ ਸਿਰਸਾ ਦੀ ਸ਼ਮੂਲੀਅਤ ਦੇ ਸਬੂਤ ਮਿਲਣ ਮਗਰੋਂ ਬਾਦਲ ਪਰਿਵਾਰ 'ਤੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਸਿੱਧੀ ਸ਼ਮੂਲੀਅਤ ਦੇ ਦੋਸ਼ ਲੱਗਦੇ ਆ ਰਹੇ ਹਨ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਬਾਦਲ ਦਲ ਦੇ ਹਾਲਤ ਬਹੁਤ ਮਾੜੀ ਹੋਈ ਸੀ ਤੇ ਹੁਣ ਲੋਕ ਸਭਾ ਚੋਣਾਂ ਵਿੱਚ ਵੀ ਬਾਦਲ ਦਲ ਦੇ ਹਾਲਾਤ ਕੁੱਝ ਚੰਗੇ ਨਹੀਂ ਨਜ਼ਰ ਆ ਰਹੇ।

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਹੁਣ ਹਰ ਜਗ੍ਹਾ ਜਾ ਕੇ ਇਹਨਾਂ ਸ਼ਬਦਾਂ ਨਾਲ ਲੋਕਾਂ ਨੂੰ ਵਾਸਤਾ ਪਾ ਰਹੇ ਹਨ ਕਿ ਉਹਨਾਂ ਦਾ ਬੇਅਦਬੀ ਦੀਆਂ ਘਟਨਾਵਾਂ ਵਿੱਚ ਕੋਈ ਹੱਥ ਨਹੀਂ ਹੈ। ਉਹ ਇਸ ਨੂੰ ਕਾਂਗਰਸ ਦੀ ਇੱਕ ਸਾਜਿਸ਼ ਦੱਸ ਰਹੇ ਹਨ ਤੇ ਬਰਗਾੜੀ ਮੋਰਚੇ ਨੂੰ ਵੀ ਕਾਂਗਰਸ ਦੀ ਸ਼ਹਿ 'ਤੇ ਬਾਦਲ ਦਲ ਨੂੰ ਬਦਨਾਮ ਕਰਨ ਦਾ ਇੱਕ ਪ੍ਰੋਗਰਾਮ ਦੱਸ ਰਹੇ ਹਨ। 
ਭਾਈ ਧਿਆਨ ਸਿੰਘ ਮੰਡ ਨੂੰ ਦੱਸਿਆ ਮੱਝ ਚੋਰ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਹਲਕੇ ਤੋਂ ਬਾਦਲ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਚੋਣ ਰੈਲੀ ਕਰਦਿਆਂ ਭਾਈ ਧਿਆਨ ਸਿੰਘ ਮੰਡ ਪ੍ਰਤੀ ਅਤਿ ਨੀਵੇਂ ਦਰਜ਼ੇ ਦੇ ਸ਼ਬਦਾਂ ਦੀ ਵਰਤੋਂ ਕੀਤੀ। ਆਪਣੇ ਭਾਸ਼ਣ ਦੌਰਾਨ ਉਹਨਾਂ ਭਾਈ ਧਿਆਨ ਸਿੰਘ ਮੰਡ ਬਾਰੇ ਬੋਲਦਿਆਂ ਕਿਹਾ ਕਿ ਜੇ ਉਸ ਇਲਾਕੇ 'ਚ ਕੋਈ ਮੱਝ ਚੋਰੀ ਹੋਜੇ ਤਾਂ ਪੁਲਿਸ ਨੂੰ ਪਤਾ ਹੁੰਦਾ ਕਿ ਉਹ ਮੰਡ ਦੇ ਘਰੇ ਹੁੰਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ