ਸ੍ਰੀ ਦਰਬਾਰ ਸਾਹਿਬ 'ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਹੋਈ

ਸ੍ਰੀ ਦਰਬਾਰ ਸਾਹਿਬ 'ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਹੋਈ

ਅੰਮ੍ਰਿਤਸਰ ਸਾਹਿਬ: ਸ੍ਰੀ ਦਰਬਾਰ ਸਾਹਿਬ ’ਤੇ ਲੱਗੇ ਸੋਨੇ ਦੀ ਸਾਫ਼-ਸਫ਼ਾਈ ਹਿੱਤ ਇਸ ਦੀ ਧੁਆਈ ਦੀ ਸੇਵਾ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇੰਗਲੈਂਡ ਤੋਂ ਆਏ ਜਥੇ ਦੇ ਕਰੀਬ 50 ਸੇਵਾਦਾਰਾਂ ਵੱਲੋਂ ਇਕ ਹਫ਼ਤਾ ਸਮੁੱਚੇ ਸੋਨੇ ਦੀ ਧੁਆਈ ਕੀਤੀ ਜਾਵੇਗੀ। 

ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵੱਧ ਰਹੇ ਪ੍ਰਦੂਸ਼ਣ ਕਾਰਨ ਇੱਥੇ ਲੱਗੇ ਸੋਨੇ ਦੀ ਚਮਕ ਫਿੱਕੀ ਪੈ ਜਾਂਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਦੀ ਚਮਕ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਦੀ ਸਫ਼ਾਈ ਤੇ ਧੁਆਈ ਕਰਵਾਈ ਜਾਂਦੀ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਦਿੱਤੀ ਗਈ ਹੈ। ਇਸੇ ਜਥੇ ਵੱਲੋਂ 1995 ਤੋਂ 1999 ਤੱਕ ਵੀ ਸੇਵਾ ਕੀਤੀ ਗਈ ਸੀ। ਅੱਜ ਸੋਨੇ ਦੀ ਧੁਆਈ ਦੀ ਸੇਵਾ ਦੀ ਸ਼ੁਰੂਆਤ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਕੀਤੀ ਗਈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਸਮੇਤ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। 

ਸ਼ੁਰੂਆਤ ਮੌਕੇ ਅਰਦਾਸ ਕੀਤੀ ਗਈ ਅਤੇ ਮੁੜ ਜਥੇ ਦੇ ਮੈਂਬਰਾਂ ਵਲੋਂ ਰੀਠੇ ਦੇ ਪਾਣੀ ਨਾਲ ਇਸ ਦੀ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ। ਵੱਡੇ ਗੁੰਬਦ ਤੋਂ ਇਲਾਵਾ ਛੋਟੀਆਂ ਗੁੰਬਦੀਆਂ ਅਤੇ ਇੱਥੇ ਲੱਗੇ ਸੋਨੇ ਦੇ ਛੱਜੇ ਰੀਠੇ ਦੇ ਪਾਣੀ ਨਾਲ ਧੋਤੇ ਗਏ ਅਤੇ ਚਮਕਾਏ ਗਏ। ਨਿਸ਼ਕਾਮ ਸੇਵਕ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵਲੋਂ 1995 ਤੋਂ ਲੈ ਕੇ 1999 ਤੱਕ ਇੱਥੇ ਸੋਨਾ ਲਾਉਣ ਦੀ ਸੇਵਾ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਰ ਵਰ੍ਹੇ ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ। ਕੁੱਝ ਵਰ੍ਹੇ ਇਹ ਸੇਵਾ ਠੱਪ ਰਹੀ ਅਤੇ ਹੁਣ ਮੁੜ 2016 ਤੋਂ ਜਥੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਸਿੱਖ ਰਾਜ ਮੌਕੇ ਸੋਨਾ ਲਗਵਾਇਆ ਗਿਆ ਸੀ।

ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥੇ ਦੇ ਸੇਵਾਦਾਰਾਂ ਵਿਚ ਕੁਝ ਮਾਹਿਰ ਵੀ ਸ਼ਾਮਲ ਹਨ। ਧੁਆਈ ਦੀ ਸੇਵਾ ਲਈ ਕੁਦਰਤੀ ਤਰੀਕਾ ਹੀ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਧੁਆਈ ਲਈ ਰੀਠੇ ਨੂੰ ਉਬਾਲਿਆ ਜਾਂਦਾ ਹੈ ਤੇ ਉਸ ਪਾਣੀ ਵਿਚ ਨਿੰਬੂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਨਾਲ ਸੋਨੇ ਨੂੰ ਧੋਇਆ ਜਾਂਦਾ ਹੈ ਅਤੇ ਸੋਨੇ ਦੀ ਚਮਕ ਮੁੜ ਕਾਇਮ ਹੋ ਜਾਂਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ