ਲਿਓਨੇਲ ਮੇਸੀ ਬਣਿਆ ਫੁੱਟਬਾਲ ਦੁਨੀਆਂ ਦਾ ਬਾਦਸ਼ਾਹ  

ਲਿਓਨੇਲ ਮੇਸੀ  ਬਣਿਆ ਫੁੱਟਬਾਲ  ਦੁਨੀਆਂ ਦਾ ਬਾਦਸ਼ਾਹ  

 ਸਟੇਡੀਅਮ ਵਿੱਚ ਬੈਠੇ 88966 ਦੀਵਾਨਿਆਂ ਨੇ ਉਸ ਦਿਨ ਇਕੋ ਸਮੇਂ ਪਤਝੜ ਤੇ ਬਹਾਰ ਦੇ ਨਜ਼ਾਰੇ ਵੇਖੇ

 ਦਿਲ ਕਹਿੰਦਾ ਪਈ ਐਤਵਾਰ ਵਾਲੇ ਦਿਨ ਕਤਰ ਮੁਲਕ ਦੇ ਲਾਸੈਲ   ਸਟੇਡੀਅਮ ਵਿਚ ਦਰਦ ਨਾਲ਼ ਭਰੇ ਹੰਝੂਆਂ ਦੇ ਨਜ਼ਾਰੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਆਉਣ ਵਾਲਾ ਕੱਲ ਸਾਨੂੰ ਉਲਾਂਭੇ ਨਾ ਦਵੇ। ਇਹ ਮਿਹਣੇ ਨਾ ਮਾਰੇ ਅਤੇ ਇਹ ਸਵਾਲ ਨਾ ਕਰੇ ਕਿ ਇਸ ਇਤਿਹਾਸਕ ਯਾਦ ਨੂੰ ਸਾਂਭਣ ਲਈ ਪੰਜਾਬੀ ਕਲਮਾਂ ਕਿਉਂ ਸੁੱਕੀਆਂ ਸੜੀਆਂ ਰਹੀਆਂ? ਖੇਡ ਜਗਤ ਦੇ ਦਿਲਕਸ਼ ਨਜ਼ਾਰੇ ਪੇਸ਼ ਕਰਨ ਵਾਲਾ ਸਰਵਣ "ਪੁੱਤਰ" ਵੀ ਅਜੇ ਕਿਧਰੇ ਨਜ਼ਰੀਂ ਨਹੀਂ ਪਿਆ| 

ਵੈਸੇ ਕਤਰ ਤੋਂ ਬਾਹਰ ਵੀ ਖੁਸ਼ੀ ਤੇ ਦਰਦ ਦਾ ਆਲਮ ਕੁਝ ਇਸੇ ਤਰ੍ਹਾਂ ਹੀ ਸੀ ਜੋ ਪੂਰੀ ਤਰ੍ਹਾਂ ਅਜੇ ਸਾਡੀ ਪਹੁੰਚ ਅਤੇ ਪਕੜ ਵਿੱਚ ਨਹੀਂ ਆ ਰਿਹਾ।  ਪਰ ਇੱਕ ਗੱਲ ਪੱਕੀ ਹੈ ਕਿ ਉਹ ਦਿਨ ਹੀ ਅਜਿਹਾ ਸੀ ਦੋਸਤੋ,ਜਦੋਂ ਸਰਬੱਤ ਲੋਕਾਈ ਦੋ ਹਿੱਸਿਆਂ ਵਿਚ ਵੰਡੀ ਗਈ ਸੀ| ਇਕ ਹਿੱਸਾ ਅਰਜਨਟੀਨਾ ਨਾਲ ਖੜਾ ਸੀ ਜਦ ਕਿ ਦੂਜਾ ਹੋਰਨਾਂ ਉਤੇ ਰਾਜ ਕਰਨ ਵਾਲੇ ਫ਼ਰਾਂਸ ਵਲ ਸੀ| ਕੀ ਇਹ ਕਹਿਣਾ ਠੀਕ ਰਹੇਗਾ ਕਿ ਕੀ ਭਾਈ ਲਾਲੋ ਅਤੇ ਮਲਕ ਭਾਗੋ ਉਸ ਦਿਨ ਆਹਮੋ-ਸਾਹਮਣੇ ਖੜ੍ਹੇ ਸਨ? ਪਰ ਇਹ ਵਿਆਖਿਆ ਇਕ ਤਰ੍ਹਾਂ ਨਾਲ ਅੱਧਾ ਸੱਚ ਹੈ ਕਿਉਂਕਿ ਗੋਰਿਆਂ ਦੇ ਜ਼ੁਲਮਾਂ ਦੇ ਸਭ ਤੋਂ ਵੱਧ ਸ਼ਿਕਾਰ ਕਾਲੇ ਲੋਕ ਫਰਾਂਸ ਨਾਲ ਹੀ ਖਲੋਤੇ ਸਨ, ਕਿਉਂ ਕਿ ਉਹਨਾਂ ਦਾ ਆਪਣਾ ਕਾਲ਼ਾ ਭਰਾ ਮੋਬਾਪੇ ਆਪਣੀ ਖੇਡ ਕਲਾ ਦੇ ਜੌਹਰ ਦਿਖਾ ਰਿਹਾ ਸੀ| ਉਸ ਦਿਨ ਭਾਂਵੇ ਮੈਸੀ ਸਿਕੰਦਰ ਸੀ ਪਰ ਮੋਬਾਪੇ ਵੀ ਤਾਂ ਪੋਰਸ ਹੀ ਲਗਦਾ ਸੀ-ਅਣਖੀਲਾ ਤੇ ਹਾਰ ਕੇ ਵੀ ਹਾਰ ਨਾ ਮੰਨਣ ਵਾਲਾ ਯੋਧਾ।

 ਮੁੱਕਦੀ ਗੱਲ| ਉਸ ਦਿਨ ਕੋਈ ਵੀ ਬੰਦਾ ਨਿਰਪੱਖ ਨਿਰਪੁਖ ਨਹੀਂ ਸੀ ਰਹਿ ਗਿਆ।ਸਚ ਪੁੱਛੋ ਤਾਂ ਉਸ ਦਿਨ ਸਿਰਫ "ਰੱਬ" ਤੋਂ ਬਿਨਾਂ ਬਾਕੀ ਸਾਰੇ ਲੋਕ ਪੱਖਪਾਤੀ ਹੀ ਸਨ| ਮੁਕਾਬਲਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਸਤਰਾਂ ਦਾ ਲੇਖਕ ਅਰਜਨਟੀਨਾ ਲਈ ਅਰਦਾਸ ਕਰ ਰਿਹਾ ਸੀ ਅਤੇ ਬਾਕੀ ਵੀਰ ਵੀ ਕੁੱਝ ਇਸ ਤਰ੍ਹਾਂ ਹੀ ਸੋਚ ਰਹੇ ਹੋਣਗੇ| ਜੋ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਜੀ,ਅਸੀਂ ਤਾਂ ਕਿਸੇ ਪਾਸੇ ਵੀ ਨਹੀਂ ਸੀ, ਅਸੀਂ ਤਾਂ ਖੇਡ ਨੂੰ ਕਲਾ ਸਮਝ ਕੇ ਹੀ ਵੇਖਦੇ ਅਤੇ ਪਰਖਦੇ ਹਾਂ।ਉਹ ਸਾਰੇ ਉਸ ਦਿਨ ਝੂਠੇ ਹੀ ਸਮਝੇ ਜਾਣਗੇ।

ਜਦੋਂ ਅਰਜਨਟੀਨਾ ਜਿਤਿਆ ਤਾਂ ਕੀ ਤੁਸੀਂ ਨਹੀਂ ਸੀ ਦੇਖਿਆ ਕਿ  ਸਟੇਡੀਅਮ ਵਿਚ ਹੰਝੂਆਂ ਦੇ ਦੋ ਦਰਿਆ ਵਗਦੇ ਦੇਖੇ ਗਏ।ਜੇ ਤੁਸੀਂ ਕਦੇ ਅਲਾਹਾਬਾਦ ਗਏ ਹੋਵੋ ਜਿਥੇ ਗੰਗਾ ਅਤੇ ਜਮਨਾ ਦੋ ਦਰਿਆਵਾਂ ਦਾ ਸੰਗਮ ਹੁੰਦਾ ਹੈ ਅਤੇ ਦੋ ਦਰਿਆਵਾਂ ਨੂੰ ਵੰਡਦੀ ਇੱਕ "ਕੁਦਰਤੀ ਲਕੀਰ" ਵੀ ਸਾਫ਼ ਨਜ਼ਰ ਆਉਂਦੀ ਹੈ।ਐਨ ਇਸੇ ਤਰ੍ਹਾਂ ਸਟੇਡੀਅਮ ਵਿੱਚ ਵੀ ਇਕ ਲਕੀਰ ਖਿੱਚੀ ਗਈ ਸੀ ਜਿੱਥੇ ਇੱਕ ਪਾਸੇ ਖ਼ੁਸ਼ੀ ਦੇ ਹੰਝੂਆਂ ਦਾ ਦਰਿਆ ਵਗ ਰਿਹਾ ਸੀ ਅਤੇ ਦੂਜੇ ਪਾਸੇ ਸਾਰਾ ਗ਼ਮ,ਦੁੱਖ ਤੇ ਦਰਦ ਦੇ ਹੰਝੂ ਫਰਾਂਸ ਵਾਲੇ ਪਾਸੇ ਇਕੱਠੇ ਹੋ ਗਏ ਸਨ। ਜਿਵੇਂ ਸੰਗਮ ਵਿਚ ਦੋਵੇਂ ਪਾਸੇ ਪਾਣੀ ਹੀ ਪਾਣੀ ਹੈ ਇਵੇਂ ਸਟੇਡੀਅਮ ਵਿੱਚ ਦੋਵੇਂ ਪਾਸੇ ਹੰਝੂ ਹੀ ਹੰਝੂ ਸਨ,ਪਰ ਇਕ ਪਾਸੇ ਖ਼ੁਸ਼ੀਆਂ ਤੇ ਬਹਾਰਾਂ ਦੀ ਰੁੱਤ ਸੀ ਅਤੇ ਦੂਜੇ ਪਾਸੇ ਗ਼ਮਾਂ ਅਤੇ ਪਤਝੜਾਂ ਨੇ ਡੇਰਾ ਲਾ ਰਖਿਆ ਸੀ। 

ਖੁਸ਼ੀ ਤੇ ਗ਼ਮ ਦੀ ਇੱਕੋ ਵੇਲੇ ਜੇ ਕਿਸੇ ਅਖ਼ਬਾਰ ਨੇ ਤਸਵੀਰ ਪੇਸ਼ ਕੀਤੀ ਸੀ ਤਾਂ ਉਹ ਸਿਹਰਾ ਸਿਰਫ ਬਰਤਾਨੀਆਂ ਦੇ ਇੱਕ ਅਖਬਾਰ ਨੂੰ ਜਾਂਦਾ ਹੈ ਜਿਥੇ ਤਸਵੀਰ ਦੇ ਇਕ ਪਾਸੇ ਫ਼ਰਾਂਸ ਦੇ ਰਾਸ਼ਟਰਪਤੀ ਮੈਕਰਨ ਮੋਬਾਪੇ ਨੂੰ ਢਾਰਸ ਦੇ ਰਹੇ ਹਨ ਅਤੇ ਦੂਜੇ ਪਾਸੇ ਮੈਸੀ ਆਪਣੀ ਪਤਨੀ ਤੇ ਬੱਚਿਆਂ ਨਾਲ ਜਿੱਤ ਦਾ ਜਸ਼ਨ ਮਨਾ ਰਿਹਾ ਸੀ।  ਕੀ ਆਖੋਗੇ ਤੁਸੀਂ ਇਸ ਤਸਵੀਰ ਬਾਰੇ? ਇਕ ਅਖਬਾਰ ਨੇ ਮੋਬਾਪੇ ਨੂੰ ਟਰੈਜਿਕ ਹੀਰੋ ਦਸਿਆ।ਇਧਰੋਂ ਉਧਰੋਂ ਬਹੁਤ ਖੰਗਾਲਿਆ ਤਾਂ ਇਹ ਪੱਕਾ ਪਤਾ ਨਹੀਂ ਲੱਗ ਸਕਿਆ ਕਿ ਸਾਰੀ ਦੁਨੀਆ ਵਿਚ ਕੁੱਲ ਮਿਲਾ ਕੇ ਕਿੰਨੇ ਲੋਕਾਂ ਨੇ ਫਾਈਨਲ ਮੈਚ ਦੇਖਿਆ। 2018 ਦੇ ਅੰਕੜੇ ਦਸਦੇ ਹਨ ਕਿ 300 ਕਰੋੜ ਲੋਕਾਂ ਨੇ ਫ਼ਾਈਨਲ ਮੈਚ ਦੇਖਿਆ ਸੀ,ਪਰ ਮੇਰਾ ਖਿਆਲ ਹੈ ਕਿ ਇਹ ਗਿਣਤੀ ਹੁਣ ਹੋਰ ਵਧ ਗਈ ਹੋਵੇਗੀ ਕਿਉਂ ਕਿ ਹੁਣ ਤਾਂ "ਫੁਟਬਾਲ ਅਤੇ ਰੂਹ ਦੀ ਗਲਵਕੜੀ" ਨੇ ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ।

 ਦਿਲਚਸਪ ਗੱਲ ਇਹ ਹੈ ਕਿ ਮੈਸੀ ਦੀ ਪਤਨੀ ਦੀ ਇਕ ਪੋਸਟ ਨੂੰ ਡੇਢ ਕਰੋੜ ਤੋਂ ਵੱਧ ਲਾਈਕ ਮਿਲੇ| ਪੋਸਟ ਮੈਸੀ ਨੂੰ ਇਹ ਕਹਿ ਰਹੀ ਹੈ ਕਿ ਹਮਰਾਜ਼,ਤੇਰੇ ਤੋਂ ਇੱਕ ਗੱਲ ਸਿੱਖੀ ਕਿ ਬੰਦੇ ਨੂੰ ਜ਼ਿਦਗੀ ਵਿੱਚ ਹਾਰ ਕੇ ਵੀ ਹਾਰ ਕਦੇ ਨਹੀਂ ਮੰਨਣੀ ਚਾਹੀਦੀ।ਮੈਨੂੰ ਪਤਾ ਹੈ ਤੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਦਾ ਰਿਹਾ ਸੀ| ਹਾਏ!ਉਹ 80ਵਾਂ ਅਤੇ81ਵਾਂ ਮਿੰਟ ਜਦੋਂ ਇਉਂ ਲੱਗਿਆ ਜਿਵੇਂ ਫਰਾਂਸ ਵਾਲੇ ਜਿੱਤਣਗੇ। ਅਤੇ ਫਿਰ 108ਵਾਂ ਅਤੇ117ਵਾਂ ਮਿੰਟ। ਇਨ੍ਹਾਂ ਮਿੰਟਾਂ ਨੇ ਹੀ ਤਕਦੀਰ ਨੇ ਆਪਣੇ ਰੰਗ ਦਿਖਾਏ।80ਵੇਂ ਅਤੇ81ਵੇਂ ਮਿੰਟ ਸਮੇਂ ਮੋਬਾਪੇ ਦੇ ਗੋਲ ਨੇ ਦੁਨੀਆ ਨੂੰ ਦਸਿਆ ਕਿ ਫਰਾਂਸ ਜਿਉਂਦਾ ਵੀ ਹੈ ਅਤੇ ਜਾਗਦਾ ਵੀ ਹੈ ਜਦੋਂ ਕਿ ਅਰਜਨਟੀਨਾ ਉਸ ਸਮੇਂ ਦੋ ਗੋਲਾਂ ਨਾਲ ਅੱਗੇ ਸੀ। 108 ਵੇਂ ਮਿੰਟ ਵਿੱਚ ਮੈਸੀ ਦਾ ਸੁਨੇਹਾ ਸੀ ਕਿ ਅਰਜਨਟੀਨਾ ਹੀ ਜਿੱਤੇਗਾ ਪਰ 117ਵੇਂ ਮਿੰਟ ਵਿੱਚ ਮੋਬਾਪੇ ਨੇ ਯਾਦ ਕਰਵਾਇਆ ਕਿ ਨਹੀਂ ਆਪਾਂ ਭਾਈ ਅਜੇ ਦੋਵੇਂ ਬਰਾਬਰ ਹਾਂ।   ਪੈਨਲਟੀਆਂ ਨੇ ਜਿੱਤ ਦਾ ਤਾਜ ਜਦੋਂ ਅਰਜਨਟੀਨਾ ਦੇ ਸੀਸ ਉੱਤੇ ਜਦੋਂ ਸਜਾ ਦਿੱਤਾ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਰੇਗਿਸਤਾਨ ਦੇ ਮੁਲਕ ਵਿਚ ਤੂਫ਼ਾਨ ਆ ਗਿਆ ਸੀ। ਪਰ ਦੋਸਤੋ ਇਤਿਹਾਸ ਦੀਆਂ  ਅਠਖੇਲੀਆਂ ਉਤੇ ਕਿਸ ਦਾ ਜ਼ੋਰ ਚਲਦਾ ਹੈ ਕਿਉਂਕਿ ਉਸ ਦਿਨ ਇਤਿਹਾਸ ਨੇ ਅਰਜਨਟੀਨਾ ਨਾਲ ਦੋਸਤੀਆਂ ਪਾ ਰੱਖੀਆਂ ਸਨ।

ਪੈਨਲਟੀਆਂ ਵੀ ਕਿੰਨੀਆਂ ਜ਼ਾਲਮ ਹੁੰਦੀਆਂ ਹਨ ਕਿਉਂਕਿ ਇਸ ਵਿਚ ਕਈ ਵਾਰ ਤੁਕਾ ਅਤੇ ਤਕਨੀਕ  ਵੀ ਫੈਸਲਾ ਕਰਦੇ ਹਨ।ਪਰ ਫਿਰ ਵੀ ਜਿੱਤ ਉਸ ਨੂੰ ਹੀ ਨਸੀਬ ਹੁੰਦੀ ਹੈ ਜਿਥੇ "ਅਰਜਨ" ਦਾ ਹੁਨਰ,"ਅਰਜਨ" ਦਾ ਤੀਰ ਅਤੇ ਘੁੰਮਦੀ ਮੱਛੀ ਦੀ ਅੱਖ ਇਕੋ ਸੇਧ ਵਿਚ ਹੁੰਦੇ ਹਨ।

ਮੈਸੀ ਦੀ ਮਹਾਨਤਾ ਬਾਰੇ ਬਰਤਾਨੀਆ ਦੀ ਇਕ ਹੋਰ ਅਖ਼ਬਾਰ ਨੇ ਸੁਰਖ਼ੀ ਦਿਤੀ ਕਿ "one man dominates the world" ਮਤਲਬ ਐਤਵਾਰ ਵਾਲੇ ਦਿਨ ਮੈਸੀ ਹੀ ਦੁਨੀਆਂ ਦਾ ਰਾਜਾ ਸੀ। ਕੁਝ ਹੋਰ ਸਵਾਲ ਵੀ ਹਨ ਜਿਨ੍ਹਾਂ ਦੇ ਵੱਖਰੇ ਵੱਖਰੇ ਜਵਾਬ ਤੁਸਾਂ ਹੀ ਦੇਣੇ ਹਨ ਕਿ ਕੀ ਫੁਟਬਾਲ ਤੇ ਰਾਜਨੀਤੀ ਇੱਕੋ ਸਿੱਕੇ ਦੇ ਦੋ ਪਹਿਲੂ ਬਣ ਗਏ ਹਨ? ਜਾਂ ਕੀ ਫੁਟਬਾਲ ਦੀ ਰੂਹ ਰਾਜਨੀਤੀ ਉਤੇ ਹਾਵੀ ਹੈ? ਜਾਂ ਕਤਰ ਵਿਚ ਮੈਚ ਦੇਖਣ ਵਾਲੇ ਇੱਕ ਤਰਾਂ ਨਾਲ cultural event ਸੀ  ਜਿੱਥੇ ਵੱਖ-ਵੱਖ ਸਭਿਆਤਾਵਾਂ ਦਾ ਮਿਲਾਪ ਹੋਇਆ?

 ਜਦੋਂ ਫੀਫਾ ਦੇ ਪਰਧਾਨ ਇਨਫੈਂਨਟੀਨੇ ਕਤਰ ਦੇ ਆਡੀਟੋਰੀਅਮ ਵਿੱਚ 400 ਪੱਤਰਕਾਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੀ ਟਿੱਪਣੀ ਵਿੱਚ ਆਪਣਾ ਦਰਦ ਵੀ ਝਲਕਦਾ ਸੀ ਤੇ ਸਾਰੀ ਦੁਨੀਆ ਨਾਲ ਸਾਂਝ ਵੀ| ਉਸ ਦੇ ਭਾਸ਼ਣ ਦੀਆਂ ਕੁਝ ਟਿਪਣੀਆਂ ਪੜ੍ਹੋ:

• ਮੈਂ ਕਤਾਰੀ ਵੀ ਹਾਂ ਯਾਨੀ ਕਿ ਕਤਰ ਮੁਲਕ ਦਾ ਸ਼ਹਿਰੀ| 

• ਮੈਂ ਅਰਬ ਸੰਸਾਰ ਦਾ ਵੀ ਵਸਨੀਕ ਹਾਂ|

•ਮੈਂ ਅਫਰੀਕੀ ਹਾਂ|

ਮੈਂ ਅੰਗਹੀਣ ਵੀ ਹਾਂ।

•ਮੈਂ ਪ੍ਰਵਾਸੀ ਮਜ਼ਦੂਰ ਵੀ ਹਾਂ।

ਚੇਤੇ ਰਹੇ ਕਿ ਫੀਫਾ ਦਾ ਇਹ ਪਰਧਾਨ ਖੁਦ ਕਿਸੇ ਸਮੇਂ ਪਰਵਾਸੀ ਮਜ਼ਦੂਰ ਸੀ ਜੋ ਇਟਲੀ ਤੋਂ ਜਾ ਕੇ ਸਵਿਟਜ਼ਰਲੈਂਡ ਵਿਚ ਵੱਸਿਆ ਅਤੇ ਜਿਥੇ ਸਵਿਟਜ਼ਰਲੈਂਡ ਦੇ ਲੋਕ ਉਸ ਨੂੰ ਚਿੜਾਉਂਦੇ ਤੇ ਈਰਖਾ ਕਰਦੇ ਸਨ।ਪਰ  ਇਕ ਦਿਨ ਰੁੱਸੀ ਤਕਦੀਰ ਉਸ ਨੂੰ ਵੀ ਫੀਫਾ ਦੀ ਟੀਸੀ ਉੱਤੇ ਲੈ ਗਈ।

 

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪਤਰਕਾਰ

9915091063