ਸਿੱਖ ਇਤਿਹਾਸ ਸਬੰਧੀ ਫਿਲਮਾਂ ਬਾਰੇ

ਸਿੱਖ ਇਤਿਹਾਸ ਸਬੰਧੀ ਫਿਲਮਾਂ ਬਾਰੇ

ਪੰਜਾਬੀ ਫਿਲਮ ਜਗਤ

ਸਿੱਖ ਇਤਿਹਾਸ ਸਬੰਧੀ ਫ਼ਿਲਮਾਂ ਬਣਾਉਣ ਵਾਲਿਆਂ ਵੱਲੋਂ ਆਮ ਤੌਰ 'ਤੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਬਹੁਤ ਜ਼ਰੂਰੀ ਹੈ ਕਿ ਇਤਿਹਾਸ ਫਿਲਮਾਂ ਰਾਹੀਂ ਦਰਸਾਇਆ ਜਾਵੇ। ਇਹ ਖਿਆਲ ਪੜਚੋਲ ਦੀ ਮੰਗ ਕਰਦਾ ਹੈ। ਜੇਕਰ ਆਧੁਨਿਕ ਚੇਤਨਾ ਨੂੰ ਇਤਿਹਾਸ ਨਾਲ ਜੋੜਨਾ ਹੈ ਤਾਂ ਇਤਿਹਾਸ ਨੂੰ  ਖੜੋਤ ਮਈ ਰੂਪ ਵਿਚ ਕਿਉਂ ਪੇਸ਼ ਕੀਤਾ ਜਾਵੇ? ਆਧੁਨਿਕ ਚੇਤਨਾ ਦਾ ਆਧਾਰ ਪੱਛਮੀ ਅਕਾਦਮਿਕਤਾ ਵਿਚ ਪਿਆ ਹੋਇਆ ਹੈ। ਪੱਛਮੀ ਅਕਾਦਮਿਕਤਾ ਨੇ ਮਨੁੱਖੀ ਮਾਨਸਿਕਤਾ ਬਾਰੇ ਬਹੁਤ ਵੱਡੀ ਮਾਤਰਾ ਵਿਚ ਸਾਹਿਤ ਪੈਦਾ ਕੀਤਾ ਹੈ। ਪੰਜਾਬੀ ਫਿਲਮ ਜਗਤ ਇਹ ਪ੍ਰਭਾਵ ਸਿਰਜਣ ਵਿਚ ਵੀ ਅਸਫਲ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ, ਨਿਰਦੇਸ਼ਨ ਅਤੇ ਤਕਨੀਕ ਨਾਲ ਜੁੜੀਆਂ ਸ਼ਖਸੀਅਤਾਂ,  ਰੂਹਾਨੀ ਅਨੁਭਵ ਨਾਲ ਸੰਤੁਲਨ ਵਿਚ ਆ ਗਈਆਂ ਹਨ ਜਾਂ ਇਹ ਪ੍ਰਭਾਵ ਵੀ ਨਹੀਂ ਸਿਰਜਿਆ ਜਾ ਸਕਿਆ ਕਿ ਉਨ੍ਹਾਂ ਵੱਲੋਂ ਆਧੁਨਿਕ ਤਰਕਸ਼ੀਲ ਮਨ ਨੂੰ ਅਧਿਆਤਮਕ ਰੰਗ ਵਿਚ ਰੰਗ ਦੇਣ ਲਈ ਕੋਈ ਵਿਧਾ/ਵਿਧੀ ਲੱਭ ਲਈ ਹੈ। ਸਿੱਖ ਇਤਿਹਾਸ ਬਾਰੇ ਫਿਲਮਾਂ ਬਣਾਉਣ ਵਾਲੀ ਫਿਲਮੀ ਦੁਨੀਆਂ ਨਾਲ ਜੁੜੇ ਕਿਸੇ ਵੀ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਵਿਅਕਤੀ ਵੱਲੋਂ ਹੁਣ ਤੱਕ ਇਹ ਪ੍ਰਭਾਵ ਨਹੀਂ ਸਿਰਜਿਆ ਗਿਆ ਕਿ ਉਨ੍ਹਾਂ ਦੀ ਦਲੀਲ ਆਧੁਨਿਕ ਤਰਕਸ਼ੀਲ ਦਲੀਲ ਤੋਂ ਅੱਗੇ ਦਾ ਸੱਚ ਪਰਗਟ ਕਰਨ ਵਿੱਚ ਕਾਮਯਾਬ ਹੈ।

ਕੀ ਕੇਵਲ ਤਕਨੀਕ ਦੀ ਵਰਤੋਂ ਕਰਨਾ ਹੀ ਆਧੁਨਿਕ ਹੋਣਾ ਹੈ? ਕੀ ਤਕਨੀਕ ਦੀ ਵਰਤੋਂ ਕਰਨ ਨਾਲ ਆਧੁਨਿਕ ਮਨੁੱਖ ਦੀਆਂ ਅਧਿਆਤਮਿਕ ਲੋੜਾਂ ਦੀ ਪੂਰਤੀ ਹੋਈ ਹੈ? ਐਨੀਮੇਸ਼ਨ ਤਕਨੀਕ ਵਿਕਸਿਤ ਕਰਨ ਵਾਲੇ ਪੱਛਮ ਮੁਲਕਾਂ ਦੀਆਂ ਐਨੀਮੇਸ਼ਨ ਅਧਾਰਿਤ ਫ਼ਿਲਮਾਂ ਦੇ ਮੁਕਾਬਲੇ ਵਿਚ ਸਿੱਖ ਇਤਿਹਾਸ ਉੱਪਰ ਬਣੀਆਂ ਫ਼ਿਲਮਾਂ ਕੀ ਦਰਜਾ ਰੱਖਦੀਆਂ ਹਨ? ਜੇਕਰ ਐਨੀਮੇਸ਼ਨ ਫਿਲਮ ਬਣਾਉਣ ਪਿਛੇ ਇਹ ਦਲੀਲ ਕਾਰਜਸ਼ੀਲ ਹੈ ਕਿ ਅਸੀਂ ਮੌਜੂਦਾ ਵਿਗਿਆਨਕ ਚੇਤਨਾ ਵਿੱਚੋਂ ਸਿਰਜੀ ਗਈ ਆਧੁਨਿਕ ਪੀੜ੍ਹੀ ਨੂੰ ਧਰਮ ਅਤੇ ਇਤਿਹਾਸ ਦੀ ਸਿੱਖਿਆ ਦੇਣੀ ਹੈ ਤਾਂ ਕੀ ਫ਼ਿਲਮ ਵਿਚ ਧਾਰਮਿਕਤਾ ਅਤੇ ਅਧਿਆਤਮਿਕਤਾ ਸੰਬੰਧੀ ਦਲੀਲ, ਆਧੁਨਿਕ ਤਰਕਸ਼ੀਲ ਮਾਨਸਿਕਤਾ ਦੀਆਂ ਦਲੀਲਾਂ ਤੋਂ ਅੱਗੇ ਜਾਦੀ ਹੈ? ਆਧੁਨਿਕ ਚੇਤਨਾ ਨੂੰ ਸੰਬੋਧਨ ਕਰਨ ਨੂੰ ਆਧਾਰ ਬਣਾ ਕੇ ਫਿਲਮ ਦੇ ਹੱਕ ਵਿਚ ਦਲੀਲ ਦੇਣ ਵਾਲੇ ਸੱਜਣਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ, ਆਧੁਨਿਕ ਚੇਤਨਾ ਵਿਗਿਆਨਵਾਦੀ, ਤਰਕਸ਼ੀਲ ਅਤੇ ਸੈਕੂਲਰਵਾਦੀ ਹੈ ਜਿਸ ਦੇ ਆਧਾਰ ਵਿਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ, ਮਨੋਵਿਗਿਆਨ ਆਦਿ ਵਿਸ਼ਿਆਂ ਦੇ ਮਹਾਨ ਫ਼ਿਲਾਸਫ਼ਰ ਅਤੇ ਵਿਗਿਆਨੀਆਂ ਦੀ ਮਿਹਨਤ ਸ਼ਮੂਲੀਅਤ ਰੱਖਦੀ ਹੈ। 

ਫਿਲਮ ਦੇ ਪੱਖ ਵਿਚ ਦਲੀਲ ਦੇਣ ਵਾਲੇ ਸੱਜਣ ਇਹ ਦਲੀਲ ਵੀ ਦਿੰਦੇ ਹਨ ਕਿ ਚਾਰ ਸਾਹਿਬਜ਼ਾਦੇ ਫਿਲਮ ਦੇਖਣ ਵੇਲੇ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ। ਉਂਝ ਤੇ ਭਾਵੁਕਤਾ ਅਤੇ ਦਲੀਲ ਦਾ ਵੀ ਆਪਸੀ ਵਿਰੋਧ ਹੁੰਦਾ ਹੈ ਪ੍ਰੰਤੂ ਜੇਕਰ ਇਸ ਨੂੰ ਦਲੀਲ ਬਣਾਇਆ ਹੀ ਜਾ ਰਿਹਾ ਹੈ ਤਾਂ ਇਹ ਕਹਿਣਾ ਬਣਦਾ ਹੈ ਕਿ ਸਿੱਖੀ ਦਾ ਪ੍ਰਚਾਰ ਕਿਸੇ ਨੂੰ ਭਾਵੁਕ ਕਰਕੇ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਭਾਵਕ ਕਰਕੇ ਧਾਰਮਿਕ ਕਰਨ ਦੀ ਕੋਸ਼ਿਸ਼ ਕਰਨਾ ਸਿੱਖ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ। ਸਿੱਖੀ, ਕਿਰਦਾਰ ਅਤੇ ਅਮਲ ਨਾਲ ਪਸਾਰ ਕਰਦੀ ਹੈ। ਅਮਲ ਪੈਦਾ ਹੋਣ ਲਈ ਦਲੀਲ ਅਤੇ ਜ਼ਮੀਰ ਦਾ ਇਕ ਹੋਣਾ ਜਰੂਰੀ ਹੈ। ਕਿਸੇ ਨੂੰ ਭਾਵੁਕ ਕਰ ਕੇ ਆਪਣੀ ਦਲੀਲ ਨਾਲ ਸਹਿਮਤ ਕਰਨਾ ਵਰਗਲਾਉਣਾ ਹੁੰਦਾ ਹੈ। ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ ਭਾਵੁਕਤਾ ਆਧੁਨਿਕ ਅਕਲ/ਦਲੀਲ ਨੂੰ ਪ੍ਰਭਾਵਤ ਨਹੀਂ ਕਰਦੀ। ਆਧੁਨਿਕ ਦਲੀਲ ਵਿੱਚ ਭਾਵੁਕਤਾ ਅਤੇ ਤਰਕ ਆਪਾ ਵਿਰੋਧੀ ਮੰਨੇ ਜਾਂਦੇ ਹਨ।

ਸਿਰਜਨਾਤਮਕ ਕਲਪਨਾ, ਦੂਰ ਦੁਮੇਲ ਤੋਂ ਪਾਰ ਤੱਕ, ਅਨੰਤ ਉਡਾਰੀਆਂ ਮਾਰ ਸਕਦੀ ਹੈ ਪਰ ਫੇਰ ਵੀ ਇਹ ਮਨੁੱਖ ਦੀ ਹੋਣੀ ਨਾਲ ਜੁੜੀ ਰਹਿੰਦੀ ਹੈ ਅਤੇ ਮਨੁੱਖ ਦੇ ਗਿਆਨ ਘੇਰਿਆਂ ਤੋਂ ਬਾਹਰ ਨਹੀਂ ਜਾ ਸਕਦੀ। ਸਿਰਜਣਾਤਮਕ ਕਲਪਨਾ ਵਿਚ ਇੰਨੀ ਸ਼ਕਤੀ ਨਹੀਂ ਹੁੰਦੀ ਕਿ ਉਹ ਬੀਤ ਚੁੱਕੇ ਸਮੇਂ ਅਤੇ ਹੋ ਚੁੱਕੇ ਨਕਸ਼ਾਂ ਨੂੰ ਦੁਬਾਰਾ ਜਿਉਂਦਾ ਕਰ ਸਕੇ। ਜਿਵੇਂ ਪੰਜਾਬ ਦੇ ਮਹਾਨ ਚਿੱਤਰਕਾਰ ਸੋਭਾ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਕਸ਼ ਚਿੱਤਰ ਵਿੱਚ ਉਤਾਰਨ ਵੇਲੇ ਆਪਣੇ ਆਪ ਨੂੰ ਹੀ ਚਿਤਰਿਆ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸੋਭਾ ਸਿੰਘ ਵੱਲੋਂ ਬਣਾਏ ਗਏ ਨਕਸ਼ ਖੁਦ ਸੋਭਾ ਸਿੰਘ ਦੇ ਹੀ ਹਨ। ਇਵੇਂ ਹੀ ਹੋਰ ਪਵਿੱਤਰ ਸ਼ਹੀਦ ਸਿੰਘਾਂ, ਗੁਰੂ ਕੇ ਮਹਲ, ਅਤੇ ਸਾਹਿਬਜ਼ਾਦਿਆਂ ਸਬੰਧੀ ਵੀ ਇਹ ਸਿਧਾਂਤ ਲਾਗੂ ਹੁੰਦਾ ਹੈ। ਸਿਰਜਨਾਤਮਕ ਕਲਪਨਾ ਦਾ ਕਿਸੇ ਨਕਸ਼ ਸਬੰਧੀ ਪ੍ਰਤੀਤ ਕਰਨ ਦਾ ਸਫ਼ਰ ਜਦੋਂ ਰੁਕਦਾ ਹੈ ਤਾਂ ਉਸ ਵੇਲੇ ਦੀ ਹਾਲਤ ਨੂੰ ਪਦਾਰਥ ਵਿੱਚ ਹਲੂਲ ਕਰਕੇ ਬੁੱਤ ਦੀ ਸਿਰਜਣਾ ਕਰਦੀ ਹੈ। ਜੇਕਰ ਸਿਰਜਣਾਤਮਕ ਕਲਪਨਾ ਲਗਾਤਾਰ ਉਡਾਰੀ ਅਤੇ ਪ੍ਰਤੀਤ ਕਰਨ ਦੇ ਸਫ਼ਰ‌ ਵਿਚ ਰਹੇ ਤਾਂ ਬੁੱਤ ਦੀ ਸਿਰਜਣਾ ਹੋ ਹੀ ਨਹੀਂ ਸਕਦੀ। ਬੁੱਤ ਤਾਂ ਪੈਦਾ ਹੀ ਸਿਰਜਣਾਤਮਕ ਕਲਪਨਾ ਦੀ ਸੀਮਾ ਵਿਚ ਹੁੰਦੇ ਹਨ।

ਨਵੀਂ ਪੀੜ੍ਹੀ ਦਾ ਚੇਤਨਾ ਪੱਧਰ ਜਿਸ ਅਕਾਦਮਿਕ ਅਤੇ ਸਮਾਜਿਕ ਪ੍ਰਵਾਨਗੀ ਨਾਲ ਜੁੜਿਆ ਹੋਇਆ ਹੈ ਉਸ ਨੂੰ ਸੰਬੋਧਨ ਕਰਨ ਦੀ ਸਮਰੱਥਾ ਮੌਜੂਦਾ ਹਿੰਦੁਸਤਾਨੀ ਅਤੇ ਪੰਜਾਬੀ ਸਿਨੇਮਾ ਜਗਤ ਵਿਚ ਨਹੀਂ ਹੈ। ਸਧਾਰਨ ਵਿਦਿਆਰਥੀ ਅਤੇ ਵਿਅਕਤੀ, ਸਮਾਜ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦਾ ਹੁੰਦਾ। ਉਹ ਹਰ ਹੀਲੇ ਸਮਾਜਕ ਪ੍ਰਵਾਨਗੀ ਪ੍ਰਾਪਤ ਕਰਨਾ ਲੋੜਦਾ ਹੈ। ਸਿੱਖੀ ਦਾ ਪ੍ਰਚਾਰ ਸਮਾਜਕ ਪ੍ਰਵਾਨਗੀ ਦੀਆਂ ਲੋੜਾਂ ਅਨੁਸਾਰ ਨਹੀਂ ਕੀਤਾ ਜਾ ਸਕਦਾ। ਖਾਲਸਾ ਅਕਾਲ ਪੁਰਖ ਦੀ ਮੌਜ ਨਾਲ ਪਰਗਟਿਆ ਅਕਾਲੀ ਵਰਤਾਰਾ ਹੈ। ਇਸ ਲਈ ਖਾਲਸਾਈ ਪ੍ਰਗਟਾਵਾ ਸਮਾਜਿਕ ਪ੍ਰਵਾਨਗੀ ਅਤੇ ਕਾਲ ਚੇਤਨਾ ਦੇ ਪ੍ਰਭਾਵ ਅਧੀਨ ਨਹੀਂ ਕੀਤਾ ਜਾ ਸਕਦਾ।

ਫਿਲਮਾਂ ਰਾਹੀਂ ਸਾਹਿਬਜ਼ਾਦਿਆਂ ਦੇ ਨਕਸ਼ਿਆਂ ਨੂੰ ਆਮ ਸਧਾਰਨ ਮਾਨਸਿਕਤਾ ਵਿਚ ਇਸ ਕਦਰ ਡੂੰਘਾ ਖੁਣ ਦਿੱਤਾ ਗਿਆ ਹੈ ਕਿ ਹੁਣ ਜੋੜ ਮੇਲਿਆਂ ਨਗਰ ਕੀਰਤਨ ਅਤੇ ਹੋਰ ਦਿਨ ਦਿਹਾੜਿਆਂ ਸਬੰਧੀ ਛਾਪੇ ਜਾਣ ਵਾਲੇ ਇਸ਼ਤਿਹਾਰਾਂ ਵਿੱਚ ਫਿਲਮਾਂ ਵਾਲੀਆਂ ਫੋਟੋਆਂ ਨੂੰ ਵਰਤਿਆ ਜਾ ਰਿਹਾ ਹੈ। ਇਹ ਸਾਹਿਬਜ਼ਾਦਿਆਂ ਦੇ ਲਕਸ਼ ਦੀ ਪ੍ਰਤੀਤੀ ਨੂੰ ਬੁੱਤਾਂ ਵਿਚ ਢਾਲਣ ਦਾ ਅਮਲ ਹੈ। ਸਾਨੂੰ ਹੁਣ ਇਹਨਾਂ ਤਸਵੀਰਾਂ ਵਾਲੇ ਕੁਰਾਹੇ, ਜਿਸ ਕਰਕੇ ਅਗਲੇ ਰਾਹ ਖੁਲ੍ਹੇ ਹਨ, ਨੂੰ ਮੁੱਢੋਂ ਰੱਦ ਕਰਨਾ ਚਾਹੀਦਾ ਹੈ। 

ਫਿਲਮ ਸਮਾਜਕ ਸੱਭਿਅਕ ਵਿਕਾਸ ਦੇ ਇਕ ਖ਼ਾਸ ਪੜਾਅ ਉਪਰ ਜਾ ਕੇ ਬਣਦੀ ਹੈ ਉਸ ਤੋਂ ਪਹਿਲਾਂ ਸਾਹਿਤ ਵਿੱਚ ਉਸ ਵਿਸ਼ੇ ਸਬੰਧੀ ਸਮੱਗਰੀ ਪੈਦਾ ਹੁੰਦੀ ਹੈ। ਭਾਵ ਕਿ ਫ਼ਿਲਮ ਤੋਂ ਪਹਿਲਾਂ ਸਾਹਿਤਕ ਵਿਧਾ ਦੇ ਤੌਰ 'ਤੇ ਕਹਾਣੀ ਆਪਣੇ ਪਾਤਰਾਂ ਨੂੰ ਪਾਠਕਾਂ ਪਾਸੋਂ ਪ੍ਰਮਾਣਿਤ ਕਰਵਾਏ। ਜੇਕਰ ਗਲਪ ਵਿਚ ਸਿੱਖ ਅਹਿਸਾਸ ਵਾਲ਼ੀ ਸਮੱਗਰੀ ਪੈਦਾ ਹੋਵੇਗੀ ਤਾਂ ਹੀ ਚੰਗੀ ਫਿਲਮ ਬਣਾਈ ਜਾ ਸਕਦੀ ਹੈ। ਇਹ ਇਤਿਹਾਸ ਦੀ ਹੂ-ਬ-ਹੂ ਪੇਸ਼ਕਾਰੀ ਕੀਤੇ ਬਿਨਾਂ ਇਤਿਹਾਸਕ ਪ੍ਰੇਰਣਾ ਵਿਚ ਨਵੇਂ ਪਾਤਰ, ਨਾਇਕ ਅਤੇ ਖਲਨਾਇਕ ਸਿਰਜ ਕੇ ਕਰਨਾ ਪੈਣਾ ਹੈ। ਇਹ ਕੰਮ ਸਿਰਜਨਾਤਮਕ ਅਤੇ ਸਾਹਿਤਕ ਪ੍ਰਤਿਭਾ ਦੁਆਰਾ ਕੀਤਾ ਜਾਣ ਵਾਲਾ ਕੰਮ ਹੈ। ਇਹਨਾਂ ਸ਼ਹੀਦੀ ਦਿਹਾੜਿਆਂ ’ਤੇ ਸਾਨੂੰ ਜਰੂਰ ਇਸ ਗੱਲ ਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੈ। ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਇਸ ਫਿਲਮਾਂ ਵਾਲੇ ਸਿਧਾਂਤਕ ਕੁਰਾਹੇ ਨੂੰ ਪੱਕੀ ਠੱਲ੍ਹ ਪਾ ਕੇ ਭਵਿੱਖ ਲਈ ਇਸ ਪਾਸੇ ਕੋਈ ਉਸਾਰੂ ਪਹੁੰਚ ਅਪਨਾਉਣ ਵਿੱਚ ਕਾਮਯਾਬ ਹੋ ਸਕੀਏ।  

 

ਸੰਪਾਦਕ