ਅੰਮ੍ਰਿਤਧਾਰੀ ਹੋਣ ਕਰਕੇ ਸਿੱਖ ਵਿਦਿਆਰਥਣ ਨੂੰ ਇਮਤਿਹਾਨ ਵਿੱਚ ਨਹੀਂ ਬੈਠਣ ਦਿੱਤਾ

ਅੰਮ੍ਰਿਤਧਾਰੀ ਹੋਣ ਕਰਕੇ ਸਿੱਖ ਵਿਦਿਆਰਥਣ ਨੂੰ ਇਮਤਿਹਾਨ ਵਿੱਚ ਨਹੀਂ ਬੈਠਣ ਦਿੱਤਾ

ਨਵੀਂ ਦਿੱਲੀ: ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਕਰਕੇ ਆਏ ਦਿਨ ਇਮਤਿਹਾਨਾਂ ਵਿੱਚ ਬੈਠਣ ਤੋਂ ਰੋਕਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਪਰ ਸਿੱਖ ਸੰਸਥਾਵਾਂ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਮਹਿਜ਼ ਬਿਆਨਾਂ ਦੀ ਖਾਨਾਪੂਰਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਬੀਤੇ ਦਿਨ ਦਿੱਲੀ ਵਿੱਚ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਦੀ ਪ੍ਰੀਖਿਆ ਦੌਰਾਨ ਇੱਕ ਸਿੱਖ ਵਿਦਿਆਰਥਣ ਨੂੰ ਅੰਮ੍ਰਿਤਧਾਰੀ ਹੋਣ ਕਰਕੇ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਗਿਆ। 

ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀ ਵਾਸਤੇ ਪ੍ਰੀਤਮਪੁਰਾ ਦੇ ਅਭਿਨਵ ਪਬਲਿਕ ਸਕੂਲ 'ਚ ਹੋਣ ਵਾਲੀ ਇਹ ਪ੍ਰੀਖਿਆ ਦੇਣ ਆਈ ਹਰਲੀਨ ਕੌਰ ਨੂੰ ਸਿਰਫ ਇਸ ਲਈ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਗਿਆ ਕਿਉੁਂਕਿ ਉਹ ਅੰਮ੍ਰਿਤਧਾਰੀ ਸੀ ਤੇ ਉਸਨੇ ਕਕਾਰ ਸਜਾਏ ਸੀ। 

ਹਰਲੀਨ ਕੌਰ ਨੇ ਦੱਸਿਆ ਕਿ ਮੌਕੇ 'ਤੇ ਮੋਜੂਦ ਅਫਸਰਾਂ ਨੇ ਉਸਨੂੰ ਆਪਣੇ ਕਕਾਰ ਉਤਾਰਨ ਜਾਂ ਅਦਾਲਤ ਤੋਂ ਕਕਾਰਾਂ ਲਾਹੁਣ ਦੀ ਛੋਟ ਦਾ ਹੁਕਮ ਲਿਆਉਣ ਲਈ ਕਿਹਾ। ਇਹਨਾਂ ਅਫਸਰਾਂ ਨੇ ਉਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਮੌਕੇ 'ਤੇ ਪਹੁੰਚੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਵੀ ਉਹਨਾਂ ਇੱਕ ਨਾ ਸੁਣੀ। 

ਕਾਹਲੋਂ ਨੇ ਕਿਹਾ ਕਿ ਕਕਾਰਾਂ ਦੇ ਮਾਮਲੇ 'ਚ ਅਦਾਲਤ ਦੇ ਪਹਿਲਾਂ ਹੀ ਹੁਕਮ ਜਾਰੀ ਹੋ ਚੁੱਕੇ ਹਨ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ ਤੇ ਤਾਨਾਸ਼ਾਹੀ ਕਰ ਰਹੀ ਹੈ। 

ਕਾਹਲੋਂ ਨੇ ਕਿਹਾ ਕਿ ਉਹ ਅਗਲੇਰੀ ਕਾਰਵਾਈ ਲਈ ਅਦਾਲਤ ਜਾਣਗੇ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਦੀ ਸਾਜਿਸ਼ ਕਰ ਰਹੀ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।