ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਤੋਂ ਬਾਅਦ ਨੈਸ਼ਨਲ ਹੈਰਾਲਡ ਦੇ ਦਫ਼ਤਰ 'ਤੇ ਛਾਪੇ

ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਤੋਂ ਬਾਅਦ ਨੈਸ਼ਨਲ ਹੈਰਾਲਡ ਦੇ ਦਫ਼ਤਰ 'ਤੇ ਛਾਪੇ

*ਸਰਕਾਰ ਚਾਹੁੰਦੀ ਹੈ ਬਗੈਰ ਸਵਾਲ ਕੀਤੇ ਤਾਨਾਸ਼ਾਹ ਦੀ ਹਰ ਗੱਲ ਸਵੀਕਾਰ ਕਰੋ-ਰਾਹੁਲ

ਅੰਮ੍ਰਿਤਸਰ ਟਾਈਮਜ਼     

ਨਵੀਂ ਦਿੱਲੀ-ਨੈਸ਼ਨਲ ਹੈਰਾਲਡ ਮਾਮਲੇ 'ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ ਦੇ ਆਈ.ਟੀ.ਓ. ਵਿਖੇ ਸਥਿਤ ਨੈਸ਼ਨਲ ਹੈਰਾਲਡ ਦੇ ਦਫ਼ਤਰ ਤੋਂ ਇਲਾਵਾ ਮੁੰਬਈ, ਕੋਲਕਾਤਾ ਸਮੇਤ ਕਰੀਬ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ।ਅਧਿਕਾਰੀਆਂ ਨੇ ਦੱਸਿਆ ਕਿ ਪੀ.ਐਮ.ਐਲ.ਏ. ਦੀਆਂ ਅਪਰਾਧਿਕ ਧਾਰਾਵਾਂ ਤਹਿਤ ਛਾਪੇ ਮਾਰੇ ਜਾ ਰਹੇ ਹਨ, ਤਾਂ ਜੋ ਇਹ ਪਤਾ ਲਗਾਉਣ ਲਈ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ ਕਿ ਪੈਸੇ ਦਾ ਲੈਣ ਦੇਣ ਕਿਸ ਦਰਮਿਆਨ ਹੋਇਆ ।ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਵੱਖ-ਵੱਖ ਵਿਅਕਤੀਆਂ ਕੋਲੋਂ ਹਾਲੀਆਂ ਪੁੱਛਗਿੱਛ ਦੇ ਬਾਅਦ ਈ. ਡੀ. ਨੂੰ ਮਿਲੇ ਨਵੇਂ ਸਬੂਤਾਂ ਦੇ ਮੱਦੇਨਜ਼ਰ ਕਾਰਵਾਈ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਈ.ਡੀ. ਵਲੋਂ ਨੈਸ਼ਨਲ ਹੈਰਾਲਡ ਮਾਮਲੇ ਨਾਲ ਜੁੜੇ ਲੋੜੀਂਦੇ ਦਸਤਾਵੇਜ਼ਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਗਈ ਹੈ ।ਜਾਣਕਾਰੀ ਮੁਤਾਬਿਕ ਈ.ਡੀ. ਨੇ ਅਕਾਊਾਟ ਸੈਕਸ਼ਨ ਦੇ 2 ਪੁਰਾਣੇ ਅਧਿਕਾਰੀਆਂ ਕੋਲੋਂ ਵੀ ਮੁੱਢਲੀ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਕੋਲੋਂ ਹੈਰਾਲਡ ਹਾਊਸ 'ਚ ਸਾਲ 2010 ਤੋਂ 2015 ਤੱਕ ਦੇ ਖਾਤਿਆਂ ਸੰਬੰਧੀ ਪੁੱਛਿਆ ਗਿਆ ਹੈ । ਈ.ਡੀ. ਵਲੋਂ ਕਾਂਗਰਸ ਦੀ ਕਰਜ਼ੇ ਵਾਲੀ ਫਾਈਲ ਦੀ ਭਾਲ ਵੀ ਕੀਤੀ ਜਾ ਰਹੀ ਹੈ | ਨੈਸ਼ਨਲ ਹੈਰਾਲਡ ਦਾ ਪ੍ਰਕਾਸ਼ਨ ਐਸੋਸੀਏਟਿਡ ਜਰਨਲਸ (ਏ.ਜੇ.ਐਲ) ਵਲੋਂ ਕੀਤਾ ਜਾਂਦਾ ਹੈ ਅਤੇ ਇਸ ਦੀ ਮੂਲ ਕੰਪਨੀ 'ਯੰਗ ਇੰਡੀਅਨ' ਹੈ ।ਈ.ਡੀ. ਅਨੁਸਾਰ ਕਰੀਬ 800 ਕਰੋੜ ਰੁਪਏ ਦੀ ਸੰਪਤੀ ਏ.ਜੇ.ਐਲ. ਕੋਲ ਹੈ ਅਤੇ ਏਜੰਸੀ ਗਾਂਧੀ ਪਰਿਵਾਰ ਤੋਂ ਜਾਣਨਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਯੰਗ ਇੰਡੀਅਨ ਵਰਗੀ ਗੈਰ-ਲਾਭਕਾਰੀ ਕੰਪਨੀ ਆਪਣੀ ਜ਼ਮੀਨ ਅਤੇ ਇਮਾਰਤਾਂ ਨੂੰ ਕਿਰਾਏ 'ਤੇ ਦੇਣ ਦੀਆਂ ਵਪਾਰਕ ਗਤੀਵਿਧੀਆਂ ਕਰ ਰਹੀ ਸੀ ।

ਨੈਸ਼ਨਲ ਹੈਰਾਲਡ ਹਾਊਸ ਤੇ ਹੋਰਨਾਂ ਟਿਕਾਣਿਆਂ 'ਤੇ ਛਾਪੇਮਾਰੀ ਦੇ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਬਗੈਰ ਸਵਾਲ ਕੀਤੇ, ਤਾਨਾਸ਼ਾਹ ਦੀ ਹਰ ਗੱਲ ਸਵੀਕਾਰ ਕਰੋ ।ਉਨ੍ਹਾਂ ਕਿਹਾ ਕਿ ਤਾਨਾਸ਼ਾਹ ਦੇ ਹਰ ਫ਼ਰਮਾਨ ਤੋਂ ਜਨਤਾ ਦੀ ਆਵਾਜ਼ ਦਬਾਉਣ ਦੀ ਹਰ ਕੋਸ਼ਿਸ਼ ਖ਼ਿਲਾਫ਼ ਅਸੀਂ ਲੜਨਾ ਹੈ ।