ਬਾਦਲ ਪਰਿਵਾਰ ਲਈ ਵਧੀਆਂ ਮੁਸ਼ਕਿਲਾਂ; ਨਜ਼ਦੀਕੀ ਮਨਤਾਰ ਬਰਾੜ ਦੀ ਗ੍ਰਿਫਤਾਰੀ ਲਈ ਐਸਆਈਟੀ ਨੇ ਮੰਗੀ ਪ੍ਰਵਾਨਗੀ

ਬਾਦਲ ਪਰਿਵਾਰ ਲਈ ਵਧੀਆਂ ਮੁਸ਼ਕਿਲਾਂ; ਨਜ਼ਦੀਕੀ ਮਨਤਾਰ ਬਰਾੜ ਦੀ ਗ੍ਰਿਫਤਾਰੀ ਲਈ ਐਸਆਈਟੀ ਨੇ ਮੰਗੀ ਪ੍ਰਵਾਨਗੀ
ਮਨਤਾਰ ਬਰਾੜ ਦੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਇਕ ਤਸਵੀਰ

ਫ਼ਰੀਦਕੋਟ: ਕੋਟਕਪੂਰਾ 'ਚ ਵਾਪਰੇ ਗੋਲੀਕਾਂਡ ਮਾਮਲੇ ਵਿਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਖਾਸ ਜਾਂਚ ਟੀਮ (ਐਸਆਈਟੀ) ਨੇ ਬਾਦਲ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਗੋਲੀਕਾਂਡ ਵਿਚ ਮੁਲਜ਼ਮ ਵਜੋਂ ਸ਼ਾਮਲ ਕੀਤਾ ਹੈ।
 
ਫ਼ਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਮਨਤਾਰ ਬਰਾੜ ਵੱਲੋਂ ਪਾਈ ਅਗਾਊਂ ਜ਼ਮਾਨਤ ਦੀ ਅਪੀਲ ਉਤੇ ਸੁਣਵਾਈ ਦੌਰਾਨ ਐਸਆਈਟੀ ਨੇ ਲਿਖਤੀ ਦਿੱਤਾ ਹੈ ਕਿ  ਮਨਤਾਰ ਬਰਾੜ ਉਤੇ ਕੋਟਕਪੂਰਾ ਗੋਲੀਕਾਂਡ ਸਬੰਧੀ ਦੋਸ਼ ਲੱਗੇ ਹਨ ਇਸ ਲਈ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦਿੱਤੀ ਜਾਵੇ।

ਐਸਆਈਟੀ ਵਲੋਂ ਕੀਤੀ ਗਈ ਇਸ ਮੰਗ ਤੋਂ ਬਾਅਦ ਹੁਣ ਛੇਤੀ ਹੀ ਮਨਤਾਰ ਬਰਾੜ ਦੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਮਨਤਾਰ ਬਰਾੜ ਨੂੰ ਦੋਸ਼ੀ ਬਣਾਇਆ ਜਾਣਾ ਇਸ ਮਾਮਲੇ ਵਿਚ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਗੋਲੀਕਾਂਡਾਂ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਦੀ ਅਹਿਮ ਕੜੀ ਮਨਤਾਰ ਬਰਾੜ ਨੂੰ ਹੀ ਮੰਨਿਆ ਜਾਂਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ