ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਚੋਰੀ ਕੀਤਾ ਸਮਾਨ ਵਾਪਿਸ ਕਰਨ ਲਈ ਕੈਪਟਨ ਨੇ ਰਾਜਨਾਥ ਨੂੰ ਚਿੱਠੀ ਲਿਖੀ

ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਚੋਰੀ ਕੀਤਾ ਸਮਾਨ ਵਾਪਿਸ ਕਰਨ ਲਈ ਕੈਪਟਨ ਨੇ ਰਾਜਨਾਥ ਨੂੰ ਚਿੱਠੀ ਲਿਖੀ

ਚੰਡੀਗੜ੍ਹ: ਭਾਰਤੀ ਫੌਜ ਵਲੋਂ ਜੂਨ 1984 ਵਿਚ ਪੰਜਾਬ 'ਤੇ ਕੀਤੇ ਹਮਲੇ ਦੌਰਾਨ ਹਮਲੇ ਦੇ ਕੇਂਦਰ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਇਤਿਹਾਸਕ ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਭਾਰਤੀ ਫੌਜ ਵਲੋਂ ਚੋਰੀ ਕੀਤਾ ਗਏ ਇਤਿਹਾਸਕ ਦਸਤਾਵੇਜ਼ ਅਤੇ ਹੱਥ ਲਿਖਤਾਂ ਸਮੇਤ ਹੋਰ ਸਮਾਨ ਵਾਪਿਸ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਬਰਤਾਨੀਆ ਤੋਂ ਸਿੱਖ ਓਰਗੇਨਾਈਜ਼ੇਸ਼ਨਸ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਂਇੰਦੇ ਮਿਲੇ ਸਨ ਜਿਹਨਾਂ ਕੁੱਝ ਮੰਗਾਂ ਉਨ੍ਹਾਂ ਸਾਹਮਣੇ ਰੱਖੀਆਂ ਸਨ। ਉਨ੍ਹਾਂ ਮੰਗਾਂ ਵਿਚ ਇਹ ਸਮਾਨ ਭਾਰਤ ਸਰਕਾਰ ਤੋਂ ਵਾਪਿਸ ਲੈਣ ਦੀ ਮੰਗ ਵੀ ਸ਼ਾਮਿਲ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀਆਂ ਗਈਆਂ ਮੰਗਾਂ 'ਤੇ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਇਸ ਮੰਗ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਦੀ ਦਖਲ ਦੀ ਜ਼ਰੂਰਤ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਵਿਚ ਲਿਖਿਆ ਕਿ ਸਿੱਖ ਧਰਮ ਨਾਲ ਸਬੰਧਿਤ ਅਹਿਮ ਬੇਸ਼ਕੀਮਤੀ ਸਮਾਨ ਭਾਰਤੀ ਫੌਜ ਨੇ ਜੂਨ 1984 ਦੇ ਹਮਲੇ ਵਿਚ ਚੁੱਕ ਲਿਆ ਸੀ ਤੇ ਉਸ ਸਬੰਧੀ ਅੱਜ ਤਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।

ਉਨ੍ਹਾਂ ਲਿਖਿਆ ਕਿ ਸਿੱਖ ਕੌਮ ਲੰਬੇ ਸਮੇਂ ਤੋਂ ਇਸ ਮੰਗ ਨੂੰ ਚੁੱਕਦੀ ਆ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਕਈ ਵਾਰ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੀ ਹੈ ਕਿ ਉਹ ਸਾਰਾ ਸਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਿਸ ਪਹੁੰਚਾਇਆ ਜਾਵੇ। ਕੈਪਟਨ ਨੇ ਇਸ ਮਾਮਲੇ ਵਿਚ ਰਾਜਨਾਥ ਸਿੰਘ ਨੂੰ ਦਖਲ ਦੇਣ ਲਈ ਕਹਿੰਦਿਆਂ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਗੱਲ ਕਹੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ