ਕਿਸਾਨਾਂ ਤੇ ਹੋ ਰਿਹਾ ਹਕੂਮਤੀ ਜ਼ਬਰ ਬੰਦ ਹੋਵੇ, ਵਰਨਾ ਬੰਗਲਾਦੇਸ਼ ਦੀ ਤਰ੍ਹਾਂ ਮੁਲਕ ਦੇ ਟੋਟੇ ਹੋਣ ਤੋਂ ਨਹੀਂ ਰੁਕ ਸਕੇਗਾ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 21 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “ਕਿਸਾਨ ਵਰਗ ਬਹੁਤ ਮਿਹਨਤ ਮੁਸੱਕਤ ਨਾਲ ਮੁਲਕ ਨਿਵਾਸੀਆਂ ਦਾ ਢਿੱਡ ਭਰਨ ਦੀ ਜਿੰਮੇਵਾਰੀ ਨਿਭਾਉਦਾ ਹੈ ਜੋ ਮੀਹ, ਕਣੀ, ਤੂਫਾਨ, ਗਰਮੀ-ਸਰਦੀ, ਹੜ੍ਹਾਂ ਦਾ ਮੁਕਾਬਲਾ ਕਰਦੇ ਹੋਏ ਵੀ ਇਸ ਜਿੰਮੇਵਾਰੀ ਨੂੰ ਪੂਰਨ ਕਰਦਾ ਹੈ । ਪਰ ਸਰਕਾਰਾਂ ਵੱਲੋ ਉਨ੍ਹਾਂ ਦੀਆਂ ਪੈਦਾਵਾਰ ਫਸਲਾਂ ਦੀ ਐਮ.ਐਸ.ਪੀ ਨਾ ਦੇ ਕੇ, ਸੁਆਮੀਨਾਥਨ ਰਿਪੋਰਟ ਦੇ ਸੁਝਾਵਾਂ ਨੂੰ ਲਾਗੂ ਨਾ ਕਰਕੇ ਅਤੇ ਉਨ੍ਹਾਂ ਉਤੇ ਸਰਕਾਰੀ ਗਲਤ ਨੀਤੀਆ ਦੀ ਬਦੌਲਤ ਚੜ੍ਹੇ ਕਰਜੇ ਨੂੰ ਖਤਮ ਨਾ ਕਰਕੇ ਇਕ ਤਾਂ ਪਹਿਲੋ ਹੀ ਵੱਡੀ ਬੇਇਨਸਾਫ਼ੀ ਕਰ ਰਹੀਆ ਹਨ, ਦੂਸਰਾ ਜਦੋ ਉਹ ਆਪਣੀਆ ਜਾਇਜ ਮੰਗਾਂ ਦੇ ਲਈ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਰੋਸ ਮੁਜਾਹਰੇ, ਰੈਲੀਆ ਕਰਦੇ ਹਨ, ਤਾਂ ਉਨ੍ਹਾਂ ਉਤੇ ਦੂਸਰੇ ਮੁਲਕ ਉਤੇ ਹਮਲਾ ਕਰਨ ਦੀ ਤਰ੍ਹਾਂ ਰਬੜ ਦੀਆਂ ਗੋਲੀਆ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾ, ਸਰੀਰਕ ਤੌਰ ਤੇ ਨਕਾਰਾ ਕਰਨ ਵਾਲੇ ਸਮੁੰਦਰੀ ਡਾਕੂਆਂ ਲਈ ਵਰਤੇ ਜਾਣ ਵਾਲੇ ਸਾਈਰਨ ਆਦਿ ਗੈਰ ਵਿਧਾਨਿਕ ਯੰਤਰਾਂ ਦੀ ਵਰਤੋ ਕਰਕੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕੀਤਾ ਜਾ ਰਿਹਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਸਖਤ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦੀ, ਬਲਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਜ਼ੀਦਗੀ ਨਾਲ ਖ਼ਬਰਦਾਰ ਵੀ ਕਰਦੀ ਹੈ ਕਿ ਜੇਕਰ ਕਿਸਾਨ ਵਰਗ ਉਤੇ ਕੀਤਾ ਜਾ ਰਿਹਾ ਜ਼ਬਰ ਬੰਦ ਨਾ ਕੀਤਾ ਗਿਆ ਤਾਂ ਇਸ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ ਕਿ ਬੰਗਲਾਦੇਸ਼ ਦੀ ਤਰ੍ਹਾਂ ਇਸ ਮੁਲਕ ਦੇ ਟੋਟੇ ਹੋਣ ਲਈ ਇਹ ਹੁਕਮਰਾਨ ਹੀ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਭੂ ਬਾਰਡਰ ਉਤੇ ਅਤੇ ਖਨੌਰੀ ਬਾਰਡਰ ਉਤੇ ਵੱਡੀ ਗਿਣਤੀ ਵਿਚ ਆਪਣੀਆ ਮੰਗਾਂ ਦੇ ਹੱਕ ਵਿਚ ਇੱਕਤਰ ਹੋ ਕੇ ਕਿਸਾਨਾਂ ਉਤੇ ਹਰਿਆਣਾ ਦੀ ਅਤੇ ਸੈਟਰ ਸਰਕਾਰਾਂ ਵੱਲੋ ਜ਼ਬਰ ਢਾਹੁਣ ਦੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਦੀ ਮੁਤੱਸਵੀ ਸਰਕਾਰ ਕੇਵਲ ਬਹੁਗਿਣਤੀ ਹਿੰਦੂਪੱਖੀ ਸੋਚ ਨੂੰ ਲੈਕੇ ਹੀ ਅਜਿਹੇ ਅਮਲ ਕਰ ਰਹੀ ਹੈ ਜਿਸ ਨਾਲ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਸਥਿਤੀ ਨੂੰ ਵਿਸਫੌਟਕ ਬਣਾ ਰਹੀ ਹੈ । ਜਿਸ ਨਾਲ ਮਸਲੇ ਹੱਲ ਹੋਣ ਦੀ ਬਜਾਇ ਹੋਰ ਗੁੰਝਲਦਾਰ ਹੋਣਗੇ ਅਤੇ ਅਜਿਹੇ ਅਮਲ ਮੁਲਕ ਦੇ ਟੋਟੇ ਕਰਵਾਉਣ ਵਿਚ ਵਾਧਾ ਕਰਨਗੇ ਨਾ ਕਿ ਇਥੋ ਦੇ ਨਿਵਾਸੀਆ ਦੀ ਸੰਤੁਸਟੀ ਕਰਵਾਉਣ ਵਿਚ । ਇਸ ਲਈ ਸਰਕਾਰ ਲਈ ਬਿਹਤਰ ਹੋਵੇਗਾ ਕਿ ਉਹ ਤੁਰੰਤ ਕਿਸਾਨ ਵਰਗ ਨਾਲ ਬੀਤੇ ਡੇਢ ਸਾਲ ਪਹਿਲੇ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰੇ ਅਤੇ ਮਾਹੌਲ ਨੂੰ ਸੁਖਾਵਾਂ ਬਣਾਏ । ਉਨ੍ਹਾਂ ਕਿਹਾ ਕਿ ਸ੍ਰੀ ਲਾਲ ਬਹਾਦਰ ਸਾਸਤਰੀ ਜਦੋ ਵਜੀਰ ਏ ਆਜਮ ਸਨ ਤਾਂ ਉਨ੍ਹਾਂ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇ ਕੇ ਕਿਸਾਨ ਤੇ ਜਵਾਨਾਂ ਦੇ ਸਤਿਕਾਰ ਮਾਣ ਨੂੰ ਕਾਇਮ ਰੱਖਿਆ ਸੀ । ਪਰ ਅਜੋਕੇ ਹੁਕਮਰਾਨ ਜੋ ਕੁਝ ਕਿਸਾਨਾਂ ਨਾਲ ਕਰ ਰਹੇ ਹਨ ਉਹ ਸਭ ਦੇ ਸਾਹਮਣੇ ਹੈ ਅਤੇ ਜੋ ਜਵਾਨ ਹਨ ਉਨ੍ਹਾਂ ਨੂੰ ਕੇਵਲ 4 ਸਾਲਾਂ ਲਈ ਭਰਤੀ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਤੇ ਮੁਲਕ ਨਾਲ ਖਿਲਵਾੜ ਕਰ ਰਹੇ ਹਨ । ਜਦੋਕਿ ਐਨੇ ਥੋੜੇ ਸਮੇ ਵਿਚ ਤਾਂ ਇਕ ਫੌਜੀ ਦੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਵੀ ਪੂਰੀ ਨਹੀ ਹੁੰਦੀ । ਫਿਰ ਇਹ ਉਨ੍ਹਾਂ ਜਵਾਨਾਂ ਦੀ ਸਹੀ ਵਰਤੋ ਕਿਵੇ ਕਰਨਗੇ ਅਤੇ ਜਵਾਨੀ ਵਿਚ ਪੈਦਾ ਹੋਈ ਬੇਚੈਨੀ ਨੂੰ ਕਿਵੇ ਸਮਾਪਤ ਕਰਨਗੇ ?
Comments (0)