ਬੋਕਾਰੋ ਅੰਦਰ 1984 ਸਿੱਖ ਕਤਲੇਆਮ ਚ ਮਾਰੇ ਗਏ ਸਿੱਖਾਂ ਦੇ ਕਤਲਾਂ ਦਾ ਮੁੱਦਾ ਭਖਿਆ

ਬੋਕਾਰੋ ਅੰਦਰ 1984 ਸਿੱਖ ਕਤਲੇਆਮ ਚ ਮਾਰੇ ਗਏ ਸਿੱਖਾਂ ਦੇ ਕਤਲਾਂ ਦਾ ਮੁੱਦਾ ਭਖਿਆ

ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਐਸ ਪੀ ਤੋਂ ਮੰਗਿਆ ਰਿਕਾਰਡ ਕਿੰਨੇ ਮੁਜਰਿਮ ਬਰੀ ਹੋਏ ਤੇ ਕਿੰਨਿਆਂ ਨੂੰ ਸਜ਼ਾ ਹੋਈ, ਕਰਨਗੇ ਮੁਕਦਮਿਆਂ ਚ ਪੀੜਿਤਾਂ ਦੀ ਪੈਰਵਾਈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 3 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਦਰਬਾਰ ਸਾਹਿਬ ਤੇ ਹਮਲਾ ਕਰਵਾਣ ਦੇ ਦੋਸ਼ ਹੇਠ ਸਿੱਖਾਂ ਦੇ ਹੱਥੋਂ ਮਾਰੀ ਗਈ ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਇਕ ਹੋਰ ਮਾਮਲਾ ਜੋ ਕਿ ਬੋਕਾਰੋ ਵਿਚ ਹੋਇਆ ਸੀ ਓਹ ਮੁੜ ਸੁਰਖੀਆਂ ਵਿਚ ਆ ਗਿਆ ਹੈ । 1984 ਸਿੱਖ ਕਤਲੇਆਮ ਦੌਰਾਨ ਝਾਰਖੰਡ ਵਿਚ ਬੋਕਾਰੋ ਸਟੀਲ ਸਿਟੀ (ਉਸ ਸਮੇਂ ਦਾ ਬਿਹਾਰ ਸੂਬਾ) ਵਿਚ ਮਾਰੇ ਗਏ ਸਿੱਖਾਂ ਦਾ ਮੁੱਦਾ 38 ਸਾਲ ਬਾਅਦ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਵਲੋਂ ਚੁੱਕਿਆ ਗਿਆ ਹੈ । ਪੂਰੇ ਦੇਸ਼ ਵਿਚ ਨਵੰਬਰ 1984 ਦੌਰਾਨ ਮਾਰੇ ਗਏ ਲੱਖਾਂ ਸਿੱਖਾਂ ਵਿਚੋਂ ਕੁਝ ਸ਼ਹਿਰਾਂ ਵਿਚ ਕੋਈ ਮੁਕੱਦਮਾ ਨਹੀਂ ਚਲਿਆ ਤੇ ਨਾ ਹੀ ਇਸ ਪਾਸੇ ਕਿਸੇ ਲੀਡਰ ਨੇ ਧਿਆਨ ਦਿੱਤਾ ਹੈ । ਝਾਰਖੰਡ ਵਿਚ ਦੋ ਸਿੱਖ ਸਰਦਾਰ ਜਸਮੀਤ ਸਿੰਘ ਅਤੇ ਸਰਦਾਰ ਸਤਨਾਮ ਸਿੰਘ ਇਨਾਂ ਪੀੜਿਤ ਸਿੱਖਾਂ ਲਈ ਕੋਰਟ ਵਿਚ ਲੜਦੇ ਰਹੇ ਹਨ ਤੇ ਇਹਨਾਂ ਦੇ ਯਤਨਾਂ ਸਦਕਾ "ਇਕ ਮੈਂਬਰੀ ਕਮਿਸ਼ਨ" ਵੀ ਬਣਿਆ ਸੀ ਪਰ ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ । ਜ਼ਿਕਰ ਯੋਗ ਹੈ ਕੇ ਬੋਕਾਰੋ ਸਟੀਲ ਸਿਟੀ ਵਿਚ ਅਣਗਿਣਤ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਵਿਚ ਕੁੱਝ ਵੱਡੇ ਲੀਡਰਾਂ ਦਾ ਨਾਮ ਵੀ ਆਇਆ ਸੀ ਪਰ ਅਜੇ ਤਕ ਬੋਕਾਰੋ ਦੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈ ।

ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਕਿਹਾ ਹੈ ਕਿ ਉਹ ਇਸ ਲੜਾਈ ਨੂੰ ਸਰਦਾਰ ਜਸਮੀਤ ਸਿੰਘ ਤੇ ਸਰਦਾਰ ਸਤਨਾਮ ਸਿੰਘ ਤੇ ਹੋਰ ਪੀੜਿਤਾਂ ਨਾਲ ਲੜਨਗੇ ਅਤੇ ਉਨ੍ਹਾਂ ਸਾਰਿਆਂ ਨੂੰ ਕਾਨੂੰਨੀ ਚਾਰਾਜੋਈ ਕਰਕੇ ਇਨਸਾਫ ਦਿਵਾਉਣਗੇ ।

ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਹੁਣ ਬੋਕਾਰੋ ਐਸ ਪੀ ਪੁਲਿਸ ਤੋਂ ਦੋਸ਼ੀਆਂ ਦਾ ਪੂਰਾ ਰਿਕਾਰਡ ਮੰਗਿਆ ਹੈ ਤੇ ਪੁਲਿਸ ਨੇ ਕਿੰਨੀਆਂ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾ ਦਵਾਈ ਤੇ ਕਿੰਨੇ ਦੋਸ਼ੀ ਬਰੀ ਹੋਏ, ਇਸ ਦਾ ਵੀ ਪੂਰਾ ਬਿਓਰਾ ਮੰਗਿਆ ਹੈ । ਉਨ੍ਹਾਂ ਕਿਹਾ ਕਿ ਫਾਈਲ ਬਣਾ ਕੇ ਓਹਨਾ ਦੀ ਲੀਗਲ ਟੀਮ ਇਹਨਾਂ ਮੁਕਦਮਿਆਂ ਵਿਚ ਪੈਰਵਾਈ ਕਰੇਗੀ ।

ਜਿਕਰਯੋਗ ਹੈ ਕਿ ਸਥਾਨਕ ਕਾਂਗਰਸ ਪ੍ਰਧਾਨ ਅਤੇ ਗੈਸ ਸਟੇਸ਼ਨ ਦੇ ਮਾਲਕ ਪੀਕੇ ਤ੍ਰਿਪਾਠੀ 'ਤੇ ਭੀੜ ਨੂੰ ਮਿੱਟੀ ਦਾ ਤੇਲ ਵੰਡਣ ਅਤੇ ਸਿੱਖਾਂ 'ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ। ਕਾਰਕੁਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਲੱਭ ਕੇ ਮਾਰਿਆ ਗਿਆ ਸੀ । ਪੀਐਮ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਰਿਆਂ ਦੇ ਸਿਰ 'ਤੇ ਖੂਨ ਕਾ ਬਦਲਾ ਖੂਨ ਸਵਾਰ ਸੀ।

ਇੱਕ ਰਿਪੋਰਟ ਅਨੁਸਾਰ 1984 ਵਿੱਚ ਬੋਕਾਰੋ ਦੇ 817 ਪਰਿਵਾਰਾਂ ਨੂੰ ਦੰਗਿਆਂ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਸੀ।  ਜ਼ਿਲ੍ਹਾ ਮੈਜਿਸਟਰੇਟ ਦੀ ਰਿਪੋਰਟ ਵਿੱਚ 70 ਸਿੱਖਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।  ਹਾਲਾਂਕਿ ਸਿੱਖ ਕੌਮ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਸੀ।ਬੋਕਾਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ 85 ਸਿੱਖਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਨੇ ਖੁਦ ਕੀਤਾ ਹੈ।  15 ਸਿੱਖਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਉਨ੍ਹਾਂ ਵਲੋਂ ਕਰਵਾਇਆ ਗਿਆ ਸੀ ।