ਜਾਤਪਾਤੀ ਮਨੂੰਵਾਦੀ ਸੌੜੀ ਸੋਚ ਖਿਲਾਫ਼ ਇੱਕਠੇ ਹੋਣ ਦੀ ਲੋੜ: ਸਿੱਖ ਬੁੱਧੀਜੀਵੀ

ਜਾਤਪਾਤੀ ਮਨੂੰਵਾਦੀ ਸੌੜੀ ਸੋਚ ਖਿਲਾਫ਼ ਇੱਕਠੇ ਹੋਣ ਦੀ ਲੋੜ: ਸਿੱਖ ਬੁੱਧੀਜੀਵੀ
ਜਗਮੇਲ ਸਿੰਘ

ਚੰਡੀਗੜ੍ਹ: ਸੰਗਰੂਰ ਦੇ ਪਿੰਡ ਚੰਗਾਲੀ ਵਾਲਾ ਕਾਂਡ ਦੇ ਮ੍ਰਿਤਕ ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਕਾਬੂ ਕਰਨਾ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਲੋਕਾਂ ਦੇ ਦਬਾਅ  ਸਹਾਇਤਾ ਦੇਣਾ ਇੱਕ ਚੰਗਾ ਕਦਮ ਹੈ ,ਪਰ ਇਸ ਕਾਂਡ ਵਿੱਚ ਪੁਲੀਸ ਵੱਲੋਂ ਕੇਸ ਦਰਜ ਵਿੱਚ ਦੇਰੀ ਗਰੀਬਾਂ ਪ੍ਰਤੀ ਰਾਜ ਪ੍ਰਬੰਧ ਦੀ ਅਣਗਹਿਲੀ ਅਤੇ ਉਦਾਸੀਨਤਾ ਦਾ ਖ਼ੂਬ ਮੁਜ਼ਾਹਰਾ ਕਰਦੀ ਹੈ। ਰਾਜ ਪ੍ਰਬੰਧ ਅਤੇ ਸਰਕਾਰਾਂ ਦੀ ਆਮ ਆਦਮੀ ਪ੍ਰਤੀ ਜਗੀਰੂ ਤੇ ਧੱਕੜਸ਼ਾਹੀ ਕਰਕੇ ਹੀ ਮਨੂੰਵਾਦੀ-ਬ੍ਰਾਹਮਣਵਾਦੀ ਸੋਚ ਵਹਿਸ਼ੀ ਤੇ ਘਿਨਾਉਣੀ ਜਾਤਪਾਤ ਸਮਾਜ ਵਿੱਚ ਕਾਇਮ ਹੈ, ਜਿਸ ਦਾ ਪ੍ਰਗਟਾਵਾ ਦਲਿਤਾਂ ਉੱਤੇ ਵਹਿਸ਼ੀ ਹਮਲਿਆਂ ਰਾਹੀਂ ਹੁੰਦਾ ਰਹਿੰਦਾ ਹੈ। ਦਲਿਤ ਨੌਜਵਾਨ ਜਗਮੇਲ ਸਿੰਘ ਦੇ ਦਰਿੰਦਗੀ ਨਾਲ ਕੀਤੇ ਕਤਲ ਦੀ ਨਿਖੇਧੀ ਕਰਦਿਆਂ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਜਾਤਪਾਤੀ ਕੋਹੜ ਲਈ ਜ਼ਿੰਮੇਵਾਰ ਮਨੂੰਵਾਦੀ ਸੋਚ ਵਿਰੁੱਧ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਸਾਰੀਆਂ ਸਿੱਖ ਧਾਰਮਿਕ, ਜਮਹੂਰੀ, ਸਮਾਜਿਕ ਅਤੇ ਰਾਜਨੀਤਕ ਧਿਰਾਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ। 

ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ  ਪ੍ਰਕਾਸ਼ ਦਿਹਾੜੇ ਸਮੇਂ ਵਾਪਰੀ ਅਜਿਹੀ ਵਹਿਸ਼ੀ ਘਟਨਾ ਦੌਰਾਨ ਪੀੜਤ ਪਰਿਵਾਰ ਦੇ ਦੁੱਖ ਦਰਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਰੀਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਿਰ ਬਣ ਕੇ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਇਸਦੇ ਨਾਲ-ਨਾਲ ਹਰ ਸਿੱਖ ਜਥੇਬੰਦੀ ਅਤੇ ਭਿੰਨ-ਭਿੰਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਅਨੁਸਾਰ ਜਾਤ ਪਾਤ ਅਤੇ ਉਸ ਤੋਂ ਉਪਜਦੀ ਹੰਕਾਰੀ ਮਾਨਸਿਕਤਾ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। 

ਗੁਰੂ ਸਾਹਿਬ ਤਾਂ ਦੋ ਟੁੱਕ ਨਿਖੇੜਾ ਕਰਦੇ ਹਨ, "ਜਬ ਇਹ ਗਹੈ ਬਿਪਰਨ ਕੀ ਰੀਤ ਮੈਂ ਨਾ ਕਰਉਂ ਇਨਕੀ ਪਰਤੀਤ।" ਸਿੱਖਾਂ ਦਾ ਬਿਪਰਵਾਦ (ਬ੍ਰਾਹਮਣਵਾਦ) ਨਾਲ ਕੋਈ ਸੰਬੰਧ ਨਹੀਂ ਅਤੇ "ਰੰਗਰੇਟੇ ਗੁਰੂ ਕੇ ਬੇਟੇ" ਅਨੁਸਾਰ ਦਲਿਤ ਭਾਈਚਾਰਾ ਸਮੁੱਚੇ ਸਿੱਖ ਸਮਾਜ ਦਾ ਅਟੁੱਟ ਅਤੇ ਅਨਿੱਖੜਵਾਂ ਅੰਗ ਹੈ। ਅਸੀਂ ਸਿੱਖਾਂ ਸਮੇਤ ਪੰਜਾਬ ਦੇ ਸਮੂਹ ਗ਼ਰੀਬ ਤੇ ਜਾਤਪਾਤ ਦੇ ਸ਼ਿਕਾਰ ਦਲਿਤਾਂ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਨੂੰ ਮਨੂੰਵਾਦੀ ਵਿਵਸਥਾ ਦਾ ਵਿਰੋਧ ਕਰਕੇ ਆਪਸੀ ਭਾਈਚਾਰੇ ਵਾਲੇ ਰਾਜ ਪ੍ਰਬੰਧ ਦੀ ਸਥਾਪਤੀ ਲਈ ਲਾਮਬੰਦ ਹੋਣਾ ਚਾਹੀਦਾ ਹੈ। 

ਸਿੱਖ ਵਿਚਾਰ ਮੰਚ ਦੀ ਇਸ ਸਬੰਧ ਵਿੱਚ ਹੋਈ ਮੀਟਿੰਗ ਵਿੱਚ ਗੁਰਬਚਨ ਸਿੰਘ ਸੀਨੀਅਰ ਪੱਤਰਕਾਰ (ਦੇਸ਼ ਪੰਜਾਬ), ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਢਿੱਲੋਂ, ਬਲਜਿੰਦਰ ਕੋਟਭਾਰਾ ਸ਼ਾਮਲ ਸਨ ।ਇਹ ਪ੍ਰੈੱਸ ਨੋਟ ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਜਾਰੀ ਕੀਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।