ਲੰਡਨ ਵਿੱਚ ਹਜ਼ਾਰਾਂ ਸਿੱਖਾਂ ਨੇ ਅਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦਿਆਂ "ਖਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਲਾਏ

ਲੰਡਨ ਵਿੱਚ ਹਜ਼ਾਰਾਂ ਸਿੱਖਾਂ ਨੇ ਅਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦਿਆਂ
ਲੰਡਨ ਵਿੱਚ ਹੋਏ ਸਿੱਖ ਇਕੱਠ ਦੀ ਤਸਵੀਰ

ਲੰਡਨ: ਬਰਤਾਨੀਆ ਦੇ ਸ਼ਹਿਰ ਲੰਡਨ ਵਿੱਚ ਸਿੱਖ ਭਾਈਚਾਰੇ ਵੱਲੋਂ ਜੂਨ 1984 ਵਿੱਚ ਭਾਰਤ ਵੱਲੋਂ ਪੰਜਾਬ 'ਤੇ ਫੌਜੀ ਹਮਲਾ ਕਰਕੇ ਸਿੱਖ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਦੇ ਸਾਕੇ ਦੀ 35ਵੀਂ ਵਰੇਗੰਢ ਮਨਾਉਂਦਿਆਂ ਸਿੱਖ ਅਜ਼ਾਦ ਦੇਸ਼ "ਖਾਲਿਸਤਾਨ" ਦੀ ਕਾਇਮੀ ਲਈ ਸੰਘਰਸ਼ ਜਾਰੀ ਰੱਖਣ ਦਾ ਅੀਹਦ ਕੀਤਾ। 

ਲੰਡਨ ਦਾ ਟ੍ਰਫਾਲਗਰ ਸਕੁਇਅਰ ਸਿੱਖਾਂ ਦੀਆਂ ਨੀਲੀਆਂ, ਬਸੰਤੀ, ਕੇਸਰੀ ਦਸਤਾਰਾਂ ਤੇ ਚੁੰਨੀਆਂ ਨਾਲ ਭਰਿਆ ਪਿਆ ਸੀ। ਸਿੱਖ ਅਜ਼ਾਦੀ ਰੈਲੀ ਵਿੱਚ ਹਿੱਸਾ ਲੈਣ ਲਈ ਯੂਕੇ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸਿੱਖ ਹਾਈਡ ਪਾਰਕ ਵਿੱਚ ਪਹੁੰਚੇ।

ਇਸ ਰੈਲੀ ਦਾ ਪ੍ਰਬੰਧ ਬਰਤਾਨੀਆ ਵਿੱਚ ਸਿੱਖਾਂ ਦੀ ਜਥੇਬੰਦੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕੀਤਾ ਜਾਂਦਾ ਹੈ। ਸਿੱਖ ਹਾਈਡ ਪਾਰਕ ਵਿਖੇ ਇਕੱਤਰ ਹੋਏ ਜਿੱਥੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਅਜ਼ਾਦੀ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਕਰਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਭਾਸ਼ਣ ਦਿੱਤੇ ਗਏ। ਇਸ ਤੋਂ ਬਾਅਦ ਸਿੱਖਾਂ ਨੇ ਟ੍ਰਫਾਲਗਰ ਸਕੁਇਅਰ ਤੱਕ ਮਾਰਚ ਕਰਦਿਆਂ "ਖਾਲਿਸਤਾਨ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਦੁਨੀਆ ਵਿੱਚ ਅਜ਼ਾਦੀ ਸੰਘਰਸ਼ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।ਇਸ ਦੌਰਾਨ ਵੱਡੀਆਂ ਸਕਰੀਨਾਂ 'ਤੇ ਭਾਰਤ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ।

ਸਿੱਖ ਨੌਜਵਾਨਾਂ ਨੇ ਰੈਫਰੈਂਡਮ 2020 ਦੀਆਂ ਟੀ ਸ਼ਰਟਾਂ ਪਾ ਕੇ ਵੀ ਇਸ ਰੈਲੀ ਵਿੱਚ ਸ਼ਿਰਕਤ ਕੀਤੀ। ਕੇਸਰੀ ਨਿਸ਼ਾਨ, ਖਾਲਿਸਤਾਨੀ ਝੰਡੇ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕਈ ਬੈਨਰ ਵੀ ਲੋਕਾਂ ਦੇ ਹੱਥਾਂ ਵਿੱਚ ਦਿਖਾਈ ਦਿੱਤੇ। 'ਟਰੁੱਥ', ਜਸਟਿਸ, ਫ੍ਰੀਡਮ ਅਤੇ ਨੈਵਰ ਫੌਰਗੇਟ '84 ਦੇ ਬੈਨਰ ਵੀ ਕਈ ਥਾਵਾਂ 'ਤੇ ਨਜ਼ਰ ਆਏ।

ਹਾਈਡ ਪਾਰਕ ਤੋਂ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰੈਲੀ ਸਭ ਟ੍ਰਫਾਲਗਰ ਸਕੁਇਅਰ ਪਹੁੰਚੀ ਜਿੱਥੇ ਸਟੇਜ ਲਗਾਈ ਗਈ ਸੀ। ਦੇਸ ਭਰ ਦੇ ਕਈ ਗੁਰਦੁਆਰਿਆਂ ਨੇ ਆਪਣੇ ਇਲਾਕਿਆਂ ਤੋ ਸੰਗਤਾਂ ਨੂੰ ਲਿਆਉਣ ਲਈ 100 ਤੋਂ ਵੱਧ ਕੋਚਾਂ ਦਾ ਪ੍ਰਬੰਧ ਕੀਤਾ ਸੀ। ਸੰਗਤਾਂ ਦੀ ਸਹੂਲਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

ਇਸ ਮੌਕੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ, "ਸਿੱਖਾਂ ਨੂੰ 35 ਸਾਲਾਂ ਤੋ ਇਨਸਾਫ਼ ਨਹੀਂ ਮਿਲਿਆ ਹੈ। 1984 ਵਿੱਚ ਵਾਪਰੇ ਦੁਖਾਂਤ ਅਤੇ ਮਨੁੱਖਤਾ ਦੇ ਘਾਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।"

ਇਸ ਮੌਕੇ ਘੱਲੂਘਾਰਾ ਜੂਨ 1984 'ਚ ਸ਼ਹੀਦ ਹੋਏ ਸਿੱਖਾਂ ਬਾਰੇ ਜਾਣਕਾਰੀ ਦਿੰਦੀ ਕਿਤਾਬ "ਸਿੱਖ ਸ਼ਹੀਦ" (ਸਿੱਖ ਮਾਰਟਿਅਰ) ਜਾਰੀ ਕੀਤੀ ਗਈ।

ਬਾਰਕਿੰਗ ਤੋਂ ਆਏ ਇੰਦਰ ਸਿੰਘ ਨੇ ਕਿਹਾ, "ਮੈਂ 35 ਸਾਲਾਂ ਤੋਂ ਹਰ ਸਾਲ ਰੋਸ ਪ੍ਰਗਟ ਕਰਨ ਲਈ ਆਉਂਦਾ ਹਾਂ। ਹੁਣ ਮੇਰੇ ਗੋਡੇ ਵੀ ਸਾਥ ਨਹੀ ਦਿੰਦੇ ਇਸ ਲਈ ਜ਼ਰੂਰੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਹੋਈ ਬੇਇਨਸਾਫੀ ਤੋਂ ਜਾਣੂ ਕਰਵਾਇਆ ਜਾਵੇ।"

ਸਿੱਖ ਕਾਉਂਸਲ ਯੂਕੇ ਦੇ ਬੁਲਾਰੇ ਸੁਖਜੀਵਨ ਸਿੰਘ ਨੇ ਕਿਹਾ ਕਿ ਸਾਡਾ ਆਪਣੇ ਕੌਮੀ ਘਰ ਲਈ ਇਹ ਸੰਘਰਸ਼ ਕਿਸੇ ਤਾਕਤ ਨੂੰ ਹਾਸਿਲ ਕਰਨ ਦੀ ਭੁੱਖ ਜਾ ਜ਼ਮੀਨ 'ਤੇ ਕਬਜ਼ਾ ਕਰਨਾ ਨਹੀਂ ਹੈ, ਇਹ ਸੰਘਰਸ਼ ਆਪਣੇ ਸਵੈਮਾਣ ਅਤੇ ਇੱਜ਼ਤ ਨੂੰ ਬਹਾਲ ਕਰਨ ਦਾ ਹੈ। ਸਾਡੇ ਸੂਬੇ ਪੰਜਾਬ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਵੀ ਲਾਜ਼ਮੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਨਾਲ ਕਈ ਪਾਰਟੀਆਂ ਨੇ 1984 ਦੇ ਮਾਮਲੇ 'ਚ ਸਪੱਸ਼ਟ ਜਾਂਚ ਕਰਨ ਦਾ ਭਰੋਸਾ ਕੀਤਾ ਪਰ ਥੈਚਰ ਦੀ ਪਾਰਟੀ ਨਾਲ ਹੀ ਸਬੰਧਿਤ ਹੋਣ ਕਾਰਨ ਟੋਰੀਸ ਇਸ ਕੰਮ ਵਿੱਚ ਬਹੁਤ ਢਿੱਲ ਵਖਾ ਰਹੇ ਹਨ।

ਭਾਰਤ ਵੱਲੋਂ ਸਿੱਖਾਂ 'ਤੇ ਕੀਤੇ ਫੌਜੀ ਹਮਲੇ ਵਿੱਚ ਬਰਤਾਨੀਆ ਦੀ ਉਸ ਸਮੇਂ ਦੀ ਥੈਚਰ ਸਰਕਾਰ ਵੱਲੋਂ ਭਾਰਤ ਦੀ ਮਦਦ ਕੀਤੇ ਜਾਣ ਸਬੰਧੀ ਸਿੱਖ ਲੰਬੇ ਸਮੇਂ ਤੋਂ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ ਤੇ ਇਸ ਇਕੱਠ ਵਿੱਚ ਵੀ ਸਿੱਖਾਂ ਨੇ ਜ਼ੋਰਦਾਰ ਢੰਗ ਨਾਲ ਇਸ ਮੰਗ ਨੂੰ ਦੁਹਰਾਇਆ।
ਹਾਈਡ ਪਾਰਕ ਵਿੱਚ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਗੁਰੂਘਰ ਦੇ ਪ੍ਰਬੰਧਕਾਂ ਨੇ ਸੰਬੋਧਨ ਕੀਤਾ ਅਤੇ 1984 ਵਿੱਚ ਵਾਪਰੇ ਸਿੱਖ ਕਤਲੇਆਮ ਲਈ ਲੰਬੇ ਸਮੇ ਤੋਂ ਇਨਸਾਫ ਨਾ ਮਿਲਣ ਲਈ ਰੋਸ ਪ੍ਰਗਟ ਕੀਤਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ