ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ,ਪੰਜਾਬੀ ਯੂਨੀਵਰਸਿਟੀ, ਪਟਿਆਲਾ

(1961 ਦੇ ਪੰਜਾਬ ਐਕਟ ਨੰਬਰ 35 ਤਹਿਤ ਸਥਾਪਤ)

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ (12 ਅਕਤੂਬਰ 2023): ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਜਨਮੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ. ਗੁਰਿੰਦਰ ਸਿੰਘ ਮਾਨ ਨੇ ਸਿੱਖ ਵਿਰਾਸਤੀ ਨਿਸ਼ਾਨੀਆਂ ਦੀ ਸਾਂਭ-ਸੰਭਾਲ ਅਤੇ ਡਿਜ਼ੀਟਾਈਜ਼ੇਸ਼ਨ ਵਿਸ਼ੇ ’ਤੇ ਆਪਣਾ ਵਿਸ਼ੇਸ਼ ਲੈਕਚਰ ਦਿੱਤਾ। ਪ੍ਰੋ. ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਲੈਕਚਰ ਦੀ ਪ੍ਰਧਾਨਗੀ ਕੀਤੀ।

ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਲੈਕਚਰ ਦੇ ਵਿਸ਼ੇ ਅਤੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਵਿਦਵਾਨ ਵਕਤਾ ਦੀ ਜਾਣ-ਪਛਾਣ ਕਰਾਉਂਦੇ ਹੋਏ ਉਹਨਾਂ ਦੱਸਿਆ ਕਿ ਸ. ਗੁਰਿੰਦਰ ਸਿੰਘ ਮਾਨ ਨੇ ਸਿੱਖ ਧਰਮ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ਸੰਬੰਧੀ ਚਾਰ ਪੁਸਤਕਾਂ ਤਿਆਰ ਕੀਤੀਆਂ ਹਨ ਅਤੇ ਮੌਜੂਦਾ ਸਮੇਂ ਵਿਚ ਉਹ ਵਿਭਿੰਨ ਦੇਸ਼ਾਂ ਵਿਚ ਮੌਜੂਦ ਸਿੱਖ ਵਿਰਾਸਤੀ ਨਿਸ਼ਾਨੀਆਂ ਅਤੇ ਸਿੱਖ ਮਿਸਲਾਂ ਸੰਬੰਧੀ ਇਕ ਕਿਤਾਬ ਤਿਆਰ ਕਰ ਰਹੇ ਹਨ।

ਸ. ਗੁਰਿੰਦਰ ਸਿੰਘ ਮਾਨ ਨੇ ਸੰਬੰਧਿਤ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖਾਂ ਦੀਆਂ ਵਿਰਾਸਤੀ ਨਿਸ਼ਾਨੀਆਂ ਦੇਸ਼-ਵਿਦੇਸ਼ ਵਿਚ ਮੌਜੂਦ ਹਨ। ਸਿੱਖ ਇਤਿਹਾਸ ਅਤੇ ਪਰੰਪਰਾ ਨਾਲ ਸੰਬੰਧਿਤ ਇਹਨਾਂ ਮਹੱਤਵਪੂਰਨ ਨਿਸ਼ਾਨੀਆਂ ਦੀ ਸਾਂਭ-ਸੰਭਾਲ ਲਈ ਭਾਵੇਂ ਕਿ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਢੰਗ-ਤਰੀਕੇ ਮੌਜੂਦ ਹਨ ਪਰ 3ਡੀ ਰਾਹੀਂ ਡਿਜੀਟਾਈਜ਼ੇਸ਼ਨ ਕਰਨ ਦੀ ਆਧੁਨਿਕ ਤਕਨੀਕ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਹ ਨਿਮਾਣਾ ਜਿਹਾ ਯਤਨ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਵਰਚੁਅਲ ਮਿਊਜ਼ੀਅਮ ਦੇ ਰੂਪ ਵਿਚ ਸੰਭਾਲਣ ਵਾਲਾ ਪਹਿਲਾ ਪ੍ਰੋਜੈਕਟ ਬਣ ਸਕਦਾ ਹੈ। 

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਕਤਾ ਦੀ ਖੋਜ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿਚ ਸਮੇਂ ਦੇ ਹਾਣੀ ਬਣਨ ਲਈ ਨਵੀਆਂ ਤਕਨੀਕਾਂ ਨਾਲ ਜੁੜਨਾ ਜ਼ਰੂਰੀ ਹੈ। ਪੰਜਾਬੀ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਨਵੀਂ ਪੀੜ੍ਹੀ ਤੱਕ ਲਿਜਾਇਆ ਜਾ ਸਕਦਾ ਹੈ। 

ਲੈਕਚਰ ਦੀ ਸਮਾਪਤੀ ਉਪਰੰਤ ਵਾਈਸ ਚਾਂਸਲਰ ਨੇ ਵਿਦਵਾਨ ਵਕਤਾ ਦਾ ਸਨਮਾਨ ਕੀਤਾ ਅਤੇ ਵਕਤਾ ਨੇ ਰਾਈਜ਼ ਆਫ਼ ਦ ਸਿੱਖ ਸੋਲਜ਼ਰ ਵਿਸ਼ੇ ’ਤੇ ਆਪਣੀ ਇਕ ਪੁਸਤਕ ਵਾਈਸ ਚਾਂਸਲਰ ਨੂੰ ਭੇਟ ਕੀਤੀ। ਡਾ. ਕਰਮਜੀਤ  ਕੌਰ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਵਿਿਭੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਖੋਜਾਰਥੀਆਂ ਅਤੇ ਵਿਿਦਆਰਥੀਆਂ ਦੇ ਨਾਲ-ਨਾਲ ਡਾ. ਜਸਬੀਰ ਕੌਰ, ਡਾ. ਦਲਜੀਤ ਸਿੰਘ, ਡਾ. ਮੁਹੰਮਦ ਇਦਰੀਸ, ਡਾ. ਪਰਮਜੀਤ ਸਿੰਘ, ਡਾ. ਦਿਲਵਰ ਸਿੰਘ, ਸ. ਹਿੰਮਤ ਸਿੰਘ, ਸ. ਜੀਵਨਦੀਪ ਸਿੰਘ, ਡਾ. ਸਤਿੰਦਰ ਸਿੰਘ, ਡਾ. ਮਲਕਿੰਦਰ ਕੌਰ, ਡਾ. ਗੁੰਜਨਜੋਤ ਕੌਰ, ਡਾ. ਕਸ਼ਮੀਰ ਸਿੰਘ ਆਦਿ ਵੀ ਇਸ ਮੌਕੇ ’ਤੇ ਹਾਜ਼ਰ ਸਨ।