ਅਮਰੀਕੀ ਪਾਰਲੀਮੈਂਟ (ਸੈਨੇਟ) ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕੀਤਾ ਗਿਆ

ਅਮਰੀਕੀ ਪਾਰਲੀਮੈਂਟ (ਸੈਨੇਟ) ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕੀਤਾ ਗਿਆ

ਮੈਂਬਰਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ ਉਤਸਵ ਦੀ 550ਵੀਂ ਵਰੇਗੰਢ ਦੀ ਸਿੱਖ ਜਗਤ ਨੂੰ ਮੁਬਾਰਕਬਾਦ ਦਿੱਤੀ
ਵਾਸ਼ਿੰਗਟਨ ਡੀ.ਸੀ./ਬਲਵਿੰਦਰਪਾਲ ਸਿੰਘ ਖਾਲਸਾ: 
ਅਮਰੀਕਨ ਸਿੱਖ ਕਾਕਸ ਕਮੇਟੀ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਪੂਰਬੀ ਕੋਸਟ ਦੇ ਸਾਂਝੇ ਯਤਨਾਂ ਸਦਕਾ ਅਮਰੀਕੀ ਸੈਨੇਟ ਵਿਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੀ 550ਵੀਂ ਵਰੇਗੰਢ ਦੀ ਖੁਸ਼ੀ ਵਿਚ ਸਮੁੱਚੇ ਸਿੱਖ ਸੰਸਾਰ ਨੂੰ ਮੁਬਾਰਕਬਾਦ ਦਿੱਤੀ। ਸਿੱਖ ਸੁਸਾਇਟੀ ਮੈਲਬਰਨ ਗੁਰਦੁਆਰਾ ਸਾਹਿਬ ਦੇ ਗਰੰਥੀ ਗਿਆਨੀ ਸੁਖਵਿੰਦਰ ਸਿੰਘ ਨੇ ਸੈਨੇਟ ਚੈਂਬਰ ਵਿਚ ਸੈਨੇਟਰ ਪੈਟਰਿਕ ਟੂਮੀ ਕੋਲ ਖਲੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਸੈਨੇਟਰ ਪੈਟਰਿਕ ਟੂਮੀ ਨੇ ਸਿੱਖ ਧਰਮ ਸਬੰਧੀ ਆਪਣੀ ਸ਼ਰਧਾ ਭੇਂਟ ਕਰਦਿਆਂ ਅਮਰੀਕਨ ਸਿੱਖਾਂ ਦੇ ਅਮਰੀਕਾ ਦੀ ਤਰੱਕੀ ਵਾਸਤੇ ਦਿਤੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸਿੱਖ ਅਮਰੀਕਾ ਵਿਚ ਸੌ ਤੋਂ ਵੱਧ ਸਾਲਾਂ ਦੇ ਰਹਿ ਰਹੇ ਹਨ, ਪਰ 16 ਅਕਤੂਬਰ ਦਾ ਦਿਨ ਸਿੱਖ ਧਰਮ ਵਾਸਤੇ ਖਾਸ ਦਿਨ ਬਣ ਗਿਆ ਜਦ 550ਵਾਂ ਪ੍ਰਕਾਸ ਉਤਸਵ ਅਮਰੀਕੀ ਸੈਨੇਟ ਵਿਚ ਮਨਾ ਹੋ ਰਿਹਾ ਹੈ, ਸੈਨੇਟਰ ਨੇ ਗੁਰੂ ਸਾਹਿਬ ਦੇ ਵਿਸ਼ਵ ਬਰਾਬਰੀ ਦੇ ਸਿਧਾਂਤ ਦੀ ਵੀ ਵਿਆਖਿਆ ਕੀਤੀ। ਉਨ੍ਹਾਂ ਗੁਰੂ ਸਾਹਿਬ ਦੇ ਜਾਤ ਪਾਤ ਵਿਰੋਧੀ ਸਿਧਾਂਤ ਬਾਰੇ ਵੀ ਦੱਸਿਆ। ਵਾਹਿਗੁਰੂ ਦਾ ਸਿਮਰਨ ਕਰਨ ਤੇ ਮਿਹਨਤ ਨਾਲ ਕਮਾ ਕੇ ਇਕੱਠੇ ਕੀਤੇ ਪੈਸੇ ਨੂੰ ਘੱਟ ਕਿਸਮਤ ਵਾਲੇ ਲੋਕਾਂ ਵਿਚ ਵੰਡਣ ਦੀ ਵੀ ਗੱਲ ਕੀਤੀ। ਸੈਨੇਟਰ ਨੇ 30 ਮਿਲੀਅਨ ਸਿੱਖਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਮੁਬਾਰਕਬਾਦ ਪੇਸ਼ ਕਰਦਿਆਂ 12 ਨਵੰਬਰ ਨੂੰ ਵਿਸ਼ਵ ਬਰਾਬਰੀ ਦਿਵਸ ਮਨਾਉਣ ਦਾ ਐਲਾਨ ਵੀ ਕੀਤਾ। ਕਾਂਗਰਸ ਵਿਚ ਫਰਿਜਨੋ ਕੈਲੀਫੋਰਨੀਆਂ ਤੋਂ ਕਾਂਗਰਸਮੈਨ ਜਿਮ ਕੋਸਟਾ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸਿੱਖ ਕੌਮ ਨੂੰ ਮੁਬਾਰਕ ਦਿੱਤੀ। ਸੈਨੇਟ ਡਿਰਕਸੇਨ ਬਿਲਡਿੰਗ ਵਿਚ ਨੂੰ ਸ਼ਾਮ ਨੂੰ ਸੈਨੇਟਰ ਟੂਮੀ ਦੀ ਪ੍ਰਧਾਨਗੀ ਹੇਠ ਸਰਬ ਧਰਮ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਬਹੁਤ ਸਾਰੇ ਕਾਂਗਰਸਮੈਨ, ਬਹੁ-ਵਿਸ਼ਵਾਸੀ ਧਾਰਮਿਕ ਆਗੂ ਤੇ ਸਿੱਖ ਆਗੂ ਸ਼ਾਮਲ ਸਨ। ਜਿਨ੍ਹਾਂ ਆਪਣੇ ਵੀਚਾਰ ਪ੍ਰਗਟ ਕੀਤੇ। ਸਿੱਖ ਕਾਕਸ ਦੇ ਸਾਬਕਾ ਕੋ-ਚੇਅਰ ਕਾਂਗਰਸਮੈਨ ਪੈਟ ਮਿਹਾਨ ਨੇ ਕਰਿਸਚਿਨ ਧਰਮ ਵੱਲੋਂ ਮੁਬਾਰਕਬਾਦ ਦਿੱਤੀ ਗਈ। ਰਾਏ ਬੁਲਾਰ ਭੱਟੀ ਦੀ ਵੰਸ਼ ਵਿਚੋਂ ਸਤਾਰਵੀਂ ਥਾਂ ਰਾਏ ਔਰੰਗਜੇਬ ਨੇ ਸਿੱਖ ਮੁਸਲਿਮ ਦੋਸਤੀ 'ਤੇ ਵਿਚਾਰ ਦਿੱਤੇ।  ਬੱਚਿਆਂ ਦੇ ਮਾਹਰ ਮਨੋਵਿਗਿਆਨੀ ਡਾਕਟਰ ਰਵਿੰਦਰਪਾਲ ਸਿੰਘ ਰਵੀ ਨੇ ਸਿੱਖ ਧਰਮ ਵੱਲੋਂ ਵਿਚਾਰ ਪੇਸ਼ ਕਰਦਿਆਂ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਮੁਬਾਰਕਬਾਦ ਦਿੱਤੀ।