ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ, ਸ਼ੱਕੀ ਮੌਕੇ ਤੋਂ ਫਰਾਰ

ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ, ਸ਼ੱਕੀ ਮੌਕੇ ਤੋਂ ਫਰਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 8 ਅਗਸਤ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਸਿਨਸੀਨਾਟੀ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ ਹੋ ਗਏ। ਅਸਿਸਟੈਂਟ ਪੁਲਿਸ ਮੁੱਖੀ ਮਾਈਕਲ ਜੌਹਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋ ਧੜਿਆਂ ਵਿਚਾਲੇ ਬੋਲ ਕਬੋਲ ਉਪਰੰਤ ਦਰਜ਼ਨ ਤੋਂ ਵਧ ਗੋਲੀਆਂ ਚੱਲੀਆਂ। ਉਸ ਸਮੇ ਘਟਨਾ ਸਥਾਨ 'ਤੇ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ। ਜੌਹਨ ਅਨੁਸਾਰ ਜ਼ਖਮੀਆਂ ਵਿਚ 8 ਮਰਦ ਤੇ ਇਕ ਔਰਤ ਸ਼ਾਮਿਲ ਹੈ ਜਿਨਾਂ ਦੀ ਉਮਰ 23 ਤੋਂ 47 ਸਾਲ ਤੱਕ ਹੈ। ਉਨਾਂ ਕਿਹਾ ਕਿ ਜ਼ਖਮੀਆਂ ਦੀ ਹਾਲਤ ਸਥਿੱਰ ਹੈ ਤੇ ਕਿਸੇ ਦੇ ਵੀ ਗੰਭੀਰ ਜ਼ਖਮ ਨਹੀਂ ਹੈ। ਜੌਹਨ ਨੇ ਕਿਹਾ ਹੈ ਕਿ ਪੁਲਿਸ ਨੂੰ ਦੋ ਵਿਅਕਤੀਆਂ ਦੀ ਭਾਲ ਹੈ ਜਿਨਾਂ ਵਿਚੋਂ ਇਕ ਉਪਰ ਪੁਲਿਸ ਅਫਸਰ ਜੋਏ ਸ਼ੁੱਕ ਨੇ ਗੋਲੀ ਵੀ ਚਲਾਈ ਸੀ ਪਰੰਤੂ ਇਹ ਪਤਾ ਨਹੀਂ ਲੱਗ ਸੱਕਿਆ ਕਿ ਸ਼ੱਕੀ ਦੇ ਗੋਲੀ ਵੱਜੀ ਹੈ ਜਾਂ ਨਹੀਂ ਕਿਉਂਕਿ ਉਹ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਉਨਾਂ ਕਿਹਾ ਕਿ ਜੋਇ ਸ਼ੁੱਕ ਤੇ ਹੋਰ ਪੁਲਿਸ ਅਫਸਰ ਲੋਕਾਂ ਦੀ ਜਾਨ ਬਚਾਉਣ ਵਿਚ ਸਫਲ ਹੋਏ ਹਨ। ਇਸ ਲਈ ਪੁਲਿਸ ਦੀ ਕਾਰਵਾਈ 'ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ।