ਸ਼੍ਰੋਮਣੀ ਕਮੇਟੀ  ਨੇ ਜਾਰੀ ਕੀਤਾ  ਸਾਕਾ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ਼ ਦੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ

ਸ਼੍ਰੋਮਣੀ ਕਮੇਟੀ  ਨੇ ਜਾਰੀ ਕੀਤਾ  ਸਾਕਾ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ਼ ਦੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ

*ਗੁਰੂ ਕਾ ਬਾਗ ਮੋਰਚਾ ਸ਼ਾਂਤਮਈ  ਸਿੱਖ ਸੰਘਰਸ਼'100 ਸਾਲ ਪਹਿਲਾਂ ਲੜਿਆ ਗਿਆ

* ਗਾਂਧੀ ਨੇ ਭਾਰਤੀ ਅਜ਼ਾਦੀ ਦੀ ਲੜਾਈ ਦਾ ਪ੍ਰੇਰਨਾ ਸਰੋਤ ਦਸਿਆ ਸੀ ਇਸ ਮੋਰਚੇ ਨੂੰ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ਼ ਦੀ ਪਹਿਲੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਤੇ ਉਰਦੂ ਭਾਸ਼ਾ ’ਵਿਚ ਕਿਤਾਬਚੇ ਜਾਰੀ ਕੀਤੇ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਸਿੱਕਾ ਤੇ ਕਿਤਾਬਚੇ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 30 ਅਕਤੂਬਰ 2022 ਨੂੰ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਖ਼ਾਲਸਾਈ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਹੈ, ਜਿਸ ਬਾਰੇ ਤਿਆਰੀਆਂ ਜਾਰੀ ਹਨ। ਇਸ ਤੋਂ ਪਹਿਲਾਂ ਲੰਘੇ ਮਹੀਨੇ ਮੋਰਚਾ ਗੁਰੂ ਕਾ ਬਾਗ਼ ਦੀ ਸ਼ਤਾਬਦੀ ਦੇ ਸਮਾਗਮ ਸੰਪੰਨ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਖੇ ਵੀ ਸਮਾਗਮ ਕੀਤੇ ਜਾਣਗੇ, ਜਿਸ ਨੂੰ ਲੈ ਕੇ ਉਰਦੂ ਭਾਸ਼ਾ ’ਵਿਚ ਇਤਿਹਾਸਕ ਕਿਤਾਬਚੇ ਉਚੇਚੇ ਤੌਰ ’ਤੇ ਤਿਆਰ ਕਰਵਾਏ ਗਏ ਹਨ। ਇਹ ਕਿਤਾਬਚੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਸਮਾਗਮਾਂ ਦੌਰਾਨ ਸੰਗਤ ਨੂੰ ਵੰਡੇ ਜਾਣਗੇ। ਯਾਦਗਾਰੀ ਸਿੱਕੇ ਬਾਰੇ ਉਨ੍ਹਾਂ ਦੱਸਿਆ ਕਿ ਤਾਂਬੇ ਦੇ ਬਣੇ ਇਸ ਸਿੱਕੇ ਦੇ ਇਕ ਪਾਸੇ ਗੁਰਦੁਆਰਾ ਗੁਰੂ ਕਾ ਬਾਗ਼ ਦੀ ਤਸਵੀਰ ਤੇ ਦੂਸਰੇ ਪਾਸੇ ਸਾਕਾ ਸ੍ਰੀ ਪੰਜਾ ਸਾਹਿਬ ਦਾ ਚਿੱਤਰ ਉਕਰਿਆ ਹੈ। ਇਹ ਯਾਦਗਾਰੀ ਸਿੱਕਾ ਸੰਗਤ ਨੂੰ ਸ਼ਤਾਬਦੀ ਦਿਹਾੜਿਆਂ ਦੀ ਯਾਦ ਨਾਲ ਚਿਰ-ਸਦੀਵ ਜੋੜੀ ਰੱਖੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀ ਤਿਆਰੀ ਲਈ ਅਗਾਊਂ ਵਫ਼ਦ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ ਅਤੇ ਇਸੇ ਮਹੀਨੇ ਹੀ ਵਫ਼ਦ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਹੈ। ਇਸੇ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ 13 ਮਾਰਚ 2023 ਨੂੰ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਵੀ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾਵੇਗੀ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਅੰਤਿ੍ਰੰਗ ਮੈਂਬਰ ਅਮਰਜੀਤ ਸਿੰਘ ਬੰਡਾਲਾ, ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਗੁਰਪ੍ਰੀਤ ਕੌਰ, ਜਰਨੈਲ ਸਿੰਘ ਡੋਗਰਾਂਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ   ਆਦਿ ਹਾਜ਼ਰ ਸਨ।                                                               ਗੁਰੂ ਕਾ ਬਾਗ ਮੋਰਚਾ ਮੋਰਚੇ ਦਾ ਇਤਿਹਾਸ                              

ਗੁਰੂ ਕਾ ਬਾਗ ਮੋਰਚਾ ਵੀ ਅਜਿਹੇ ਮੋਰਚਿਆਂ ਵਿੱਚੋਂ ਇੱਕ ਸੀ। ਇਸ ਸਾਲ ਇਸ ਮੋਰਚੇ ਨੂੰ 100 ਸਾਲ ਪੂਰੇ ਹੋਏ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ਉੱਤੇ ਇਸ ਮੋਰਚੇ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।ਅੰਮ੍ਰਿਤਸਰ ਦੇ ਗੁਰਦੁਆਰਾ ਗੁਰੂ ਕਾ ਬਾਗ ਤੋਂ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੋਰਚੇ ਨੂੰ ਮਿਸਾਲੀ ਅਹਿੰਸਕ ਸੰਘਰਸ਼ ਦੱਸਿਆ।ਗਾਂਧੀ ਅਨੁਸਾਰ ਇਹ ਮੋਰਚਾ ਅੰਗਰੇਜ਼ੀ ਹਕੂਮਤ ਖ਼ਿਲਾਫ਼ ਚੱਲੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਲਈ ਅਹਿੰਸਕ ਲਹਿਰ ਦਾ ਚਾਨਣ ਮੁਨਾਰਾ ਬਣਿਆ।

ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੂਰ ਘੂਕੇਵਾਲੀ ਪਿੰਡ ਵਿਚ ਸਿੱਖ ਧਰਮ ਦੇ ਪੰਜਵੇਂ ਗੁਰੂ ਅਰਜਨ ਦੇਵ ਦੀ ਯਾਦ ਵਿਚ 1585 ਈਸਵੀ ਦੌਰਾਨ ਅਤੇ ਨੌਵੇ ਗੁਰੂ ਤੇਗ਼ ਬਹਾਦੁਰ ਦੀ ਯਾਦ ਵਿਚ 1664 ਈਸਵੀ ਦੌਰਾਨ ਦੋ ਇਤਿਹਾਸਕ ਗੁਰਰਦੁਆਰੇ ਬਣੇ ਸਨ।ਗੁਰੂ ਅਰਜਨ ਦੇਵ ਦੀ ਯਾਦ ਵਿਚ ਬਣੇ ਗੁਰਦੁਆਰੇ ਨਾਲ ਲਗਦੀ ਜ਼ਮੀਨ ਵਿਚ ਕਿੱਕਰਾਂ ਦਾ ਬਾਗ਼ ਸੀ। ਜਿਸ ਕਾਰਨ ਇੱਥੇ ਲੱਗੇ ਮੋਰਚੇ ਦਾ ਨਾਮ ਗੁਰੂ ਕਾ ਬਾਗ਼ ਮੋਰਚਾ ਪੈ ਗਿਆ।ਇਸ ਬਾਗ਼ ਵਿਚੋਂ ਸਿੱਖਾਂ ਦੁਆਰਾ ਲੱਕੜਾਂ ਕੱਟ ਕੇ ਦੋਵੇਂ ਗੁਰਦੁਆਰਿਆਂ ਦੇ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਸਨ।ਗੁਰੂ ਅਰਜਨ ਦੇਵ ਦੀ ਯਾਦ ਵਿਚ ਬਣੇ ਗੁਰਦੁਆਰੇ ਦੀ ਸਾਂਭ-ਸੰਭਾਲ ਉਦਾਸੀ ਸੰਪਰਦਾ ਦੇ ਮਹੰਤ ਸੁੰਦਰ ਦਾਸ ਕੋਲ ਸੀ। ਉਸ ਦਾ ਆਚਰਣ ਘਟੀਆ ਸੀ।

ਗੁਰਦੁਆਰਿਆਂ ਦੀ ਮਰਿਯਾਦਾ ਦੀ ਸੰਭਾਲ ਹਿੱਤ ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਦੀ ਵੀ ਸ਼ੁਰੂਆਤ ਹੋ ਚੁੱਕੀ ਸੀ।ਇਸ ਲਹਿਰ ਤਹਿਤ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਭਾਈ ਫੇਰੂ ਗੁਰਦੁਆਰੇ ਅਤੇ ਜੇਤੋਂ ਆਦਿ ਦੇ ਹੋਰ ਕਈ ਮੋਰਚੇ ਇਸ ਸਮੇਂ ਦੌਰਾਨ ਲੱਗੇ ਸਨ।ਡਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਹੋਣ ਨਾਲ 31 ਜਨਵਰੀ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।ਇਸ ਗਿਆਰਾਂ ਮੈਂਬਰੀ ਕਮੇਟੀ ਨਾਲ ਗੁਰਦੁਆਰਾ ਗੁਰੂ ਕਾ ਬਾਗ ਦੇ ਤਤਕਾਲੀ ਮਹੰਤ ਸੁੰਦਰ ਦਾਸ ਦਾ ਗੁਰਦੁਆਰੇ ਦੀ ਸਾਂਭ-ਸੰਭਾਲ ਹਿੱਤ ਸਮਝੌਤਾ ਹੋ ਗਿਆ ਸੀ।ਇਸ ਸਮਝੌਤੇ ਤਹਿਤ ਹੁਣ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਅਧੀਨ ਆ ਗਏ ਸਨ।

ਕੁਝ ਸਮੇਂ ਬਾਅਦ ਬਰਤਾਨਵੀ ਸਰਕਾਰ ਦੀ ਸਰਪ੍ਰਸਤੀ ਨਾਲ ਮਹੰਤ ਦੁਆਰਾ ਗੁਰਦੁਆਰੇ ਨਾਲ ਲਗਦੀ ਜ਼ਮੀਨ ਜਿਸ ਨੂੰ 'ਗੁਰੂ ਕਾ ਬਾਗ਼' ਕਿਹਾ ਜਾਂਦਾ ਸੀ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕੀਤਾ ਗਿਆ। ਮਹੰਤ ਨੇ ਉਥੋਂ ਲੰਗਰ ਸੇਵਾ ਲਈ ਦਰਖੱਤ ਕੱਟ ਰਹੇ ਸਿੱਖਾਂ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।ਪੰਜ-ਪੰਜ ਸਿੱਖਾਂ ਦੇ ਜਥੇ ਜਾਣੇ ਸ਼ੁਰੂ ਹੋਏ। ਬਰਤਾਨਵੀ ਪੁਲਿਸ ਵਲੋਂ ਸਿੱਖਾਂ ਵਿਰੁੱਧ ਪਹਿਲਾਂ ਹੀ ਘੜੀ ਮਿੱਥੀ ਸਾਜਿਸ਼ ਤਹਿਤ ਮਹੰਤ ਸੁੰਦਰ ਦਾਸ ਦੀ ਸ਼ਿਕਾਇਤ ਉੱਤੇ ਪੰਜ ਸਿੱਖਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ।

ਇਹ ਮਾਮਲਾ ਕਿਸੇ ਦੀ ਜ਼ਮੀਨ ਵਿਚ ਜ਼ਬਰਦਸਤੀ ਦਾਖ਼ਲ ਹੋਣ ਤਹਿਤ 9 ਅਗਸਤ, 1922 ਨੂੰ ਦਰਜ ਕੀਤਾ ਗਿਆ ਅਤੇ 5 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਬਰਤਾਨਵੀ ਅਧਿਕਾਰੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਦਖ਼ਲ ਅੰਦਾਜ਼ੀ ਕਾਰਨ ਸਿੱਖਾਂ ਵਿਚ ਅਰਾਜਕਤਾ, ਬੇਚੈਨੀ ਅਤੇ ਗੁੱਸੇ ਦੀ ਲਹਿਰ ਫ਼ੈਲ ਗਈ।

 

ਸਿੱਟੇ ਵਜੋਂ ਸ਼੍ਰੋਮਣੀ  ਕਮੇਟੀ ਦੀ ਅਗਵਾਈ ਅਧੀਨ ਫ਼ੈਸਲਾ ਕੀਤਾ ਗਿਆ ਕਿ ਰੋਜ਼ਾਨਾ ਪੰਜ-ਪੰਜ ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਤੋਂ ਅਹਿੰਸਕ ਰਹਿਣ ਦੀ ਸਹੁੰ ਖਾ ਕੇ ਨਿਕਲੇਗਾ।ਉਨ੍ਹਾਂ ਨੇ ਹੀ ਵੀ ਅਹਿਦ ਲਿਆ ਕਿ ਉਹ ਸ਼ਾਂਤਮਈ ਤੇ ਸਤਿਆਗ੍ਰਹਿ ਦੇ ਦਾਇਰੇ ਵਿਚ ਰਹਿ ਕੇ ਹੀ ਜਥੇ ਦੇ ਰੂਪ ਵਿਚ ਦਰਖ਼ਤ ਕੱਟਣ ਜਾਣਗੇ।ਮਾਸਟਰ ਤਾਰਾ ਸਿੰਘ ਅਤੇ ਮਹਿਤਾਬ ਸਿੰਘ ਆਦਿ ਸ਼੍ਰੋਮਣੀ ਕਮੇਟੀ ਦੇ ਪ੍ਰਮੁਖ ਨੇਤਾਵਾਂ ਸਮੇਤ ਜਥਿਆਂ ਵਿਚ ਗਏ ਅਨੇਕਾਂ ਸਿੱਖਾਂ ਨੂੰ ਪੁਲਿਸ ਪ੍ਰਸਾਸ਼ਨ ਨੇ ਗ੍ਰਿਫ਼਼ਤਾਰ ਕਰ ਲਿਆ।ਬਰਤਾਨਵੀ ਪੁਲਿਸ ਵਲੋਂ ਸਿੱਖਾਂ ਨੂੰ ਗਾਰੇ ਵਿਚ ਸੁੱਟਿਆ ਜਾਂਦਾ ਅਤੇ ਸੜਕਾਂ ਉੱਤੇ ਬੁਰੀ ਤਰਾਂ ਕੁੱਟਿਆ ਜਾਂਦਾ ਸੀ।ਲਾਗਲੇ ਪਿੰਡਾਂ ਤੋਂ ਆਉਣ ਵਾਲੀ ਰਸਦ, ਪਾਣੀ ਨੂੰ ਰੋਕਿਆ ਜਾਂਦਾ ਅਤੇ ਅਕਾਲੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਅਨੇਕਾਂ ਘਾਤਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ, ਪਰ ਅਕਾਲੀ ਜਥੇ ਨਿਰੰਤਰ ਸ਼ਾਂਤਮਈ ਤੇ ਅਡੋਲ ਰੂਪ ਵਿਚ ਜਾਂਦੇ ਰਹੇ।

25 ਅਗਸਤ,1922 ਨੂੰ ਜਥੇ ਵਿਚ ਭਾਰੀ ਗਿਣਤੀ ਵਿਚ ਇਕੱਠੇ ਹੋਏ ਅਕਾਲੀ ਸਿੱਖਾਂ ਉਪਰ ਬਰਤਾਨਵੀ ਅਫ਼ਸਰ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਐਸ.ਜੀ.ਐਮ ਬੀਆਟੀ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਜਥਿਆਂ ਨੂੰ ਖਦੇੜਣ ਲਈ ਸਖ਼ਤ ਲਾਠੀਚਾਰਜ ਕੀਤਾ ਜਾਵੇ।ਇਸ ਕਾਰਵਾਈ ਕਾਰਨ ਫ਼ੈਲੇ ਰੋਸ ਕਾਰਨ ਅਕਾਲੀ ਜਥਿਆਂ ਵਿਚ ਆਪ ਮੁਹਾਰੇ ਗਿਣਤੀ ਵਧਦੀ ਗਈ।26 ਅਗਸਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਧੀਨ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਤੇਜਾ ਸਿੰਘ ਸਮੁੰਦਰੀ ਦੀ ਪ੍ਰਧਾਨਗੀ ਅਧੀਨ ਸ਼੍ਰੋਮਣੀ ਕਮੇਟੀ ਦੇ ਜਥੇ ਗੁਰੂ ਕਾ ਬਾਗ਼ ਵਿਖੇ ਲਗਾਤਾਰ ਜਾਰੀ ਰਹੇ।

ਜਥਿਆਂ ਵਿਚ ਬਣੀ ਕਮੇਟੀ ਵਲੋਂ ਭਾਗ ਲੈਣ ਵਾਲੇ ਮੈਂਬਰ ਕਾਲੀਆਂ ਪੱਗਾਂ ਬੰਨ ਕੇ ਜਾਂਦੇ ਸਨ।ਪੰਜਾਬ ਦੇ ਲੈਫਟੀਨੈਂਟ ਗਵਰਨਰ-ਜਨਰਲ ਸਰ ਐਡਵਰਡ ਮੈਕਲਾਗਨ ਨੇ 13 ਸਤੰਬਰ, 1922 ਨੂੰ ਗੁਰੂ ਕਾ ਬਾਗ਼ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਇਸ ਫੇਰੀ ਸਮੇਂ ਹੁਕਮ ਦਿੱਤੇ ਕਿ ਜਥਿਆਂ ਵਿਚ ਗਏ ਅਕਾਲੀ ਸਿੱਖਾਂ, ਵਲੰਟੀਅਰਾਂ ਅਤੇ ਸਮਾਜ ਸੇਵਕਾਂ ਉਪਰ ਕੀਤੇ ਜਾਂਦੇ ਅਤਿਆਚਾਰ ਬੰਦ ਕੀਤੇ ਜਾਣ।ਉਨ੍ਹਾਂ ਦੇ ਹੁਕਮਾਂ ਨਾਲ ਹੀ ਸਿੱਖਾਂ ਦੀਆਂ ਜੋ ਜ਼ਾਇਦਾਦਾਂ ਮੋਰਚੇ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ, ਵਾਪਸ ਕਰਨ ਦੇ ਹੁਕਮ ਹੋਏ ਅਤੇ ਸਮੂਹਕ ਰੂਪ ਵਿਚ ਗ੍ਰਿਫਤਾਰੀਆਂ ਵੀ ਬੰਦ ਕੀਤੀਆਂ ਗਈਆਂ ਸਨ।17 ਨਵੰਬਰ, 1922 ਨੂੰ ਗੁਰੂ ਕਾ ਬਾਗ਼ ਮੋਰਚੇ ਦੀ 524 ਕਨਾਲ ਅਤੇ 12 ਮਰਲੇ ਜ਼ਮੀਨ ਨੂੰ ਸਰ ਗੰਗਾ ਰਾਮ ਵਲੋਂ ਮਹੰਤ ਸੁੰਦਰ ਦਾਸ ਤੋਂ ਲੈ ਕੇ ਅਕਾਲੀਆਂ ਦੇ ਹਵਾਲੇ ਕੀਤੀ ਗਈ ਸੀ। 27 ਅਪ੍ਰੈਲ, 1923 ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਗੁਰੂ ਕਾ ਬਾਗ਼ ਮੋਰਚੇ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਅਕਾਲੀ ਸਿੱਖਾਂ ਤੇ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਗਿਆ।ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਰਿਕਾਰਡ ਅਨੁਸਾਰ ਇਸ ਮੋਰਚੇ ਦੌਰਾਨ 5605 ਸਿੱਖਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਇਸ ਮੋਰਚੇ ਦੌਰਾਨ ਕੇਵਲ 8 ਅਗਸਤ ਤੋਂ 17 ਅਗਸਤ 1922 ਤੱਕ 12 ਅਕਾਲੀ ਸਿੱਖਾਂ ਨੂੰ ਜਾਨ ਗੁਆਉਣੀ ਪਈ ਸੀ ਤੇ 1500 ਸਿੱਖ ਗੰਭੀਰ ਜਖ਼ਮੀ ਹੋਏ।

ਇਹ ਮੋਰਚਾ ਪੂਰਨ ਰੂਪ ਵਿਚ ਸ਼ਾਂਤਮਈ ਸੀ। ਜੋ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਮਹੱਤਵਪੂਰਨ ਪ੍ਰਾਪਤੀ ਸੀ, ਜਿਸ ਨੇ ਨਾ ਕੇਵਲ ਪੰਜਾਬ ਸਗੋਂ ਭਾਰਤੀ ਆਜ਼ਾਦੀ ਸੰਗਰਾਮ ਦੇ ਨਾਜ਼ੁਕ ਸਮੇਂ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ ਹੈ।ਅਮਰੀਕਾ ਦੇ ਪੱਤਰਕਾਰ ਏ.ਐਲ. ਵਰਗਸ ਨੇ ਉਸ ਸਮੇਂ ਇਸ ਮੋਰਚੇ ਦੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ।

ਗਾਂਧੀ ਸਣੇ ਕੌਮੀ ਲੀਡਰਾਂ ਨੇ ਪ੍ਰਸ਼ੰਸਾ ਕੀਤੀ

ਗੁਰੂ ਕਾ ਬਾਗ਼ ਮੋਰਚੇ ਦੀ ਘਟਨਾ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ ਅਨੇਕਾਂ ਮਹੱਤਵਪੂਰਨ ਪ੍ਰਭਾਵ ਪਏ।ਇੰਗਲੈਂਡ ਦੇ ਇਸਾਈ ਪਾਦਰੀ ਸੀ.ਐਫ. ਐਨਡਰਿਊਜ਼ ਨੇ ਘਟਨਾ ਸਥਾਨ ਦੀ ਫੇਰੀ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਨਿਰਦੋਸ਼ ਅਕਾਲੀ ਸਿੱਖਾਂ ਉਪਰ ਹੁੰਦੇ ਅੱਤਿਆਚਾਰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਅੱਤਿਆਚਾਰ ਯਸੂ ਮਸੀਹ ਉੱਤੇ ਹੋ ਰਹੇ ਹਨ।

ਭਾਰਤ ਵਿੱਚ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਵਿਚ ਮਹਾਤਮਾ ਗਾਂਧੀ ਨੂੰ ਵੀ ਇਹ ਪੱਕਾ ਵਿਸ਼ਵਾਸ ਹੋਇਆ ਕਿ ਸੱਤਿਆਗ੍ਰਹਿ ਅਤੇ ਸ਼ਾਂਤੀ ਪਾਬੰਦ ਅਕਾਲੀ ਸਿੱਖਾਂ ਦਾ ਇਹ ਮੋਰਚਾ ਰਾਸ਼ਟਰੀ ਆਜ਼ਾਦੀ ਦਾ ਮੀਲ ਪੱਥਰ ਸਥਾਪਤ ਹੋਵੇਗਾ।ਲਾਲਾ ਲਾਜਪਤ ਰਾਏ ਅਤੇ ਹੋਰ ਅਨੇਕਾਂ ਰਾਸ਼ਟਰੀ ਨੇਤਾਵਾਂ ਦੁਆਰਾ ਗੁਰੂ ਕਾ ਬਾਗ਼ ਮੋਰਚੇ ਦੀ ਪ੍ਰਸ਼ੰਸਾ ਕੀਤੀ ਗਈ ਸੀ।