ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ 

ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ 

 ਊਧਮ ਸਿੰਘ ਦਾ ਅਸਲ ਨਾਂ ਸ਼ੇਰ ਸਿੰਘ ਸੀ

ਭਾਰਤ ਦੀ ਧਰਤੀ ਨੇ ਇਕ ਲੰਮਾ ਅਰਸਾ ਗੁਲਾਮੀ ਦਾ ਹੰਢਾਇਆ ਹੈ।ਜਿਸਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਨੇ ਆਪਣੇ ਪ੍ਰ‍ਾਣ ਨਿਛਾਵਰ ਕੀਤੇ ਹਨ।ਬਹੁਤ ਸਾਰੇ ਸ਼ਹੀਦ ਅਜਿਹੇ ਵੀ ਹਨ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆ ਤੇ ਦਰਜ਼ ਹੀ ਨਹੀ ਹੋ ਸਕਿਆ।ਅਜ਼ਾਦੀ ਦੇ ਇਸ ਘੋਲ਼ ਵਿਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ।

ਇਹਨਾਂ ਹੀ ਸਿਰਲੱਥ ਸੂਰਮਿਆਂ ਵਿਚੋਂ ਹੀ ਇਕ ਨਾਮ ਸ਼ਹੀਦ ਊਧਮ ਸਿੰਘ ਜੀ ਦਾ ਹੈ । ਅੱਜ 31 ਜੁਲਾਈ ਦੇ ਦਿਨ ਭਾਰਤ ਦੇਸ਼ ਦੇ ਇੱਕ ਮਹਾਂਨ ਵੀਰ ਸਪੂਤ ਤੇ ਜਿੱਦੀ ਕ੍ਰਾਂਤੀਕਾਰੀ ਰਾਮ ਮੁਹੰਮਦ ਸਿੰਘ ਅਜ਼ਾਦ (ਊਧਮ ਸਿੰਘ) ਜੀ ਦੀ ਸ਼ਹੀਦੀ ਦੇ ਵਜੋਂ ਦੇਸ਼ਵਾਸੀਆਂ ਵੱਲੋਂ ਓਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਜਦੋਂ ਕਦੀ ਜਲਿਆਂ ਵਾਲੇ ਖੂਨੀ ਸਾਕੇ ਦਾ ਜ਼ਿਕਰ ਹੁੰਦਾ ਹੈ ਤਾਂ ਸਹਿਜੇ ਹੀ ਊਧਮ ਸਿੰਘ ਦਾ ਨਾਮ ਯਾਦ ਆ ਜਾਂਦਾ ਹੈ ਜਿਸਨੇ 21 ਸਾਲਾਂ ਬਾਅਦ 1919 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਦਾ ਬਦਲਾ ਓਡਵਾਇਰ ਨੂੰ ਮਾਰ ਕੇ ਲਿਆ।ਊਧਮ ਸਿੰਘ ਦਾ ਸਾਰਾ ਜੀਵਨ ਕੁਰਬਾਨੀਆਂ ਤੇ ਸੰਘਰਸ਼ ਨਾਲ ਭਰਿਆ ਹੋਇਆ ਹੈ।ਇਹਨਾ ਦੀ ਜੀਵਨੀ ਨੂੰ ਪੜ੍ਹ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ।

ਸ਼ਹੀਦ ਊਧਮ ਸਿੰਘ ਇੱਕ ਐਸਾ ਨਾਮ, ਜੋ ਸੁਣਦੇ ਸਾਰ ਹੀ ਇੱਕ ਐਸਾ ਵਿਅਕਤੀ ਅੱਖਾਂ ਅੱਗੇ ਆਉਣ ਲੱਗ ਜਾਂਦਾ ਹੈ, ਜੋ ਇੱਕ ਆਮ ਇਨਸਾਨ ਹੁੰਦੇ ਹੋਏ ਵੀ ਐਸੇ ਖ਼ਾਸ ਕੰਮਾਂ ਨੂੰ ਅੰਜਾਮ ਦੇ ਗਿਆ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ। ਸ਼ਹੀਦ ਊਧਮ ਸਿੰਘ ਦੇ ਜੀਵਨ, ਸੰਘਰਸ਼ ਅਤੇ ਕੰਮਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਬਾਰੇ ਇੱਕ ਵੱਖਰੇ ਨਜ਼ਰੀਏ ਨਾਲ ਇਤਿਹਾਸ ਅਤੇ ਹਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਪਹਿਲੂਆਂ ਨੂੰ ਸਾਂਝਾ ਕਰਨਾ ਹੈ, ਜਿਨ੍ਹਾਂ ਨੂੰ ਅਸੀਂ ਜਦ ਕਿਸੇ ਮਹਾਨ ਇਨਸਾਨ ਦਾ ਨਾਂ ਲੈਂਦੇ ਹਾਂ ਤਾਂ ਅਕਸਰ ਵਿਚਾਰਦੇ ਹੀ ਨਹੀਂ, ਇਹੀ ਕਾਰਨ ਹੈ ਕਿ ਗਿਆਨ, ਕੁਰਬਾਨੀ, ਸਾਹਸ, ਉੱਚਾ ਕਿਰਦਾਰ, ਉੱਚੀ ਸੋਚ ਅਤੇ ਜਜ਼ਬਾ ਅਕਸਰ ਤਸਵੀਰਾਂ ਦੇ ਰੂਪ ਵਿੱਚ ਟੰਗਿਆ ਰਹਿ ਜਾਂਦਾ ਹੈ ਅਤੇ ਵਰ੍ਹੀ-ਛਿਮਾਹੀ ਝਾੜ-ਪੂੰਝ ਕਰ ਕੇ ਫੁੱਲਾਂ ਦੇ ਹਾਰ ਬਦਲ ਦਿੱਤੇ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਜ਼ਿਆਦਾਤਰ ਇਤਿਹਾਸ ਦੇ ਪੰਨਿਆਂ ਵਿੱਚ ਪਏ ਰਹਿ ਜਾਂਦੇ ਹਨ।ਬੇਸ਼ੱਕ ਅੱਜ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ ਵਾਸੀ ਫਖਰ ਮਹਿਸੂਸ ਕਰਦੇ ਹਨ, ਉਥੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। 

       ਊਧਮ ਸਿੰਘ ਦਾ ਅਸਲ ਨਾਂ ਸ਼ੇਰ ਸਿੰਘ ਸੀ। ਆਪ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਸੁਨਾਮ ਉਸ ਸਮੇਂ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ। ਆਪ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫ਼ਾਟਕ ਤੇ ਚੌਂਕੀਦਾਰ ਵਜੋਂ ਨੌਕਰੀ ਕਰਦੇ ਸਨ। ਸ਼ੇਰ ਸਿੰਘ ਅਜੇ ਮਹਿਜ਼ ਸੱਤ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਸਦੇ ਸਿਰ ਉੱਤੋਂ ਮਾਂ-ਬਾਪ ਦੋਵਾਂ ਦਾ ਹੀ ਸਾਇਆ ਉੱਠ ਗਿਆ। ਮਾਪਿਆਂ ਦਾ ਸਾਇਆ ਉੱਠ ਜਾਣ ਉਪਰੰਤ ਊਧਮ ਸਿੰਘ ਨੂੰ ਖਾਲਸਾ ਯਤੀਮਖ਼ਾਨਾ ਅੰਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ ।

ਸੰਨ 1919 ਵਿਚ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦੇ ਫਟੜਾਂ ਦੀ ਸੇਵਾ ਉਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਕੀ ਉਸ ਦੀਆਂ ਅੱਖਾਂ ਅੱਗੋਂ ਦੀ ਲੰਘੀ, ਜਿਸ ਦਾ ਉਸ ਦੇ ਨਿਰਛਲ ਅਤੇ ਕੋਮਲ ਦਿਲ ਉਤੇ ਇਸ ਕਦਰ ਡੂੰਘਾ ਅਸਰ ਪਿਆ ਕਿ ਉਸ ਨੇ ਉਕਤ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ । 

ਜਲ੍ਹਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਛੇਤੀ ਬਾਅਦ ਉਹ ਇਨਕਲਾਬੀਆਂ ਦੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦਾ ਮੈਂਬਰ ਬਣ ਕੇ ਕੁਝ ਕੰਮ ਕੀਤੇ। ਇਸੇ ਵਿਚਕਾਰ ਇਕ ਠੇਕੇਦਾਰ ਦੀ ਸਹਾਇਤਾ ਨਾਲ ਊਧਮ ਮੈਕਸੀਕੋ ਰਾਹੀਂ ਅਮਰੀਕਾ ਜਾ ਪੁੱਜਾ। ਚੰਗਾ ਮਕੈਨਿਕ ਹੋਣ ਕਰਕੇ ਹਵਾਈ ਜਹਾਜ਼ਾਂ ਦੀ ਇਕ ਕੰਪਨੀ ਵਿਚ ਨੌਕਰ ਹੋ ਗਿਆ ਤੇ ਉਥੇ ਹੀ ਸ਼ਾਦੀ ਕੀਤੀ। ਛੇਤੀ ਹੀ ਉਥੇ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਉਸ ਦਾ ਮੇਲ ਹੋ ਗਿਆ । ਦੇਸ਼ ਵਾਪਸੀ ’ਤੇ ਉਸ ਕੋਲੋਂ ਹਥਿਆਰ ਅਤੇ ਬੰਬ ਫੜੇ ਗਏ, ਜਿਸ ਕਾਰਨ ਅੰਮ੍ਰਿਤਸਰ ਸਟੇਸ਼ਨ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਜੁਰਮ ਵਿਚ ਉਨ੍ਹਾਂ ਨੂੰ ਚਾਰ ਸਾਲ ਕੈਦ ਹੋਈ ਤੇ ਘਰ ਬਾਰ ਸਭ ਕੁਝ ਜ਼ਬਤ ਹੋ ਗਿਆ।

1931 ਵਿਚ ਰਿਹਾਅ ਹੋਣ ’ਤੇ ਉਹ ਇਕ ਵਾਰ ਫਿਰ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆ ਗਏ। ਪਰ ਸਥਾਨਿਕ ਪੁਲਸ ਦੁਆਰਾ ਪਰੇਸ਼ਾਨ ਕੀਤੇ ਜਾਣ ’ਤੇ ਉਹ ਫਿਰ ਅੰਮ੍ਰਿਤਸਰ ਵਾਪਸ ਚਲੇ ਗਏ, ਜਾ ਕੇ ਸਾਈਨਬੋਡਰ ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਉਹ ਨਾਂ ਸੀ ਜਿਸਦੀ ਵਰਤੋਂ ਇਸਨੇ ਬਾਅਦ ਵਿਚ ਇੰਗਲੈਂਡ ਵਿਚ ਕੀਤੀ ਸੀ। ਇਸ ਨਾਂ ਨੂੰ ਅਪਨਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ, ਜੋ ਕਿ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ। ਇਸੇ ਦੌਰਾਨ ਆਪਣਾ ਨਾਂ ਤਬਦੀਲ ਕਰ ਮਹਾਂਦੀਪਾਂ ’ਚ ਘੁੰਮਦਾ ਘੁਮਾਉਂਦਾ ਇੰਗਲੈਂਡ ਜਾ ਪੁੱਜਾ। ਫਿਰ 1933 ਤੋਂ 1940 ਤੱਕ ਉਥੇ ਹੀ ਰਿਹਾ।

ਆਖਿਰ ਲੰਮੀ ਉਡੀਕ ਤੋਂ ਬਾਅਦ 13 ਮਾਰਚ 1940 ਨੂੰ ਉਹ ਘੜੀ ਵੀ ਆ ਗਈ, ਜਿਸ ਦਾ ਉਸਨੂੰ ਸਾਲਾਂ ਤੋਂ ਇੰਤਜ਼ਾਰ ਸੀ, ਉਸ ਦਿਨ 4.30 ਵਜੇ ਕੈਕਸਟਨ ਹਾਲ, ਲੰਡਨ ਵਿਚ ਜਿੱਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਮਾਈਕਲ ਓਡਵਾਇਰ ਉੱਤੇ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ ਪੰਜ-ਛੇ ਗੋਲੀਆਂ ਚਲਾਈਆਂ। ਓਡਵਾਇਰ ਦੇ ਦੋ ਗੋਲੀਆਂ ਲੱਗੀਆਂ ਤੇ ਜ਼ਮੀਨ ’ਤੇ ਡਿੱਗਦੇ ਸਾਰ ਹੀ ਮੌਤ ਦਾ ਸ਼ਿਕਾਰ ਹੋ ਗਿਆ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਭਾਰਤ ਲਈ ਵਿਦੇਸ਼ ਵਿਭਾਗ ਦਾ ਮੁਖੀ ਲਾਰਡ ਜੈਟਲੈਂਡ ਵੀ ਜਖ਼ਮੀ ਹੋਇਆ । ਊਧਮ ਸਿੰਘ ਨੂੰ ਤੁਰੰਤ ਉਸਦੀ ਧੂੰਆਂ ਛੱਡਦੀ ਪਿਸਤੌਲ ਸਮੇਤ ਫੜ ਲਿਆ ਗਿਆ। ਦਰਅਸਲ ਊਧਮ ਸਿੰਘ ਨੇ ਉਥੋਂ ਫ਼ਰਾਰ ਹੋਣ ਦਾ ਕੋਈ ਯਤਨ ਨਹੀਂ ਕੀਤਾ ਸਗੋਂ ਉਹ ਲਗਾਤਾਰ ਇਹੋ ਕਹਿੰਦਾ ਰਿਹਾ ਕਿ ਉਸਨੇ ਆਪਣੇ ਦੇਸ਼ ਵੱਲੋਂ ਲਗਾਈ ਗਈ ਸੇਵਾ ਪੂਰੀ ਕਰ ਦਿੱਤੀ ਹੈ।ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਦੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ।

ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਆਖਿਆ। ਜਦੋਂ ਕਿ ਇਸ ਸੰਦਰਭ ਵਿੱਚ ਜਰਮਨ ਰੇਡੀਓ ਤੋਂ ਵਾਰ-ਵਾਰ ਇਹੋ ਨਸ਼ਰ ਹੁੰਦਾ ਰਿਹਾ ਕਿ ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’ ਇਸ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਜਦ ਕਿ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ।

ਸ਼ਹੀਦ ਊਧਮ ਸਿੰਘ ਦੀ ਸੂਰਮਿਆਂ ਵਾਲ਼ੀ ਦ੍ਰਿੜਤਾ ਇਸ ਗੱਲੋਂ ਪਤਾ ਲਗਦੀ ਹੈ ਕਿ ਉਸ ਨੇ ਮਾਈਕਲ ਉਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਹ ਹਿਰਾਸਤ ਵਿੱਚ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਮੈਂ ਉਸ ਉੱਤੇ ਵੀ ਦੋ ਰੌਂਦ ਦਾਗੇ ਸਨ।ਇਸ ਘਟਨਾ ਦੀ ਦੁਨੀਆਂ ਭਰ ਵਿੱਚ ਚਰਚਾ ਹੋਈ। ਜਦੋਂ ਕਿ ਊਧਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੰਦਿਆਂ ਕਿਹਾ ਕਿ "ਮੈਂ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ ਹੈ। ਮੈਂ ਆਪਣੇ ਦੇਸ਼ ਦੀ ਸ਼ਾਨ ਵਿਰੁੱਧ ਓਡਵਾਇਰ ਦਾ ਘ੍ਰਿਣਾ ਭਰਿਆ ਲੈਕਚਰ ਸਹਾਰ ਨਹੀਂ ਸਕਿਆ। ਮੈ ਜੋ ਕੁੱਝ ਕੀਤਾ ਹੈ ਆਪਣੇ ਦੇਸ਼ ਲਈ ਕੀਤਾ ਹੈ।" 

ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਓਡਵਾਇਰ ਨੂੰ ਮਾਰਨ ਤਕ ਹੀ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਇਨਕਲਾਬੀ ਸੋਚ ਨੂੰ ਅਕਸਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ। ਇਥੇ ਇਹ ਦੱਸਣਯੋਗ ਹੈ ਕਿ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। ਇਹੋ ਵਜ੍ਹਾ ਹੈ ਕਿ ਉਹ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦੇ ਰਹੇ । ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਨ੍ਹਾਂ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸਨ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਏ ਸਨ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋਏ। 30 ਅਗਸਤ 1927 ਨੂੰ ਊਧਮ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋਈ।ਜਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਸਮੇਂ ਤਕ ਉਹ ਜੇਲ੍ਹ ਵਿੱਚ ਹੀ ਸਨ ।

ਸ਼ਹੀਦ ਊਧਮ ਸਿੰਘ ਇਕ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਮਾਲਕ ਸਨ। ਜਦੋਂ ਲੰਡਨ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਊਧਮ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ ਸੀ। ਦਰਅਸਲ ਊਧਮ ਸਿੰਘ ਦੇ ਅਜਿਹੇ ਨਾਮ ਰੱਖਣ ਦਾ ਮਤਲਬ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਸੀ ।

ਓਡਵਾਇਰ ਕਤਲ ਮਾਮਲੇ ਵਿਚ ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਕਿ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ, ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸਸਕਾਰ ਸੁਨਾਮ ਵਿਖੇ ਕੀਤਾ ਗਿਆ।

ਪਰ ਅਫਸੋਸ ਕਿ ਊਧਮ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਆਜ਼ਾਦ ਦੇਸ਼ ਲਈ ਜੋ ਸੁਪਨੇ ਸੰਜੋਏ ਸਨ ਅਤੇ ਜਿਸ ਧਰਮ ਨਿਰਪੱਖ ਦੇਸ਼ ਦੀ ਉਨ੍ਹਾਂ ਕਲਪਨਾ ਕੀਤੀ, ਅੱਜ ਉਨ੍ਹਾਂ ਦੇ ਸੁਪਨਿਆਂ ਨੂੰ ਦੇਸ਼ ਦੇ ਅਖੌਤੀ ਲੀਡਰਸ਼ਿਪ ਦੁਆਰਾ ਮਨਮਰਜ਼ੀ ਮੁਤਾਬਕ ਤਾਰ ਤਾਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੇਸ਼ ਅੰਦਰ ਲਗਾਤਾਰ ਅਸਹਿਣਸ਼ੀਲਤਾ ਵਾਲੇ ਮਾਹੌਲ ਨੂੰ ਸਿਰਜਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਵਿਚਲੇ ਜਮਹੂਰੀ ਨਿਜ਼ਾਮ ਨੂੰ ਖੋਖਲਾ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਹੱਕ ਸੱਚ ਲਈ ਉੱਠਣ ਵਾਲੀਆਂ ਆਵਾਜ਼ਾਂ ਨੂੰ ਆਨੀ ਬਹਾਨੀ ਦਬਾਇਆ ਜਾ ਰਿਹਾ ਹੈ । ਯਕੀਨਨ ਇਹ ਸੱਭ ਵੇਖ ਕੇ ਊਧਮ ਸਿੰਘ ਜਿਹਿਆਂ ਦੀਆਂ ਆਤਮਾਵਾਂ ਝੰਜੋੜ ਜਾ ਰਹੀਆਂ ਹੋਣਗੀਆਂ ਅਤੇ ਉਹ ਸੋਚ ਰਹੀਆਂ ਹੋਣਗੀਆਂ ਕਿ ਦੇਸ਼ ਵਾਸੀ ’ਤੇ ਜੋ ਜੁਲਮ ਓ ਤਸ਼ੱਦਦ ਗੁਲਾਮੀ ਸਮੇਂ ਵਿਦੇਸ਼ੀਆਂ ਵੱਲੋਂ ਢਾਹੇ ਜਾ ਰਹੇ ਸਨ, ਉਨ੍ਹਾਂ ਜੁਲਮਾਂ ਦਾ ਬਾਜ਼ਾਰ ਅੱਜ ਦੇਸ਼ ਦੇ ਲੋਕਾਂ ਤੇ ਆਪਣਿਆਂ ਦੁਆਰਾ ਹੀ ਢਾਹਿਆ ਜਾ ਰਿਹਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਚਾਰਧਾਰਾ ਅਪਣਾਉਣ ਦੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।ਊਧਮ ਸਿੰਘ ਇੱਕ ਅਜਿਹੀ ਸਮਾਜਿਕ ਵਿਵਸਥਾ ਦੀ ਸਿਰਜਨਾ ਕਰਨਾ ਚਾਹੁੰਦਾ ਸੀ, ਜਿਸ ਵਿੱਚ ਇਨਸਾਨ ਦੀ ਲੁੱਟ ਖਸੁੱਟ ਨਾ ਹੋ ਸਕੇ ਅਤੇ ਸਭ ਨੂੰ ਪੂਰਨ ਆਜ਼ਾਦੀ ਅਤੇ ਵਿਕਾਸ ਦੇ ਬਰਾਬਰ ਮੌਕੇ  ਮਿਲਣ । 

ਜੇਕਰ ਸ਼ਹੀਦਾਂ ਦੇ ਸੰਦਰਭ ਵਿੱਚ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਸ਼ਹੀਦ ਕੇਵਲ ਫੁੱਲਾਂ ਜੋਗੇ ਹੀ ਰਹਿ ਗਏ ਹਨ। ਸਾਲ ਵਿੱਚ ਦੋ ਵਾਰ ਸ਼ਹੀਦਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮੌਕੇ ਹੀ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਜਾਂ ਕੌਮੀ ਪੱਧਰੀ ਵੱਡੇ-ਵੱਡੇ ਸਮਾਗਮ ਕੀਤੇ ਜਾਂਦੇ ਹਨ, ਪਰੰਤੂ ਸਾਡੇ ਰਾਜਸੀ ਲੀਡਰ ਕੁਝ ਨਹੀਂ ਕਰਦੇ। ਅੱਜ ਜਿਸ ਤਰ੍ਹਾਂ ਸਾਡਾ ਮੁਲਕ ਧਰਮ ਦੀਆਂ ਵੰਡੀਆਂ ਦੀ ਦਲਦਲ ਵਿੱਚ ਦਿਨੋ ਦਿਨ ਧੱਸਦਾ ਜਾ ਰਿਹਾ ਹੈ, ਇਹੋ ਜਿਹੇ ਸਮਾਜ ਦੀ ਕਲਪਨਾ ਕਦੀ ਵੀ ਸਾਡੇ ਸ਼ਹੀਦਾਂ ਨੇ ਨਹੀਂ ਕੀਤੀ ਸੀ। ਅੱਜ ਸਾਡੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੀ ਜਾ ਰਹੀ ਹੈ। ਜੋ ਸੁਪਨੇ ਸ਼ਹੀਦਾਂ ਨੇ ਆਪਣੇ ਦੇਸ਼ ਦੇ ਭਵਿੱਖ ਦੇ ਲਈ ਸੋਚੇ ਸਨ, ਉਹ ਅਧੂਰੇ ਰਹਿ ਗਏ ਹਨ ਅਤੇ ਸ਼ਹੀਦ ਸਿਰਫ ਸ਼ਹਿਰ ਦੇ ਨਾਵਾਂ ਉਪਰ ਜਾਂ ਸਿਰਫ ਆਦਮਕੱਦ ਬੁੱਤਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਦੇਸ਼ ਦੀ ਤਰੱਕੀ ਅਤੇ ਸ਼ਾਂਤੀ ਦੀ ਸਥਾਪਨਾ ਤਾਂ ਹੀ ਸੰਭਵ ਹੈ ਜੇਕਰ ਉਹ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਨਾਉਣ । ਇਹੋ ਹੀ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

ਮਾਸਟਰ ਪ੍ਰੇਮ ਸਰੂਪ ਛਾਜਲੀ

ਜ਼ਿਲ੍ਹਾ ਸੰਗਰੂਰ

Prem Sarup premchhajli90@gmail.com