ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਮੀਨਾਕਾਰੀ ਤੇ ਸੁੰਦਰੀਕਰਨ ਦੀ ਸੇਵਾ ਮੁਕੰਮਲ ਹੋਣ ’ਤੇ ਸੰਗਤ ਅਰਪਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 20 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਦਾ ਮੁੱਖ ਦਰਬਾਰ ਮੀਨਾਕਾਰੀ ਤੇ ਸੁੰਦਰੀਕਰਨ ਦੀ ਸੇਵਾ ਮੁਕੰਮਲ ਹੋਣ ’ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਸੰਗਤ ਅਰਪਣ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਤਿਆਰ ਕੀਤੇ ਗਏ ਨਵੇਂ ਪ੍ਰਬੰਧਕੀ ਬਲਾਕ ਅਤੇ ਮੀਟਿੰਗ ਹਾਲ ਦਾ ਵੀ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਕਾਰਸੇਵਾ ਬਾਬਾ ਸੁਬੇਗ ਸਿੰਘ ਸ੍ਰੀ ਗੋਇੰਦਵਾਲ ਸਾਹਿਬ ਵਾਲਿਆਂ ਪਾਸੋਂ ਕਰਵਾਈ ਗਈ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤਿ ਦਿਵਸ ਸਿੱਖ ਕੌਮ ਸਤੰਬਰ 2024 ਵਿਚ ਖਾਲਸਈ ਜਾਹੋ-ਜਲਾਲ ਨਾਲ ਮਨਾ ਰਹੀ ਹੈ, ਜਿਸ ਨੂੰ ਸਮਰਪਤ ਹੁੰਦਿਆਂ ਗੁਰੂ ਸਾਹਿਬ ਦੇ ਪਾਵਨ ਅਸਥਾਨਾਂ ਦੀ ਸੇਵਾ ਪਹਿਲ ਦੇ ਅਧਾਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੰਨ੍ਹ ਸਾਹਿਬ ਤੀਸਰੇ ਪਾਤਸ਼ਾਹ ਨਾਲ ਸਬੰਧਤ ਮਹੱਤਵਪੂਰਨ ਅਸਥਾਨ ਹੈ, ਜਿਥੇ ਸੰਗਤ ਦੀ ਮੰਗ ਅਨੁਸਾਰ ਮੁੱਖ ਦਰਬਾਰ ਦੀ ਖੂਬਸੂਰਤੀ ਵਾਸਤੇ ਮੀਨਾਕਾਰੀ ਅਤੇ ਪ੍ਰਬੰਧਕੀ ਬਲਾਕ ਦੀ ਸੇਵਾ ਬਾਬਾ ਸੁਬੇਗ ਸਿੰਘ ਕਾਰਸੇਵਾ ਸ੍ਰੀ ਗੋਇੰਦਵਾਲ ਸਾਹਿਬ ਪਾਸੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਹੋਰ ਵੀ ਸੰਗਤ ਦੀ ਸਹੂਲਤ ਲਈ ਲੋੜੀਂਦੇ ਕਾਰਜ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਇਹ ਵੀ ਐਲਾਨ ਕੀਤਾ ਕਿ 450 ਸਾਲਾ ਸ਼ਤਾਬਦੀ ਨੂੰ ਸਮਰਪਤ ਇਕ ਵਿਸ਼ਾਲ ਗੁਰਮਤਿ ਸਮਾਗਮ ਵੀ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਕੀਤਾ ਜਾਵੇਗਾ।
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਤੀਸਰੇ ਪਾਤਸ਼ਾਹ ਦੇ ਅਸਥਾਨ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਵਿਕਾਸ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵੱਡੀ ਖ਼ੁਸ਼ੀ ਦੀ ਗੱਲ ਹੈ ਕਿ ਗੁਰੂ ਦਰਬਾਰ ਦੀਆਂ ਸੇਵਾਵਾਂ ਮੁਕੰਮਲ ਹੋਈਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਲ-ਨਾਲ ਕਾਰਸੇਵਾ ਵਾਲੇ ਮਹਾਂਪੁਰਖਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਸੰਗਤੀ ਲੋੜ ਨੂੰ ਮੁੱਖ ਰੱਖਦਿਆਂ ਇਸੇ ਤਰ੍ਹਾਂ ਹੋਰ ਵੀ ਲੋੜੀਂਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਬਾਬਾ ਸੁਬੇਗ ਸਿੰਘ ਨੂੰ ਪ੍ਰਮੁੱਖ ਸ਼ਖ਼ਸੀਅਤਾਂ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਮਨਜੀਤ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੱਡ, ਅਕਾਲੀ ਆਗੂ ਸ. ਰਣਬੀਰ ਸਿੰਘ ਰਾਣਾ ਲੋਪੋਕੇ, ਬਾਬਾ ਸੁਬੇਗ ਸਿੰਘ ਸ੍ਰੀ ਗੋਇੰਦਵਾਲ ਸਾਹਿਬ, ਬਾਬਾ ਅਵਤਾਰ ਸਿੰਘ ਧੱਤਲ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਮੀਡੀਆ ਸ. ਹਰਭਜਨ ਸਿੰਘ ਵਕਤਾ, ਕਾਨੂੰਨੀ ਸਲਾਹਕਾਰ ਸ. ਅਮਨਬੀਰ ਸਿੰਘ ਸਿਆਲੀ, ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਸ. ਰਾਜਿੰਦਰ ਸਿੰਘ ਰੂਬੀ, ਐਕਸੀਐਨ ਸ. ਜਤਿੰਦਰਪਾਲ ਸਿੰਘ, ਮੈਨੇਜਰ ਸ. ਹਰਜੀਤ ਸਿੰਘ, ਸ. ਹਰਵਿੰਦਰ ਸਿੰਘ ਰੂਪੋਵਾਲੀ, ਸ. ਹਰਵਿੰਦਰ ਸਿੰਘ ਸਤਲਾਣੀ ਸਾਹਿਬ, ਸ. ਦਿਲਰਾਜ ਸਿੰਘ ਗਿੱਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਮੌਜੂਦ ਸਨ।
Comments (0)