ਸਕੂਲ ਵੈਨ ਨੂੰ ਲੱਗੀ ਅੱਗ; 4 ਬੱਚੇ ਜਿਉਂਦੇ ਸੜੇ

ਸਕੂਲ ਵੈਨ ਨੂੰ ਲੱਗੀ ਅੱਗ; 4 ਬੱਚੇ ਜਿਉਂਦੇ ਸੜੇ

ਸੰਗਰੂਰ: ਲੋਂਗੋਵਾਲ ਵਿਖੇ ਇਕ ਸਕੂਲੀ ਵੈਨ ਵਿਚ ਅੱਗ ਲੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਤੇ 8 ਬੱਚੇ ਜ਼ਖਮੀ ਹਨ। ਵੈਨ ਵਿਚ 12 ਬੱਚੇ ਸਨ। ਵੈਨ ਦੀ ਹਾਲਤ ਬਹੁਤ ਖਸਤਾ ਦੱਸੀ ਜਾ ਰਹੀ ਹੈ। ਵੈਨ ਵਿਚ ਅੱਗ ਲਗਣ ਨਾਲ 4 ਬੱਚੇ ਬੁਰੀ ਤਰ੍ਹਾਂ ਜਿਉਂਦੇ ਸੜ੍ਹ ਗਏ। ਬੱਚਿਆਂ ਨੂੰ ਦੇਖਣ ਵਾਲੇ ਹਰ ਜੀਅ ਦੀਆਂ ਧਾਹਾਂ ਨਿੱਕਲ ਗਈਆਂ। ਲੋਕਾਂ ਵਿਚ ਵੈਨ ਦੀ ਖਸਤਾ ਹਾਲਤ ਕਾਰਨ ਸਕੂਲ ਪ੍ਰਸ਼ਾਸਨ ਅਤੇ ਸਰਕਾਰੀ ਪ੍ਰਸ਼ਾਸਨ ਖਿਲਾਫ ਬਹੁਤ ਰੋਹ ਪਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਐਸਡੀਐਮ ਅਤੇ ਤਹਿਸੀਲਦਾਰ ਨੂੰ ਘਟਨਾ ਸਥਾਨ 'ਤੇ ਭੇਜ ਦਿੱਤਾ ਗਿਆ ਹੈ। ਐਸਐਸਪੀ ਸੰਦੀਪ ਗਰਗ ਸਮੇਤ ਹੋਰ ਪ੍ਰਸ਼ਾਸਨਕ ਅਫਸਰ ਵੀ ਘਟਨਾ ਸਥਾਨ 'ਤੇ ਪਹੁੰਚ ਰਹੇ ਹਨ। 

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੀ ਘਟਨਾ ਸਥਾਨ 'ਤੇ ਪਹੁੰਚੇ ਹਨ। 

ਜ਼ਿਕਰਯੋਗ ਹੈ ਕਿ ਇਹ ਪਹਿਲਾ ਹਾਦਸਾ ਨਹੀਂ ਹੈ ਜਦੋਂ ਸਕੂਲੀ ਬੱਚਿਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਇਹ ਘਟਨਾਵਾਂ ਵਾਪਰਨ ਮਗਰੋਂ ਵੀ ਸਰਕਾਰ ਇਹਨਾਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਦੀ।