ਸੁਰਾਂ ਦੇ ਬਾਦਸ਼ਾਹ,ਪੰਜਾਬੀਅਤ ਦਾ ਮਾਣ ਤੇ ਪਹਿਚਾਣ, ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ

ਸੁਰਾਂ ਦੇ ਬਾਦਸ਼ਾਹ,ਪੰਜਾਬੀਅਤ ਦਾ ਮਾਣ ਤੇ ਪਹਿਚਾਣ, ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ
ਸਰਦੂਲ ਸਿਕੰਦਰ

ਸਰਦੂਲ ਸਿਕੰਦਰ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ.. 

ਅੰਮ੍ਰਿਤਸਰ ਟਾਈਮਜ਼ ਬਿਊਰੋ

15 ਜਨਵਰੀ 1961 ਨੂੰ ਤੋਂ 24 ਫਰਵਰੀ 2021...

ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ । ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਤੋਂ  ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਅਸਲ ਮੌਤ ਦਾ ਕਾਰਨ ਅੰਦਰੂਨੀ ਬਿਮਾਰੀਆਂ ਸਨ, ਜਿਨ੍ਹਾਂ ਵਿੱਚੋਂ ਕਿਡਨੀ ਦੇ ਫ਼ੇਲ੍ਹ ਹੋ ਜਾਣ ਤੇ ਸ਼ੂਗਰ ਦੇ ਵੱਧਣ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ,ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਕੋਰੋਨਾ ਵਾਇਰਸ ਹੋਣ ਦਾ ਵੀ ਪਤਾ ਲੱਗਿਆ ਸੀ। ਸਰਦੂਲ ਸਿਕੰਦਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕੀਤਾ  ਤੇ ਕਿਹਾ, "ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ, ਉਨ੍ਹਾਂ ਨੂੰ ਹਾਲ ਹੀ ਵਿਚ ਕੋਵਿਡ 19 ਦੇ ਲੱਛਣਾਂ ਦਾ ਪਤਾ ਲੱਗਿਆ ਸੀ ਅਤੇ ਜਿਸ ਦਾ ਇਲਾਜ ਚੱਲ ਰਿਹਾ ਸੀ। ਅੱਜ ਪੰਜਾਬੀ ਸੰਗੀਤ ਦੀ ਦੁਨੀਆਂ ਹੈ ਸੁੰਨੀ ਹੋ ਗਈ ਹੈ। ਮੇਰੀ ਪਰਿਵਾਰ ਅਤੇ ਪ੍ਰਸ਼ਾਸਕਾਂ ਨਾਲ ਦਿਲੋਂ ਹਮਦਰਦੀ ਹੈ।"  

ਟਵਿੱਟਰ ਰਾਹੀਂ ਸਰਦੂਲ ਸਿਕੰਦਰ ਦੀ ਮੌਤ 'ਤੇ ਸੋਗ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ, "ਪ੍ਰਸਿੱਧ ਪੰਜਾਬੀ ਪਲੇਬੈਕ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।"ਇਸ ਤੋਂ ਇਲਾਵਾ ਅਨੇਕਾਂ ਹੋਰ ਸ਼ਖ਼ਸੀਅਤਾਂ ਜੋ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਨੇ ਵੀ ਆਪਣੇ ਟਵੀਟ ਰਾਹੀਂ ਸਰਦੂਲ ਸਿਕੰਦਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ।

60 ਦੀ ਉਮਰ ਵਿੱਚ ਸਰਦੂਲ ਸਿਕੰਦਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪੰਜਾਬੀ ਸੱਭਿਆਚਾਰ ਅਤੇ ਮਿਊਜ਼ਿਕ ਇੰਡਸਟਰੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਉਨ੍ਹਾਂ ਦੇ ਚਲੇ ਜਾਣ ਤੋਂ ਪੈ ਗਿਆ। ਪੰਜਾਬੀ ਭਾਸ਼ਾ ਦੇ ਲੋਕ ਅਤੇ ਪੌਪ ਸੰਗੀਤ ਨਾਲ ਜੁੜੇ ਸਰਦੂਲ ਸਿਕੰਦਰ ਜਿਨ੍ਹਾਂ ਨੇ ਆਪਣੀ ਸ਼ੁਰੂਆਤੀ ਐਲਬਮ "ਰੋਡਵੇਜ਼ ਦੀ ਲਾਰੀ" ਨਾਲ 1980 ਦੇ ਆਰੰਭ ਵਿੱਚ ਰੇਡੀਓ ਅਤੇ ਟੈਲੀਵਿਜ਼ਨ ਉੱਤੇ ਆਪਣੀ ਪਹਿਲੀ ਪੇਸ਼ਕਾਰੀ ਦੌਰਾਨ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਹ ਸਫ਼ਰ ਲਗਾਤਾਰ ਜਾਰੀ ਰਿਹਾ ਅਤੇ  ਉਨ੍ਹਾਂ ਨੇ ਕੁਝ ਕੁ "ਜੱਗਾ ਡਾਕੂ" ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਸਰਦੂਲ ਸਿਕੰਦਰ ਦੀ ਗਾਇਕੀ ਦਾ ਮੁੱਢ ਉਸ ਦੇ ਬਚਪਨ ਵਿਚ ਹੀ ਬੱਝ ਗਿਆ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਮਰਹੂਮ ਸਾਗਰ ਮਸਤਾਨਾ ਇੱਕ ਪ੍ਰਸਿੱਧ ਤਬਲਾ ਪਲੇਅਰ ਸਨ ਸੋ ਘਰ ਵਿੱਚ ਸੰਗੀਤਕ ਮਾਹੌਲ ਹੋਣ ਦੇ ਕਾਰਨ ਉਨ੍ਹਾਂ ਦਾ ਰੁਝਾਨ ਵੀ ਇੱਧਰ ਨੂੰ ਵਧ ਗਿਆ । ਸਰਦੂਲ ਸਿਕੰਦਰ ਦੀ ਅਗਲੀ ਪੀੜ੍ਹੀ ਉਨ੍ਹਾਂ ਦੇ ਦੋ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਦੋਨੋਂ ਹੀ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਸੰਗੀਤਕ ਕਿੱਤੇ ਨਾਲ ਜੁੜੇ ਹੋਏ ਹਨ। ਸਰਦੂਲ ਸਿਕੰਦਰ ਦਾ ਪਰਿਵਾਰ ਬੇਸ਼ੱਕ ਇਸ ਸੰਗੀਤਕ ਖਿੱਤੇ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਪਰ ਜੋ ਘਾਟਾ ਪੰਜਾਬੀਅਤ ਨੂੰ ਉਨ੍ਹਾਂ ਦੇ ਚਲੇ ਜਾਣ ਤੋਂ ਪਿਆ,ਉਹ ਕਦੇ ਵੀ ਪੂਰਾ ਨਾ ਹੋਣ ਵਾਲਾ ਹੈ, ਤੇ ਉਸ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ । ਇਨ੍ਹਾਂ ਸੁਰਾਂ ਦੀ ਬਖ਼ਸ਼ਿਸ਼ ਵੀ ਉਸ ਅਕਾਲ ਪੁਰਖ ਵੱਲੋਂ ਅਜਿਹੀਆਂ ਰੂਹਾਂ ਤੇ ਹੁੰਦੀ ਹੈ, ਜੋ ਆਪਣੇ ਖਿੱਤੇ ਲਈ ਆਮ ਲੋਕਾਂ ਤੋਂ ਵੱਖਰੀ ਸੋਚ ਰੱਖ ਕੇ ਅੱਗੇ ਵੱਧ ਜਾਂਦੇ ਹਨ ਜਿੱਥੇ ਉਨਹਾਂ ਦੀ ਇਕ ਵੱਖਰੀ ਪਹਿਚਾਣ ਬਣ ਜਾਂਦੀ ਹੈ। ਸੰਗੀਤ ਦੀ ਦੁਨੀਆਂ ਦੇ  ਅਜਿਹੇ ਬਾਦਸ਼ਾਹ ਹੀ ਨਾਇਕ ਬਣ ਜਾਂਦੇ ਹਨ, ਜਿਨ੍ਹਾਂ ਨੂੰ ਉਸ ਖਿੱਤੇ ਨਾਲ ਜੁੜੇ ਹੋਏ ਲੋਕ ਸਦੈਵ ਆਪਣੇ ਚੇਤਿਆਂ ਦੇ ਭਾਗ ਵਿੱਚ  ਸਮੋਈ ਰੱਖਦੇ ਹਨ ,ਸਰਦੂਲ ਸਿਕੰਦਰ ਵੀ ਉਨ੍ਹਾਂ ਸੁਰਾਂ ਦੇ ਨਾਇਕਾਂ ਵਿਚੋਂ ਇਕ ਸਨ ।  .