ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਸਰਦਾਰ ਆਫ਼ ਸਪਿਨ' ਬਿਸ਼ਨ ਸਿੰਘ ਬੇਦੀ ਚਲ ਵਸੇ

ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਸਰਦਾਰ ਆਫ਼ ਸਪਿਨ' ਬਿਸ਼ਨ ਸਿੰਘ ਬੇਦੀ ਚਲ ਵਸੇ

ਬੇਦੀ ਨੇ 1967 ਤੋਂ 1979 ਦੇ ਦਰਮਿਆਨ ਭਾਰਤ ਦੇ ਲਈ 67 ਟੈਸਟ ਖੇਡਦੇ ਹੋਏ 266 ਵਿਕਟਾਂ ਲਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ-ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਸਪਿੰਨ ਦੀ ਦੁਨੀਆ ਦੇ ਜਾਦੂਗਰ ਕਹੇ ਜਾਣ ਵਾਲੇ ਬਿਸ਼ਨ ਸਿੰਘ ਬੇਦੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। 77 ਸਾਲਾਂ ਦੇ ਬਿਸ਼ਨ ਸਿੰਘ ਬੇਦੀ ਨੂੰ 'ਸਰਦਾਰ ਆਫ਼ ਸਪਿੰਨ' ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ, ਹਾਲਾਂਕਿ ਉਹ ਪਿਛਲੇ 2 ਸਾਲਾਂ ਤੋਂ ਬੀਮਾਰ ਚੱਲ ਰਹੇ ਸਨ। ਬੇਦੀ ਨੇ 1967 ਤੋਂ 1979 ਦੇ ਦਰਮਿਆਨ ਭਾਰਤ ਦੇ ਲਈ 67 ਟੈਸਟ ਖੇਡਦੇ ਹੋਏ 266 ਵਿਕਟਾਂ ਲਈਆਂ ਜਦਕਿ ਇਕ ਰੋਜਾ ਮੈਚ ਵਿਚ ਉਨ੍ਹਾਂ ਨੂੰ 7 ਵਿਕਟਾਂ ਮਿਲੀਆਂ ਸਨ। 1970 ਵਿਚ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਿਸ਼ਨ ਸਿੰਘ ਬੇਦੀ 60 ਅਤੇ 70 ਦੇ ਦਹਾਕੇ ਵਿਚ ਮਸ਼ਹੂਰ ਭਾਰਤੀ ਸਪਿੰਨ ਚੌਕੜੀ ਦਾ ਹਿੱਸਾ ਰਹੇ ਸਨ, ਜਿਸ ਨੇ ਦੁਨੀਆ ਭਰ ਵਿਚ ਸਪਿੰਨ ਗੇਂਦਬਾਜ਼ੀ ਨਾਲ ਵਿਰੋਧੀ ਟੀਮਾਂ 'ਤੇ ਕਹਿਰ ਢਾਹਿਆ ਸੀ।

ਉਸ ਸਮੇਂ ਸਪਿੰਨਰ ਇਰਾਪਲੀ ਪ੍ਰਸੰਨਾ, ਵੈਂਕਟਰਾਘਵਨ ਤੇ ਚੰਦਰਸ਼ੇਖਰ ਨਾਲ ਰਲ ਕੇ ਬਿਸ਼ਨ ਸਿੰਘ ਬੇਦੀ ਨੇ ਵਿਰੋਧੀ ਟੀਮਾਂ ਦੇ ਵੱਡੇ ਬੱਲੇਬਾਜ਼ਾਂ ਦੇ ਮਨਾਂ ਵਿਚ ਸਪਿੰਨ ਗੇਂਦਬਾਜ਼ੀ ਦਾ ਖ਼ੌਫ਼ ਪੈਦਾ ਕਰ ਦਿੱਤਾ ਸੀ। ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ, 1946 ਨੂੰ ਅੰਮ੍ਰਿਤਸਰ ਵਿਖੇ ਹੋਇਆ। ਖੱਬੇ ਹੱਥ ਦੇ ਆਰਥੋਡਾਕਸ ਸਪਿੰਨਰ ਬੇਦੀ ਨੇ ਪਾਰੀ ਵਿਚ 14 ਵਾਰੀ 5 ਵਿਕਟਾਂ ਅਤੇ ਮੈਚ ਵਿਚ 1 ਵਾਰੀ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ। ਭਾਰਤ ਦੇ ਲਈ 1966 ਵਿਚ ਪਹਿਲਾ ਟੈਸਟ ਮੈਚ ਖੇਡਣ ਵਾਲੇ ਬੇਦੀ ਅਗਲੇ 13 ਸਾਲਾਂ ਤੱਕ ਟੀਮ ਇੰਡੀਆ ਦੇ ਲਈ ਸਭ ਤੋਂ ਵੱਡੇ ਮੈਚ ਜੇਤੂ ਖਿਡਾਰੀ ਸਾਬਤ ਹੋਏ। ਜਦੋਂ 1979 ਵਿਚ ਬੇਦੀ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਤਾਂ ਉਸ ਸਮੇਂ ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀ ਬਣੇ ਸਨ। ਬੇਦੀ ਕੋਲ ਗੇਂਦਬਾਜ਼ੀ ਤੋਂ ਇਲਾਵਾ ਲੀਡਰਸ਼ਿਪ ਦੀ ਕਾਬਲੀਅਤ ਵੀ ਸੀ। ਬੇਦੀ ਨੂੰ 1976 ਵਿਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਅਤੇ ਉਨ੍ਹਾਂ ਨੇ 1978 ਤੱਕ ਭਾਰਤੀ ਟੀਮ ਦੀ ਕਮਾਨ ਸੰਭਾਲੀ ਰੱਖੀ। ਬਿਸ਼ਨ ਸਿੰਘ ਬੇਦੀ ਨੂੰ ਅਜਿਹੇ ਕਪਤਾਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਜਿਨ੍ਹਾਂ ਨੇ ਟੀਮ ਦੇ ਅੰਦਰ ਲੜਨ ਦਾ ਜੋਸ਼ ਪੈਦਾ ਕੀਤਾ। ਕਪਤਾਨ ਦੇ ਤੌਰ 'ਤੇ ਬੇਦੀ ਨੇ 1976 ਵਿਚ ਉਸ ਸਮੇਂ ਦੀ ਸਭ ਤੋਂ ਮਜ਼ਬੂਤ ਟੀਮ ਵੈਸਟ ਇੰਡੀਜ਼ ਨੂੰ ਉਸੇ ਦੀ ਧਰਤੀ 'ਤੇ ਜਾ ਕੇ ਟੈਸਟ ਸੀਰੀਜ਼ ਵਿਚ ਹਰਾਇਆ। ਬਿਸ਼ਨ ਸਿੰਘ ਬੇਦੀ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 31 ਦਸੰਬਰ, 1966 ਨੂੰ ਕੋਲਕਾਤਾ ਦੇ ਇਤਿਹਾਸਕ ਸਟੇਡੀਅਮ ਈਡਨ ਗਾਰਡਨ ਵਿਖੇ ਕੀਤੀ, ਜਦੋਂ ਕਿ ਅਗਸਤ-ਸਤੰਬਰ 1979 ਵਿੱਚ ਓਵਲ ਵਿਖੇ ਇੰਗਲੈਂਡ ਵਿਰੁੱਧ ਆਪਣਾ ਆਖ਼ਰੀ ਟੈਸਟ ਖੇਡਿਆ। ਦੂਜੇ ਪਾਸੇ ਪਹਿਲਾ ਇਕ ਦਿਨਾ ਇੰਗਲੈਂਡ ਖ਼ਿਲਾਫ਼ 13 ਜੁਲਾਈ, 1974 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ, ਜਦਕਿ ਆਖ਼ਰੀ ਇਕ ਦਿਨਾਂ ਸ੍ਰੀਲੰਕਾ ਖ਼ਿਲਾਫ਼ 16 ਜੂਨ, 1979 ਨੂੰ ਮਾਨਚੈਸਟਰ ਵਿਖੇ ਖੇਡਿਆ ਸੀ।

ਵੱਖ ਵੱਖ ਸਖਸ਼ੀਅਤਾਂ ਨੇ ਦੁਖ ਪ੍ਰਗਟਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ  ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ  ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਅਟੁੱਟ ਸੀ ਅਤੇ ਉਨ੍ਹਾਂ ਦੀ ਮਿਸਾਲੀ ਗੇਂਦਬਾਜ਼ੀ ਨੇ ਭਾਰਤ ਨੂੰ ਕਈ ਯਾਦਗਾਰ ਜਿੱਤਾਂ ਦਿਵਾਈਆਂ। ਉਹ ਕ੍ਰਿਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। 

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਭਾਰਤੀ ਕ੍ਰਿਕਟ ਨੇ ਅੱਜ ਇਕ 'ਆਈਕਨ' ਗੁਆ ਦਿੱਤਾ ਹੈ। ਬੇਦੀ ਸਰ ਨੇ ਕ੍ਰਿਕਟ ਦੇ ਇਕ ਯੁੱਗ ਨੂੰ ਪਰਿਭਾਸ਼ਿਤ ਕੀਤਾ ਅਤੇ ਇਕ ਸਪਿਨ ਗੇਂਦਬਾਜ਼ ਵਜੋਂ ਆਪਣੀ ਕਲਾ ਨਾਲ ਖੇਡ 'ਤੇ ਅਮਿੱਟ ਛਾਪ ਛੱਡੀ।

 ਪਾਕਿਸਤਾਨ ਦੇ ਸਾਬਕਾ ਕਪਤਾਨ ਇੰਤਖਾਬ ਆਲਮ ਨੇ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਹੱਦ ਪਾਰ ਆਪਣਾ ਸਭ ਤੋਂ ਨਜ਼ਦੀਕੀ ਦੋਸਤ ਗੁਆ ਦਿੱਤਾ ਹੈ। 

ਸਾਬਕਾ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਸੰਜੇ ਦੱਤ ਅਤੇ ਸੁਨੀਲ ਸ਼ੈਟੀ ਨੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੁਨੀਆ ਨੂੰ 'ਖੇਡਾਂ ਅਤੇ ਜੀਵਨ' ਬਾਰੇ ਸਿਖਾਉਣ ਬਾਰੇ ਉਨ੍ਹਾਂ ਨੂੰ ਯਾਦ ਕੀਤਾ। 

ਫਿਲਮੀ ਸਟਾਰ ਸ਼ਾਹਰੁਖ ਖ਼ਾਨ ਨੇ ਐਕਸ 'ਤੇ ਪਾਏ ਸੰਦੇਸ਼ ਵਿਚ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸਾਨੂੰ 'ਖੇਡ ਅਤੇ ਦੁਨੀਆ' ਬਾਰੇ ਐਨਾ ਕੁਝ ਸਿਖਾਉਣ ਲਈ ਉਨ੍ਹਾਂ ਦਾ ਧੰਨਵਾਦ। ਸੁਨੀਲ ਸ਼ੈਟੀ ਨੇ ਕਿਹਾ ਕਿ ਉਹ ਬੇਦੀ ਵਰਗੇ ਸੱਚੇ ਉਸਤਾਦ ਦੇ ਚਲੇ ਜਾਣ 'ਤੇ ਬਹੁਤ ਦੁਖੀ ਹਨ। ਸੰਜੇ ਦੱਤ ਨੇ ਕਿਹਾ ਕਿ ਉਹ ਖੇਡ ਦੇ ਸੱਚੇ ਉਸਤਾਦ ਸਨ ਅਤੇ ਕਈ ਲੋਕਾਂ ਲਈ ਪ੍ਰੇਰਨਾ ਸਨ।

ਬਿਸ਼ਨ ਸਿੰਘ ਬੇਦੀ ਨੇ ਕੱਪੜੇ ਧੋ ਕੇ ਸਪਿੰਨ ਗੇਂਦਬਾਜ਼ੀ ਸਿੱਖੀ

ਤੁਹਾਨੂੰ ਜਾਣ ਕੇ ਹੈਰਾਨੀ  ਹੋਵੇਗੀ ਸਪਿੰਨ ਦੇ ਇਸ ਜਾਦੂਗਰ ਬਿਸ਼ਨ ਸਿੰਘ ਬੇਦੀ ਨੇ ਕੱਪੜੇ ਧੋ ਕੇ ਸਪਿੰਨ ਗੇਂਦਬਾਜ਼ੀ ਦੀ ਕਲਾ ਸਿੱਖੀ ਸੀ । 12 ਸਾਲ ਤੱਕ ਟੀਮ ਇੰਡੀਆ ਤੋਂ ਖੇਡਣ ਵਾਲੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਇੱਕ ਵਾਰ ਦੱਸਿਆ ਸੀ ਕਿ ਉਨ੍ਹਾਂ ਦੀ ਗੇਂਦਬਾਜ਼ੀ ਦੀ ਤਾਕਤ ਉਂਗਲੀਆਂ ਸਨ । ਉਹ ਇਸ ਨੂੰ ਮਜ਼ਬੂਤ ਕਰਨ ਲਈ  ਅਤੇ ਹੱਥ ਨੂੰ ਫਲੈਕਸੀਬਲ ਬਣਾਉਣ ਲਈ ਆਪਣੇ ਕੱਪੜੇ ਆਪ ਧੋਂਦੇ ਸਨ ।

ਦੋ ਵਿਆਹ ਕਰਵਾਏ

ਬਿਸ਼ਨ ਸਿੰਘ ਬੇਦੀ ਦੇ  2 ਵਿਆਹ ਕਰਾਏ ਸਨ  ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਗਲੇਨਿਥ ਸੀ ਜੋ ਆਸਟ੍ਰੇਲੀਆ ਦੀ ਨਾਗਰਿਕ ਸੀ ।  ਬਿਸ਼ਨ ਸਿੰਘ ਬੇਦੀ ਦੀ ਗਲੇਥਿਨ ਨਾਲ ਮੁਲਾਕਾਤ ਆਸਟ੍ਰੇਲੀਆ ਵਿੱਚ ਹੋਈ ਸੀ ।  ਦੋਵਾਂ ਵਿੱਚ ਪਿਆਰ ਹੋਇਆ ਅਤੇ ਫਿਰ ਵਿਆਹ ਵੀ ਹੋ ਗਿਆ । ਜਦੋਂ ਗਲੇਨਿਥ ਨੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ  ਤਾਂ ਬੇਦੀ ਨੇ ਉਸ ਦਾ ਨਾਂ ਸੁਨੀਲ ਗਵਾਸਕਰ ਦੇ ਸਰਨੇਮ ਗਾਵਸ ਇੰਦਰ ਸਿੰਘ ਰੱਖਿਆ । ਦਰਅਸਲ ਸੁਨੀਲ ਗਵਾਸਕਰ ਨੇ ਵੈਸਟਇੰਡੀਜ਼ ਦੇ ਖਿਲਾਫ ਡੈਬਿਊ ਸੀਰੀਜ਼  ਵਿੱਚ  774 ਦੌੜਾਂ ਬਣਾਈਆਂ ਸੀ । ਗਵਾਸਕਰ ਦੀ  ਫਾਰਮ ਵੇਖ ਕੇ ਬੇਦੀ ਨੇ ਇਹ ਫੈਸਲਾ ਲਿਆ ਸੀ । ਗੇਲਥਿਨ ਤੋਂ ਬਿਸ਼ਨ ਬੇਦੀ ਦੀ ਇੱਕ ਧੀ ਸੀ । ਦੂਜੀ ਪਤਨੀ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਂ ਅੰਗਦ ਬੇਦੀ ਹੈ ਅਤੇ ਉਹ ਬਾਵੀਵੁੱਡ ਵਿੱਚ ਅਦਾਕਾਰੀ ਕਰਦਾ ਹੈ । 3 ਸਾਲ ਪਹਿਲਾਂ ਪੁੱਤਰ ਦਾ ਵਿਆਹ ਅਦਾਕਾਰਾ ਨੇਹਾ ਦੂਪਿਆ ਨਾਲ ਹੋਇਆ ਸੀ ।