ਸਿਲੀਕਾਨ ਵੈਲੀ ਤੋਂ ਕਾਂਗਰਸਮੈਨ ਰੋ ਖੰਨਾ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ "ਸਾਕਾ ਨਕੋਦਰ ਦਿਹਾੜਾ" ਵਜੋਂ ਖ਼ਾਸ ਕਾਂਗਰੇਸ਼ਨਲ ਮਾਣਤਾ ਪੱਤਰ ਜਾਰੀ !

ਸਿਲੀਕਾਨ ਵੈਲੀ ਤੋਂ ਕਾਂਗਰਸਮੈਨ ਰੋ ਖੰਨਾ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ: ਸਿਲੀਕਾਨ ਵੈਲੀ ਤੋਂ ਕਾਂਗਰਸਮੈਨ ਰੋ ਖੰਨਾ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ "ਸਾਕਾ ਨਕੋਦਰ ਦਿਹਾੜਾ" ਵਜੋਂ ਖ਼ਾਸ ਕਾਂਗਰੇਸ਼ਨਲ ਮਾਣਤਾ ਪੱਤਰ ਜਾਰੀ ਕੀਤਾ ਗਿਆ ਹੈ । ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਪਿਤਾ, ਬਾਪੂ ਬਲਦੇਵ ਸਿੰਘ ਜੀ ਨੇ ਕਾਂਗਰਸਮੈਨ ਰੋ ਖੰਨਾ ਜੀ ਦਾ ਇਸ ਖ਼ਾਸ ਕਾਂਗਰੇਸ਼ਨਲ ਮਾਣਤਾ ਪੱਤਰ ਜਾਰੀ ਕਰਨ ਅਤੇ ਸਾਕਾ ਨਕੋਦਰ ਦੀ 36 ਸਾਲਾਂ ਦੀ ਨਾ ਇਨਸਾਫੀ ਲਈ ਪੀੜਤ ਪਰਿਵਾਰਾਂ ਦੀ ਅਵਾਜ਼ ਯੂ ਐੱਸ ਕਾਂਗਰਸ ਵਿੱਚ ਉਠਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਬਾਪੂ ਬਲਦੇਵ ਸਿੰਘ ਜੀ ਦੇ ਛੋਟੇ ਪੁੱਤਰ ਡਾ. ਹਰਿੰਦਰ ਸਿੰਘ ਨੇ ਕਾਂਗਰਸਮੈਨ  ਰੋ ਖੰਨਾ ਦੇ ਦਫ਼ਤਰ ਤੋਂ 4 ਫ਼ਰਵਰੀ "ਸਾਕਾ ਨਕੋਦਰ ਦਿਹਾੜਾ" ਦੀ ਖ਼ਾਸ ਕਾਂਗਰੇਸ਼ਨਲ ਮਾਣਤਾ ਪੱਤਰ ਪ੍ਰਾਪਤ ਕੀਤਾ।

ਜ਼ਿਕਰਯੋਗ ਹੈ ਕਿ ਨਕੋਦਰ ਵਿੱਚ 2 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਕੋਦਰ ’ਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤੇ ਸਨ। 4 ਫਰਵਰੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ ਪ੍ਰਗਟਾਉਂਦੀ ਸੰਗਤ ਤੇ ਪੰਜਾਬ ਪੁਲੀਸ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪਰ, ਭਾਈ ਬਲਧੀਰ ਸਿੰਘ ਰਾਮਗੜ੍ਹ, ਅਤੇ ਭਾਈ ਝਿਲਮਣ ਸਿੰਘ ਗੋਰਸੀਆਂ ਸ਼ਹੀਦ ਹੋ ਗਏ ਸਨ।ਸਾਕਾ ਨਕੋਦਰ ਨੂੰ 36 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਪੀੜਤ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ।  ਇਸ ਘਟਨਾ ਦੌਰਾਨ ਚਾਰ ਸਿੱਖ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ।  ਇਨ੍ਹਾਂ ਚਾਰ ਸਿੱਖ ਨੌਜਵਾਨਾਂ ਵਿੱਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੂੰ ਛੱਡ ਕਿ ਬਾਕੀ ਤਿੰਨ ਨੌਜਵਾਨਾਂ ਦੇ ਮਾਪੇ ਇਸ ਫ਼ਾਨੀ ਦੁਨੀਆ ਤੋਂ ਜਾ ਚੁੱਕੇ ਹਨ। ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਪਿਤਾ ਬਲਦੇਵ ਸਿੰਘ ਪਿਛਲੇ 36 ਸਾਲਾਂ ਤੋਂ ਸਾਕਾ ਨਕੋਦਰ ਦੇ ਇਨਸਾਫ਼ ਲਈ ਲੜਾਈ ਲੜ ਰਹੇ ਹਨ।