ਕੈਲੀਫ਼ੋਰਨੀਆ ਦੇ ਸ਼ਹਿਰ ਇਲਕ ਗਰੋਵ ਦੀ ਮੇਅਰ, ਬੌਬੀ ਸਿੰਘ-ਐਲਨ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ "ਸਾਕਾ ਨਕੋਦਰ ਦਿਹਾੜਾ" ਵਜੋਂ ਮਾਣਤਾ !

ਕੈਲੀਫ਼ੋਰਨੀਆ ਦੇ ਸ਼ਹਿਰ ਇਲਕ ਗਰੋਵ ਦੀ ਮੇਅਰ, ਬੌਬੀ ਸਿੰਘ-ਐਲਨ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ

ਅੰਮ੍ਰਿਤਸਰ ਟਾਈਮਜ਼

ਇਲਕ ਗਰੋਵ - ਕੈਲੀਫ਼ੋਰਨੀਆ ਦੇ ਸ਼ਹਿਰ ਇਲਕ ਗਰੋਵ ਦੀ ਮੇਅਰ, ਬੌਬੀ ਸਿੰਘ-ਐਲਨ ਵਲੋਂ ਸਿਟੀ ਚੈਂਬਰਜ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ "ਸਾਕਾ ਨਕੋਦਰ ਦਿਹਾੜਾ" ਵਜੋਂ ਮਾਣਤਾ ਦਿੱਤੀ ! ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਨੇ ਮੇਅਰ ਤੋਂ 4 ਫ਼ਰਵਰੀ "ਸਾਕਾ ਨਕੋਦਰ ਦਿਹਾੜਾ" ਦੀ ਮਾਣਤਾ ਪ੍ਰਾਪਤ ਕੀਤੀ ।  ਇਸ ਸਮੇਂ ਸਥਾਨਿਕ ਸ਼ਖਸ਼ੀਅਤਾਂ ਵਿੱਚੋਂ ਸ਼ਹਿਰ ਦੇ ਕਮਿਸ਼ਨਰ ਗੁਰਪ੍ਰਤਾਪ ਸਿੰਘ ਰੰਧਾਵਾ, ਸ. ਹਰਦੀਪ ਸਿੰਘ ਹੇਅਰ, ਜੱਸੀ ਸ਼ੇਰਗਿੱਲ, ਮਨਜੀਤ ਸਿੰਘ ਢਿੱਲੋਂ, ਲਾਲ ਸਿੱਧੂ, ਪਰਮਜੀਤ ਖੈਰਾ, ਗੁਰਦੀਪ ਗਿੱਲ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ । ਡਾ ਪ੍ਰਿਤਪਾਲ ਸਿੰਘ ਜੀ ਦਾ ਸਾਕਾ ਨਕੋਦਰ ਦੀ ਦਾਸਤਾਨ ਨੂੰ ਮੇਅਰ, ਬੌਬੀ ਸਿੰਘ-ਐਲਨ ਦੇ ਧਿਆਨ ਵਿੱਚ ਲਿਆਉਣ ਲਈ ਧੰਨਵਾਦ ਕੀਤਾ ਗਿਆ।  

ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਸ਼ਹਿਰਾਂ ਸੈਨ ਹੋਜੇ, ਸੈਂਟਾ ਕਲਾਰਾ, ਮਨਟੀਕਾ, ਮਿਲਪੀਟਸ, ਲੈਥਰੋਪ, ਸਟਾਕਟਨ, ਕਰਮਨ, ਕਨੇਕਟੀਕਟ ਸੂਬੇ ਦੇ ਸ਼ਹਿਰ ਨੋਰਵਿਚ, ਮੈਸਾਚੂਸਟ ਸੂਬੇ ਦੇ ਸ਼ਹਿਰ ਹੋਲੀਓਕ, ਕੈਲੀਫੋਰਨੀਆ ਦੀ ਕੋਂਟੀ ਮੋਡੈਸਟੋ ਦੇ ਸੁਪਰਵਾਈਜ਼ਰ ਮਨੀ ਗਰੇਵਾਲ, ਸੇਨ ਵਾਕੀਨ ਕੋਂਟੀ ਦੇ ਸੁਪਰਵਾਈਜ਼ਰ ਮਿਗਉਲ ਵਿਲਾਪਡੂਆ, ਬੇ ਏਰੀਏ ਦੀ ਸਭ ਤੋਂ ਵੱਡੀ ਸੈਂਟਾ ਕਲਾਰਾ ਕੋਂਟੀ ਦੇ ਪੰਜੇ ਸੁਪਰਵਾਈਜ਼ਰਾਂ ਵਲੋਂ ਸਰਬਸੰਮਤੀ ਨਾਲ, ਕੈਲੀਫੋਰਨੀਆ ਦੇ ਅਸੇਂਬਲੀ ਮੈਂਬਰਾਂ ਕਾਰਲੋਸ ਵਿਲਾਪਡੂਆ, ਐਸ਼ ਕਾਲੜਾ, ਐਲੇਕਸ ਲੀ, ਸੈਨੇਟਰ ਡੇਵ ਕੋਰਟੀਜ ਅਤੇ ਕਾਂਗਰਸਮੈਨ ਰੋ ਖੰਨਾ 4 ਫ਼ਰਵਰੀ ਨੂੰ "ਸਾਕਾ ਨਕੋਦਰ ਦਿਹਾੜਾ" ਵਜੋਂ ਮਾਣਤਾ ਦੇ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਨਕੋਦਰ ਵਿੱਚ 2 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਕੋਦਰ ਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤੇ ਸਨ। 4 ਫਰਵਰੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ ਪ੍ਰਗਟਾਉਂਦੀ ਸੰਗਤ ਤੇ ਪੰਜਾਬ ਪੁਲੀਸ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਹਰਮਿੰਦਰ ਸਿੰਘ ਚਲੂਪਰ ਅਤੇ ਭਾਈ ਝਿਲਮਣ ਸਿੰਘ ਗੌਰਸੀਆਂ ਸ਼ਹੀਦ ਹੋ ਗਏ ਸਨ। ਸਾਕਾ ਨਕੋਦਰ ਨੂੰ 36 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਪੀੜਤ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ। ਇਸ ਘਟਨਾ ਦੌਰਾਨ ਚਾਰ ਸਿੱਖ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ। ਇਨ੍ਹਾਂ ਚਾਰ ਸਿੱਖ ਨੌਜਵਾਨਾਂ ਵਿੱਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੂੰ ਛੱਡ ਕਿ ਬਾਕੀ ਤਿੰਨ ਨੌਜਵਾਨਾਂ ਦੇ ਮਾਪੇ ਇਸ ਫ਼ਾਨੀ ਦੁਨੀਆ ਤੋਂ ਜਾ ਚੁੱਕੇ ਹਨ। ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਪਿਤਾ ਬਲਦੇਵ ਸਿੰਘ ਪਿਛਲੇ 36 ਸਾਲਾਂ ਤੋਂ ਸਾਕਾ ਨਕੋਦਰ ਦੇ ਇਨਸਾਫ਼ ਲਈ ਮੰਗ ਕਰਦੇ ਰਹੇ ਹਨ।

ਹੁਣ ਅਮਰੀਕਾ ਦੀ ਕਾਂਗਰਸ-ਵੁਮੈਨ ਜ਼ੋਈ ਲੋਫਗਰਿਨ ਤੇ ਅੰਨਾ ਜੀ. ਈਸ਼ੋ ਵਲੋਂ ਬਲਦੇਵ ਸਿੰਘ ਦੀ ਦਰਦ ਕਹਾਣੀ ਸੁਣਕੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ ਦੇਣ ਲਈ ਮਤਾ ਨੰਬਰ 908 ਯੂ ਐੱਸ ਹਾਊਸ ਆਫ ਰਿਪ੍ਰੇਜ਼ੇਂਟੇਟਿਵਜ ਵਿੱਚ 4 ਫ਼ਰਵਰੀ 2022 ਨੂੰ ਦਰਜ਼ ਹੋਣ ਤੋਂ ਬਾਅਦ ਸਾਕਾ ਨਕੋਦਰ ਦੀ 36 ਸਾਲਾਂ ਦੀ ਨਾ ਇਨਸਾਫੀ ਦਾ ਮੁੱਦਾ ਫੇਰ ਭਖ ਗਿਆ ਹੈ। ਹੁਣ ਇਹ ਮਤਾ 'ਸਾਕਾ ਨਕੋਦਰ ਦਿਵਸ' ਵਜੋਂ ਮਾਨਤਾ ਦੇਣ ਵਾਲੀ ਕਮੇਟੀ ਆਨ ਓਵਰਸਾਈਟ ਐਂਡ ਰਿਫਾਰਮ ਰੈਜ਼ੋਲੂਸ਼ਨ ਕੋਲ ਪਹੁੰਚ ਗਿਆ ਹੈ |