ਡੋਨਬਾਸ ਵਿੱਚ ਫ਼ੈਸਲਾਕੁਲ ਸਾਬਿਤ ਹੋ ਸਕਦੀ ਹੈ ਰੂਸ ਤੇ ਯੂਕਰੇਨ ਵਿਚਾਲੇ ਜੰਗ
*ਰੂਸ ਵੱਲੋਂ ਅਮਰੀਕੀ ਤੇ ਯੂਰੋਪੀ ਹਥਿਆਰ ਨਸ਼ਟ ਕਰਨ ਦਾ ਦਾਅਵਾ
*ਯੂਕਰੇਨ ਵੱਲੋਂ ਦੋਨੇਤਸਕ ਦੇ ਬਾਜ਼ਾਰ ਵਿੱਚ ਹਮਲਾ, ਤਿੰਨ ਹਲਾਕ
ਅੰਮ੍ਰਿਤਸਰ ਟਾਈਮਜ਼
ਕੀਵ:ਰੂਸ ਵੱਲੋਂ ਯੂਕਰੇਨ ਦੇ ਡੋਨਬਾਸ ਖ਼ਿੱਤੇ ਵਿਚ ਜ਼ੋਰਦਾਰ ਬੰਬਾਰੀ ਅਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਸਨਅਤੀ ਕੇਂਦਰ ਵਜੋਂ ਜਾਣੇ ਡੋਨਬਾਸ ਖ਼ਿੱਤੇ ’ਤੇ ਕਬਜ਼ੇ ਲਈ ਉਹ ਹੌਲੀ ਪਰ ਪੱਕੇ ਪੈਰੀਂ ਅੱਗੇ ਵਧ ਰਿਹਾ ਹੈ। ਯੂਕਰੇਨ ਵਿਚ ਜੰਗ ਨੂੰ ਚਾਰ ਮਹੀਨੇ ਹੋ ਗਏ ਹਨ ਅਤੇ ਹੁਣ ਜੇਕਰ ਡੋਨਬਾਸ ’ਤੇ ਰੂਸ ਦਾ ਕਬਜ਼ਾ ਹੋ ਗਿਆ ਤਾਂ ਪੂਰੀ ਜੰਗ ਦਾ ਮੁਹਾਂਦਰਾ ਬਦਲ ਜਾਵੇਗਾ। ਖ਼ਿੱਤੇ ਨੂੰ ਯੂਕਰੇਨ ਤੋਂ ਵੱਖ ਕਰਾਉਣ ਲਈ ਰੂਸ ਨੇ ਨਵੇਂ ਸਿਰੇ ਤੋਂ ਰਣਨੀਤੀ ਬਣਾਈ ਹੈ। ਰੂਸ ਦੇ ਡੋਨਬਾਸ ਵਿਚ ਜੰਗ ਜਿੱਤਣ ਨਾਲ ਯੂਕਰੇਨ ਦੇ ਹੱਥੋਂ ਨਾ ਸਿਰਫ਼ ਆਪਣੀ ਜ਼ਮੀਨ ਖੁੱਸ ਜਾਵੇਗੀ ਸਗੋਂ ਉਸ ਦੀ ਫ਼ੌਜ ਨੂੰ ਵੀ ਢਾਹ ਲੱਗੇਗੀ ਅਤੇ ਮਾਸਕੋ, ਕੀਵ ’ਤੇ ਆਪਣਾ ਦਬਦਬਾ ਬਣਾਉਣ ਵਿਚ ਕਾਮਯਾਬ ਹੋ ਜਾਵੇਗਾ। ਪਰ ਕਿਤੇ ਜੇਕਰ ਰੂਸ ਨਾਕਾਮ ਰਿਹਾ ਤਾਂ ਯੂਕਰੇਨ ਨੂੰ ਜਵਾਬੀ ਹਮਲਾ ਕਰਨ ਦਾ ਮੌਕਾ ਮਿਲ ਜਾਵੇਗਾ ਅਤੇ ਸੰਭਾਵਨਾ ਹੈ ਕਿ ਉਹ ਸਿਆਸੀ ਤੌਰ ’ਤੇ ਉਸ ਦੀ ਪਿੱਠ ਵੀ ਲੁਆ ਦੇਵੇ। ਰੂਸ ਵੱਲੋਂ ਜੰਗ ਦੀ ਸ਼ੁਰੂਆਤ ’ਚ ਕੀਵ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਤੇ ਕਬਜ਼ੇ ਦੀ ਕੋਸ਼ਿਸ਼ ਨਾਕਾਮ ਰਹਿਣ ਮਗਰੋਂ ਉਸ ਨੇ ਆਪਣਾ ਧਿਆਨ ਡੋਨਬਾਸ ਵੱਲ ਕੀਤਾ ਹੋਇਆ ਹੈ ਜਿਥੇ ਮਾਸਕੋ ਸਮਰਥਿਤ ਵੱਖਵਾਦੀ 2014 ਤੋਂ ਯੂਕਰੇਨੀ ਫ਼ੌਜ ਨਾਲ ਲੋਹਾ ਲੈ ਰਹੇ ਹਨ। ਇਹ ਖ਼ਿੱਤਾ ਖਾਣਾਂ ਅਤੇ ਫੈਕਟਰੀਆਂ ਲਈ ਜਾਣਿਆ ਜਾਂਦਾ ਹੈ। ਆਪਣੀਆਂ ਪਹਿਲੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਹੁਣ ਰੂਸ ਵੱਲੋਂ ਯੂਕਰੇਨੀ ਫ਼ੌਜ ਦੇ ਟਿਕਾਣਿਆਂ ’ਤੇ ਲੰਬੀ ਦੂਰੀ ਤੋਂ ਬੰਬਾਰੀ ਕੀਤੀ ਜਾ ਰਹੀ ਹੈ। ਡੋਨਬਾਸ ’ਚ ਪੈਂਦੇ ਲੁਹਾਂਸਕ ’ਚ ਰੂਸ ਨੇ 95 ਫ਼ੀਸਦੀ ਅਤੇ ਦੋਨੇਤਸਕ ਖ਼ਿੱਤੇ ਦੇ ਕਰੀਬ ਅੱਧੇ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ।
ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਯੂਕਰੇਨ ਦੇ ਪੂਰਬੀ ਡੋਨਬਾਸ ਖ਼ਿੱਤੇ ’ਵਿਚ ਵੱਡੀ ਗਿਣਤੀ ਵਿਚ ਹਥਿਆਰ ਅਤੇ ਫ਼ੌਜੀ ਸਾਜ਼ੋ-ਸਾਮਾਨ ਨਸ਼ਟ ਕੀਤਾ ਹੈ। ਮੰਤਰਾਲੇ ਮੁਤਾਬਕ ਇਨ੍ਹਾਂ ਵਿਚ ਅਮਰੀਕਾ ਅਤੇ ਯੂਰੋਪੀਅਨ ਮੁਲਕਾਂ ਵੱਲੋਂ ਭੇਜੇ ਗਏ ਹਥਿਆਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਡਾਸ਼ਨੇ ਰੇਲਵੇ ਸਟੇਸ਼ਨ ਨੇੜੇ ਰੂਸੀ ਮਿਜ਼ਾਈਲਾਂ ਦੇ ਹਮਲੇ ਵਿਚ ਹਥਿਆਰ ਤੇ ਹੋਰ ਸਾਮਾਨ ਤਬਾਹ ਕਰ ਦਿੱਤਾ ਗਿਆ ਜੋ ਯੂਕਰੇਨੀ ਫ਼ੌਜ ਨੂੰ ਸਪਲਾਈ ਕੀਤਾ ਗਿਆ ਸੀ।
ਯੂਕਰੇਨੀ ਤੋਪਾਂ ਵੱਲੋਂ ਰੂਸੀ ਸਮਰਥਿਤ ਵੱਖਵਾਦੀ ਖ਼ਿੱਤੇ ਦੋਨੇਤਸਕ ਦੇ ਇਕ ਬਾਜ਼ਾਰ ’ਚ ਦਾਗ਼ੇ ਗੋਲਿਆਂ ਦੌਰਾਨ ਇਕ ਬੱਚੇ ਸਮੇਤ ਤਿੰਨ ਵਿਅਕਤੀ ਮਾਰੇ ਗਏ ਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਦੋਨੇਤਸਕ ਖ਼ਬਰ ਏਜੰਸੀ ਨੇ ਸੈਂਟਰਲ ਮੈਸਕਾਈ ਮਾਰਕੀਟ ’ਚ ਸਟਾਲਾਂ ਨੂੰ ਅੱਗ ਲੱਗੇ ਹੋਣ ਦੀਆਂ ਤਸਵੀਰਾਂ ਦਿਖਾਈਆਂ ਹਨ। ਨਾਟੋ ਦੀਆਂ 155 ਐੱਮਐੱਮ ਤੋਪਾਂ ਨੇ ਖਿੱਤੇ ਦੇ ਕਈ ਹਿੱਸਿਆਂ ’ਚ ਗੋਲੇ ਦਾਗ਼ੇੇ।
Comments (0)