ਭਾਰਤੀ ਫੌਜ ਵੱਲੋਂ ਕਸ਼ਮੀਰੀ ਖਾੜਕੂ ਆਗੂ ਰਿਆਜ਼ ਨਾਇਕੂ ਨੂੰ ਮੁਕਾਬਲੇ 'ਚ ਮਾਰਨ ਦਾ ਦਾਅਵਾ

ਭਾਰਤੀ ਫੌਜ ਵੱਲੋਂ ਕਸ਼ਮੀਰੀ ਖਾੜਕੂ ਆਗੂ ਰਿਆਜ਼ ਨਾਇਕੂ ਨੂੰ ਮੁਕਾਬਲੇ 'ਚ ਮਾਰਨ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਸ਼ਮੀਰ ਵਿਚ ਭਾਰਤ ਨਾਲ ਹਥਿਆਰਬੰਦ ਲੜਾਈ ਲੜਦੀ ਸਭ ਤੋਂ ਵੱਡੀ ਧਿਰ ਹਿਜ਼ਬੁਲ ਮੁਜ਼ਾਹਿਦੀਨ ਦੇ ਮੁੱਖ ਕਮਾਂਡਰ ਰਿਆਜ਼ ਨਾਇਕੂ ਦੇ ਅੱਜ ਭਾਰਤੀ ਫੌਜੀਆਂ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਜਾਣ ਦੀ ਖਬਰ ਹੈ। ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਅਵੰਤੀਪੁਰਾ ਇਲਾਕੇ ਵਿਚ ਹੋਇਆ। ਇਸ ਦੌਰਾਨ ਇਕ ਹੋਰ ਕਸ਼ਮੀਰੀ ਖਾੜਕੂ ਵੀ ਨਾਇਕੂ ਨਾਲ ਮਰਿਆ ਦੱਸਿਆ ਜਾ ਰਿਹਾ ਹੈ। 

ਪ੍ਰਾਪਤ ਜਾਣਕਾਰੀ ਮੁਤਾਬਕ ਨਾਇਕੂ ਉਰਫ ਮੋਹੱਮਦ ਬਿਨ ਕਾਸਿਮ ਪੁਲਵਾਮਾ ਜ਼ਿਲ੍ਹੇ ਵਿਚ ਆਪਣੇ ਪਿੰਡ ਬੇਗਪੁਰਾ ਆਇਆ ਹੋਇਆ ਸੀ। ਕਿਸੇ ਵੱਲੋਂ ਇਸ ਦੀ ਮੁਖਬਰੀ ਭਾਰਤੀ ਏਜੰਸੀਆਂ ਨੂੰ ਕਰ ਦਿੱਤੀ ਗਈ ਤੇ ਭਾਰਤੀ ਫੌਜ ਨੇ ਬੀਤੀ ਰਾਤ ਪਿੰਡ ਦੀ ਘੇਰਾਬੰਦੀ ਕਰ ਲਈ ਸੀ। 

ਮੁਕਾਬਲੇ ਤੋਂ ਪਹਿਲਾਂ ਹੀ ਇਲਾਕੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਫੌਜ ਨੇ ਪਿੰਡ ਦੇ ਘਰ-ਘਰ ਤਲਾਸ਼ੀ ਕੀਤੀ। 

ਕੌਣ ਹੈ ਰਿਆਜ਼ ਨਾਇਕੂ?
2017 ਵਿਚ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਮੋਹੱਮਦ ਯਾਸਿਨ ਇਟੂ ਦੀ ਮੌਤ ਮਗਰੋਂ ਰਿਆਜ਼ ਨਾਇਕੂ ਨੂੰ ਹਿਜ਼ਬੁਲ ਦਾ ਮੁੱਖ ਕਮਾਂਡਰ ਬਣਾ ਦਿੱਤਾ ਗਿਆ ਸੀ। 35 ਸਾਲਾ ਰਿਆਜ਼ ਨਾਇਕੂ ਖਾੜਕੂ ਬਣਨ ਤੋਂ ਪਹਿਲਾਂ ਹਿਸਾਬ ਦਾ ਅਧਿਆਪਕ ਸੀ। ਉਸ ਦੇ ਸਿਰ 'ਤੇ ਭਾਰਤ ਸਰਕਾਰ ਨੇ 12 ਲੱਖ ਦਾ ਇਨਾਮ ਰੱਖਿਆ ਹੋਇਆ ਸੀ। 

ਰਿਆਜ਼ ਨਾਇਕੂ ਭਾਰਤ ਲਈ ਕਸ਼ਮੀਰ ਵਿਚ ਵੱਡਾ ਸਿਰਦਰਦ ਬਣਿਆ ਹੋਇਆ ਸੀ। 2016 ਵਿਚ ਬੁਰਹਾਨ ਵਾਨੀ ਦੀ ਮੌਤ ਮਗਰੋਂ ਰਿਆਜ਼ ਨਾਇਕੂ ਨੇ ਕਸ਼ਮੀਰ ਦੇ ਸਥਾਨਕ ਖਾੜਕੂਆਂ ਦੀ ਅਗਵਾਈ ਸਾਂਭ ਲਈ ਸੀ। ਉਹ ਪੜ੍ਹਿਆ ਲਿਖਿਆ ਅਤੇ ਅੱਜ ਕੱਲ੍ਹ ਦੀ ਟੈਕਨੋਲਜੀ ਨੂੰ ਚੰਗੀ ਤਰ੍ਹਾਂ ਵਰਤਣ ਕਾਰਨ ਵੱਡੀ ਗਿਣਤੀ 'ਚ ਨਵੇਂ ਮੁੰਡਿਆਂ ਨੂੰ ਲਹਿਰ ਨਾਲ ਜੋੜ ਰਿਹਾ ਸੀ। 

ਇਸ ਤੋਂ ਪਹਿਲਾਂ ਵੀ ਭਾਰਤੀ ਫੌਜ ਨਾਲ ਕਈ ਮੁਕਾਬਲਿਆਂ 'ਚ ਉਹ ਘੇਰਾ ਤੋੜ ਕੇ ਫਰਾਰ ਹੋਣ ਵਿਚ ਕਾਮਯਾਬ ਹੁੰਦਾ ਰਿਹਾ ਸੀ। ਨਾਇਕੂ ਨੇ 2017 ਵਿਚ ਵੀਡੀਓ ਸੁਨੇਹੇ ਰਾਹੀਂ ਕਿਹਾ ਸੀ ਕਿ ਕਸ਼ਮੀਰੀ ਖਾੜਕੂ ਕਸ਼ਮੀਰੀ ਪੰਡਿਤਾਂ ਦੀ ਕਸ਼ਮੀਰ ਵਾਪਸੀ ਦਾ ਸਵਾਗਤ ਕਰਨਗੇ ਤੇ ਉਹਨਾਂ ਨਾਲ ਕਸ਼ਮੀਰੀ ਖਾੜਕੂਆਂ ਦੀ ਕੋਈ ਦੁਸ਼ਮਣੀ ਨਹੀਂ ਹੈ। 

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।