ਔਰਤ ਦੇ ਅਧਿਕਾਰ ਅਤੇ ਸਨਮਾਨ ਦਾ ਪ੍ਰਸ਼ਨ ਅਤੇ ਮੇਰਾ ਸਮਕਾਲ 

ਔਰਤ ਦੇ ਅਧਿਕਾਰ ਅਤੇ ਸਨਮਾਨ ਦਾ ਪ੍ਰਸ਼ਨ ਅਤੇ ਮੇਰਾ ਸਮਕਾਲ 

 ‘ਔਰਤ ਦੇ ਅਧਿਕਾਰ ਅਤੇ ਸਨਮਾਨ’ ਦਾ ਪ੍ਰਸ਼ਨ ਜਿਥੇ ਬੇਹੱਦ ਜਟਿਲ, ਗੰਭੀਰ ਤੇ ਜੋਖਮ ਭਰਿਆ ਹੈ ਤੇ ਉਥੇ ਨਾਲ ਦੀ ਨਾਲ ਇਸਦੀ ਵਿਆਖਿਆ ਕਰਕੇ ਇਸ ਦੀ ਥਾਹ ਪਾ ਲੈਣਾ ਕਿਸੇ ਵੀ ਤਰ੍ਹਾਂ ਸਹਿਜ ਨਹੀਂ ਹੈ।

ਇਸ ਸੰਸਾਰ ਦੀ ਰਚਨਾ ਤੋਂ ਲੈ ਮੇਰੇ ਸਮਕਾਲ ਤੱਕ ‘ਔਰਤ ਦੇ ਅਧਿਕਾਰ ਅਤੇ ਸਨਮਾਨ’ ਦਾ ਪ੍ਰਸ਼ਨ ਕਿੰਤੂਆਂ, ਪ੍ਰੰਤੂਆਂ ਦਾ ਸ਼ਿਕਾਰ ਹੈ ਅਤੇ ਜਿਸ ਤਰ੍ਹਾਂ ਦੇ ਬਿਰਤਾਂਤ ਸਿਰਜੇ ਜਾ ਰਹੇ ਹਨ ਨੇੜੇ ਭਵਿੱਖ ਵਿੱਚ ਵੀ ਕੁਝ ਸੁਧਰਦਾ ਨਜ਼ਰ ਨਹੀਂ ਆਉਂਦਾ ਜਦ ਸਮਾਧਾਨ ਨਜ਼ਰ ਨਾਂ ਆਵੇ, ਬੇਵਸੀ ਦਾ ਆਲਮ ਹੈ ਤੇ ਬੇਵਸੀ ਦੇ ਆਲਮ ਵਿੱਚ ਮਨੁੱਖ ਕੋਲ ਫਿਰ ਹੱਥ ਮੱਲਣ ਦੇ ਸਿਵਾਏ ਬਚਦਾ ਕੁਝ ਨਹੀਂ ਹੈ। 

ਆਪਣੇ ਇਸ ਵਿਸ਼ੇ ਨੂੰ ਲੈ ਕੇ ਮੈਂ ਧਾਰਮਿਕ ਗ੍ਰੰਥ, ਇਤਿਹਾਸਿਕ ਪੁਸਤਕਾਂ ਅਤੇ ਹੋਏ ਕੰਮਾਂ ਦੇ ਸਰਵੇਖਣ ਉਪਰੰਤ ਜੋ ਨਤੀਜੇ ਕੱਢਣ ਦਾ ਸੁਪਨਾ ਲਿਆ ਸੀ ਉਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿਵੇਂ ਪਹਿਲਾਂ ਕਿਹਾ ਗਿਆ ਹੈ ਰਸਤਾ ਬਿਖਮ ਹੈ, ਸਮੱਸਿਆਵਾਂ ਦੇ ਜੰਗਲ ਹਨ ਤੇ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਦੇ ਇਹਨਾਂ ਜੰਗਲਾਂ ਵਿੱਚ ਮੈਂ ਕਿਤੇ ਖ਼ੁਦ ਹੀ ਗੁਆਚਕੇ ਨਾ ਰਹਿ ਜਾਵਾਂ। 

 ਦੁਨੀਆਂ ਦੇ ਪ੍ਰਮੁੱਖ ਧਰਮਾਂ ਅਤੇ ਉਨਾਂ ਧਰਮਾਂ ਦੇ ਧਰਮ ਗ੍ਰੰਥਾਂ ਦੁਨੀਆਂ ਦੇ ਦਰਸ਼ਨ, (ਕਨਫਿਊਸਿਸ ਅਤੇ ਤਾਓਵਾਦ) ਅਤੇ ਦਰਸ਼ਨ ਨਾਲ ਸੰਬੰਧਤ ਗ੍ਰੰਥਾਂ ਦੇ ਪਾਠ-ਪਠਨ ਉਪਰੰਤ ਬੇਸ਼ਕ ਆਸ ਦੀ ਕੋਈ ਨਾ ਕੋਈ ਕਿਰਨ ਨਜ਼ਰ ਆਉਂਦੀ ਹੈ ਜੋ ਔਰਤ ਲਈ ਠੰਢਕ ਭਰੇ ਛਰਾਟੇ ਵਾਂਗ ਲੱਗਦੀ ਤਾਂ ਜਰੂਰ ਹੈ ਪਰ ਜਦ ਧਾਰਮਿਕ ਅਸਥਾਨਾਂ ਤੇ ਸਮਾਜ ਵਿੱਚ ਉਪਰੋਕਤ ਦਾ ਅਮਲ ਵੇਖਦੀ ਹਾਂ ਤੇ ਹੈਰਾਨੀ ਨਾਲ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ। ਫਿਰ ਆਪ ਮੁਹਾਰੇ ਆਪਣੇ ਆਪ ਨੂੰ ਹੀ ਪ੍ਰਸ਼ਨ ਕਰਨ ਲਈ ਮਜ਼ਬੂਰ ਹੋ ਜਾਂਦੀ ਹਾਂ ਕਿ ਇਹ ਕਿਉਂ? ਪਰ ਉੱਤਰ ਮੀਲਾਂ ਦੂਰ ਭਾਸਦੇ ਹਨ ਤੇ ਲੱਗਦਾ ਇਹ ਹੈ ਕਿ ਜਿਵੇਂ ਮੈਂ ਖੁਦ ਮਿਰਗ ਤ੍ਰਿਸ਼ਨਾਂ ਦੇ ਜਾਲ ਵਿੱਚ ਫਸਕੇ ਰਹਿ ਗਈ ਹੋਵਾਂ। ਸਮੱਸਿਆ ਹੈ ਕਿੱਥੇ, ਪਹਿਲਾਂ ਪ੍ਰਸ਼ਨ ਤੇ ਇਹ ਹੈ। ਸਮੱਸਿਆ ਹੈ ਕੀ ਦੂਜਾ ਪ੍ਰਸ਼ਨ ਹੈ। ਔਰਤ ਉੱਤੇ ਹੀ ਇਹ ਸਵਾਲੀਆਂ ਨਿਸ਼ਾਨ ਕਿਉਂ, ਜਦਕਿ ਸਮੁੱਚੀ ਰਚਨਾ ਇੱਕ ਵਿੱਚੋਂ ਉਪਜੀ ਦਰਸਾਈ ਹੈ। ਜੇ ਇੱਕ ਵਿੱਚੋਂ ਉਪਜੀ ਹੈ ਤੇ ਫਿਰ ਤੇ ਸਭ ਹੀ ਬਰਾਬਰ ਹਨ। ਫਿਰ ਔਰਤ ਲਈ ਇਹ ਬਰੀਕ ਬੁਨਤੀ ਵਾਲਾ ਜੰਗਲ ਕਿਉਂ ਬੁਣ ਦਿੱਤਾ ਜਿਸ ਵਿੱਚ ਉਹ ਰਚਨਾ ਕਾਲ ਤੋਂ ਲੈ ਹੁਣ ਤੱਕ ਨਿਰੰਤਰ ਉਲਝਦੀ ਤੁਰੀ ਆ ਰਹੀ ਹੈ ਅਤੇ ਨਿਕਟ ਭਵਿੱਖ ਵੀ ਬਾਹਲਾ ਚੰਗਾ ਨਜ਼ਰ ਨਹੀਂ ਆ ਰਿਹਾ। ਕੀ ਇਹ ਸਾਰਾ ਕੁਝ ਰਬ ਦੇ ਹੁਕਮ ਵਿਚੋਂ ਹੋਇਆ ਜਾਂ ਉਸੇ ਦੀ ਇਕ ਰਚਨਾ ਆਦਮ ਦੇ ਹੁਕਮ ਵਿੱਚ। ਇਸ ਦੀ ਪੁਸ਼ਟੀ ਡਾ. ਸਰਬਜਿੰਦਰ ਸਿੰਘ ਦੀ ਇਕ ਪੁਸਤਕ ਦਾ ਹਵਾਲਾ ਦੇਣਾ ਜਰੂਰੀ ਸਮਝਦੀ ਹਾਂ:

“ਦੇਵ ਭੂਮੀ ਦੇ ਸ਼ਾਂਤ ਵਾਤਾਵਰਣ ਵਿੱਚ ਇਕ ਭਿਅੰਕਰ ਸ਼ੋਰ ਗੂੰਜਿਆ, ਜਿਸ ਨੇ ਇਸ ਧਰਤਿ ਦੀ ਅੱਧੀ ਮਾਨਵ ਜਾਤਿ ਦੇ ਧੁਰ ਅੰਦਰ ਤੱਕ ਕਾਂਬਾ ਛੇੜ ਦਿੱਤਾ। ਸੁਣੋ ਸੁਣੋ ਭੱਦਰ-ਪੁਰਸ਼ੋ! ਔਰਤ ਮੋਕਸ਼ ਦੇ ਰਸਤੇ ਦਾ ਸਭ ਤੋਂ ਵੱਡਾ ਰੋੜਾ ਜੇ, ਬਚ ਕੇ ਰਹਿਓ ਇਸ ਤੋਂ! ਬਚ ਕੇ ਭਈ ਓਏ!! ਇਹ ਬੁਰਿਆਈ ਦੀ ਬਹੁਤ ਵੱਡੀ ਜੜ੍ਹ ਜੇ!!! ਇਹ ਸੁਣ ਔਰਤ ਦਾ ਸਰੀਰ ਬੇਜਾਨ ਹੋ ਗਿਆ। ਦਿਲ ਤੇ ਦਿਮਾਗ ਪਥਰਾ ਗਿਆ। ਹੈਰਾਨੀ ਨਾਲ ਅੱਖਾਂ ਅੱਡੀ ਉਸ ਆਦਮ ਜਾਤ ਵੱਲ ਵੇਖਿਆ ਤੇ ਕੁਰਲਾਈ, ਤੂੰ ਇਹ ਕੀ ਕਹਿ ਰਿਹਾ ਹੈਂ ਆਦਮ! ਤੇਰੀ ਹੋਸ਼ ਟਿਕਾਣੇ ਹੈ, ਪਾਗਲ ਤੇ ਨਹੀਂ ਹੋ ਗਿਆ ਤੂੰ? ਮੇਰੇ ਬਿਨਾਂ ਤਾਂ ਤੂੰ ਬਿਲਕੁਲ ਹੀ ਮਿੱਟੀ ਤੇ ਅਧੂਰਾ ਵੀ। ਇਹ ਸੰਸਾਰ ਵੀ ਉਜਾੜ ਬੀਆਬਾਨ ਤੇ ਸੁੰਨਸਾਨ। ਹੋਸ਼ ਕਰ ਨਹੀਂ ਤੇ ਰੱਬ ਦੀ ਮਾਰ ਪਵੇਗੀ ਤੇਰੇ ’ਤੇ। ਰੋਕ ਇਨ੍ਹਾਂ ਸ਼ੈਤਾਨ ਬਦਜਾਤਾਂ ਨੂੰ। ਕੁਦਰਤ ਦੇ ਪਵਿੱਤਰ ਵਰਤਾਰੇ ਵਿੱਚ ਖਲਲ ਪਾਉਣ ਦਾ ਇਨ੍ਹਾਂ ਨੂੰ ਕੋਈ ਅਧਿਕਾਰ ਨਹੀਂ।

 ਆਦਮ ਖਚਰੀ ਹਾਸੀ ਹੱਸਿਆ ਤੇ ਤਰਲੇ ਲੈਂਦੀ, ਫੜਫੜਾਉਂਦੀ ਰੂਹ ਨੂੰ ਅੰਦਰ ਧੱਕਦਾ ਬੋਲਿਆ, “ਸ਼ੱਕ ਨਾ ਕਰ! ਸਾਰਾ ਕੁਝ ਤੇਰੇ ਭਲੇ ਲਈ ਹੀ ਤੇ ਹੋ ਰਿਹਾ ਹੈ।” ਹੈਰਾਨ ਹੋਈ ਔਰਤ ਦੀਆਂ ਸਿਸਕੀਆਂ ਤੇ ਵਗਦੇ ਹੰਝੂਆਂ ਨੇ ਸੈਲਾਬ ਲੈ ਆਂਦਾ। ਅੱਥਰੂਆਂ ਵਿੱਚ ਡੁੱਬ-ਡੁਬਾਈ ਨੇ ਨੀਝ ਨਾਲ ਆਦਮ ਵੱਲ ਵੇਖਿਆ ਤੇ ਸੋਚਿਆ, ਇਹ ਐਨਾ ਬੇਕਿਰਕ ਤੇ ਬੇਰਹਿਮ ਸੀ! ਪਹਿਲੀ ਵਾਰ ਔਰਤ ਨੂੰ ਆਦਮ ਦੇ ਆਦਮ ਹੋਣ ’ਤੇ ਸ਼ੱਕ ਹੋਇਆ। ਆਦਮ ਤਵਾਰੀਖ ਨੂੰ ਕਲੰਕਤ ਕਰ ਇਸਨੂੰ ਆਪਣੀ ਪਹਿਲੀ ਜਿੱਤ ਸਮਝ ਬੈਠਾ।

 ਔਰਤ ਨੇ ਦੂਰ ਉਪਰ ਅਸਮਾਨ ਵੱਲ ਵੇਖਿਆ, ਹੱਥ ਜੋੜੇ ਤੇ ਕਿਹਾ, “ਹੇ ਰੱਬਾ! ਇਸਨੂੰ ਮੁਆਫ਼ ਕਰੀਂ, ਇਸਦੇ ਇਸ ਬਜਰ ਗੁਨਾਹ ਦੀ ਇਸਨੂੰ ਸਜ਼ਾ ਨਾ ਦੇਵੀਂ। ਬਾਵਜੂਦ ਇਸਦੇ ਕੀਤੇ ਸਾਰੇ ਪਾਪਾਂ ਦੇ ਇਸ ਦੀ ਪੀੜ ਮੇਰੇ ਕੋਲੋਂ ਸਹੀ ਨਹੀਂ ਜਾਣੀ।”

 ਭਾਰਤੀ ਭੂ-ਖੰਡ ’ਤੇ ਜੋ ਦੁਰਵਿਹਾਰ ਔਰਤ ਨਾਲ ਹੋਇਆ ਤੇ ਹੁੰਦਾ ਆ ਰਿਹਾ ਹੈ, ਉਸ ਲਈ ਕੁਲ ਆਦਮਜਾਤ ਦਾ ਸਿਰ ਸ਼ਰਮ ਨਾਲ ਝੁਕਿਆ ਰਹੇਗਾ। ਯਾਦ ਰੱਖਿਓ! ਜਦ ਵੀ ਕਦੇ ਰੱਬ ਕ੍ਰੋਧਿਤ ਹੋ ਉਠਿਆ, ਪਰਲੋ ਆਵੇਗੀ, ਭਿਆਨਕ ਪਰਲੋ ਤੇ ਆਪਣੇ ਨਾਲ ਵਹਾ ਕੇ ਲੈ ਜਾਵੇਗੀ, ਉਸ ਆਦਮ ਨੂੰ ਵੀ ਤੇ ਉਸ ਪਰੰਪਰਾ ਨੂੰ ਵੀ ਜੋ ਔਰਤ ਦੇ ਪੈਰਾਂ ਦੀਆਂ ਜ਼ੰਜੀਰਾਂ ਬਣੀ ਤੇ ਬਣ ਰਹੀ ਹੈ।     

 ਸੰਸਾਰ ਦੇ ਧਰਮਾਂ ਵਿੱਚੋਂ ਸਾਮੀ ਧਰਮ ਲੜੀ ਦਾ ਸਭ ਤੋਂ ਪ੍ਰਾਚੀਨ ਗ੍ਰੰਥ ‘ਬਾਈਬਲ’ ਨੂੰ ਮੰਨਿਆ ਜਾਂਦਾ ਹੈ ਅਤੇ ਲਗਭਗ ਇਹ ਤੱਥ ਸਾਹਿਤ ਸੱਚ ਵੀ ਹੈ ਬੇਸ਼ਕ ਕੁਝ ਇਤਿਹਾਸਕਾਰ ਅਤੇ ਧਰਮ ਚਿੰਤਕ ਜਰਤੁਸਤ ਪੈਗੰਬਰ ਦੇ ਧਰਮ ਗ੍ਰੰਥ ਜੇਂਦ ਅਵੈਸਤਾ ਨੂੰ ਬਾਈਬਲ ਤੋਂ ਪਹਿਲਾਂ ਇਲਹਾਮ ਹੋਇਆ ਮੰਨਦੇ ਹਨ। ਇਸ ਬਿਰਤਾਂਤ ਦਾ ਇਸ ਨਾਲ ਬਹੁਤਾ ਸਬੰਧ ਨਹੀਂ ਹੈ ਪਰ ਔਰਤ ਬਾਰੇ ਦੋਵੇਂ ਕੀ ਅੰਕਿਤ ਕਰਦੇ ਹਨ ਉਸ ਤੋਂ ਬਿਨਾਂ ਅਧਿਐਨ ਅਧੂਰਾ ਹੈ। ਦੋਵਾਂ ਧਰਮ ਗ੍ਰੰਥਾਂ ਵਿੱਚ ਅਨੇਕਾਂ ਸਾਂਝਾ ਹੋਣ ਦੇ ਨਾਲ-ਨਾਲ ਔਰਤ ਬਾਰੇ ਦਰਜ਼ ਪ੍ਰਵਚਨਾਂ ਵਿੱਚ ਵੀ ਸਪੱਸ਼ਟ ਜੋ ਬਹੁਤੀ ਹਾਂ-ਪੱਖੀ ਨਹੀਂ ਹੈ। ਪ੍ਰਸ਼ਨਾਂ ਵਿੱਚ ਸਾਂਝ ਨਜ਼ਰ ਆਉਂਦੀ ਹੈ। ਉਦਾਹਰਨ ਲਈ ਬਾਈਬਲ ਦਾ ਪਹਿਲਾ ਭਾਗ ‘ਉਤਪਤ’ ਇਹ ਦਰਸਾਉਂਦਾ ਹੈ ਕਿ ਔਰਤ (ਈਵ) ਦੇ ਮਨੁੱਖ (ਆਦਮ) ਨੂੰ ਗਲਤ ਸਿੱਖਿਆ ਦੇਣ ਕਾਰਨ ਹੀ ਉਸਨੂੰ ਸਵਰਗ ਤੋਂ ਨਿਕਾਲਾ ਮਿਲਿਆ ਸੀ। ਹੂਬਹੂ ਅਜਿਹਾ ਵਰਨਣ ਹੀ ਜੇਂਦ ਅਵੈਸਤਾ ਵਿੱਚ ਨਜ਼ਰ ਆਉਂਦਾ ਹੈ। ਜਿਸ ਵਿੱਚ ਅੰਕਿਤ ਹੈ, “ਔਰਤ ਦੀ ਸਲਾਹ ਤੋਂ ਦੂਰ ਰਹੋ”। ਜੋਰਾਸ਼ਟਰ ਧਰਮ ਦੇ ਧਾਰਮਿਕ ਨਿਸ਼ਾਨ “ਫਰਵਾਹਰ” ਵੀ ਇਸ ਗੱਲ ਦਾ ਸੂਚਕ ਹੈ। ਇਸ ਵਿੱਚ ਮਰਦ ਤੋਂ ਔਰਤ ਨੂੰ ਇੱਕ ਨਿਸ਼ਚਿਤ ਦੂਰੀ ਤੇ ਦਿਖਾਇਆ ਗਿਆ ਹੈ ਜਿਸ ਤੋਂ ਬਾਈਬਲ ਦੇ ਉਤਪਤ ਵਾਲੇ ਭਾਗ ਦੀ ਹੀ ਪੁਸ਼ਟੀ ਹੁੰਦੀ ਦਿਸਦੀ ਹੈ। ਪੂਰਬੀ ਧਰਮ ਗ੍ਰੰਥਾਂ ਵਿੱਚ ਜੋ ਹੈ ਉਸ ਬਾਰੇ ਆਪਾਂ ਸਾਰੇ ਭਲੀ-ਭਾਂਤ ਵਾਕਫ਼ ਹਾਂ। ਇਹਨਾਂ ਸਾਰਿਆਂ ਦਾ ਵਿਸਤਾਰਪੂਰਵਕ ਜ਼ਿਕਰ ਮੇਰੇ ਖੋਜ ਪ੍ਰਬੰਧ ਦਾ ਹਿੱਸਾ ਹੋਏਗਾ ਪਰ ਇੱਥੇ ਇਸ਼ਾਰੇ ਮਾਤਰ ਗੱਲ ਕਰਨੀ ਮੈਨੂੰ ਠੀਕ ਲੱਗ ਰਹੀ ਹੈ।

 ਜਿਵੇਂ ਪੇਪਰ ਦੇ ਆਰੰਭ ਵਿੱਚ ਅੰਕਿਤ ਕੀਤਾ ਹੈ ਕਿ ਸੰਸਾਰ ਦੀ ਰਚਨਾ ਵੇਲੇ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਔਰਤ ਦੇ ਹੀਣੇ ਹੋਣ ਦੇ ਪ੍ਰਸ਼ਨ ਨੂੰ ਉਸਦੇ ਮੱਥੇ ਤੇ ਖੁਣ, ਇਸ ਦੰਭ ਨੂੰ ਸਮਾਜਕ ਪ੍ਰਵਾਨਤਾ ਦਿੱਤੀ ਸੀ। ਜੋ ਸਾਡੇ ਸਮਕਾਲ ਵਿੱਚ ਨਿਰੰਤਰਾਂ ਵਿੱਚ ਜਾਰੀ ਹੈ। ਹਾਲਾਂਕਿ ਸਾਡਾ ਸਮਕਾਲ ਔਰਤ ਲਈ ਤਬਦੀਲੀ ਦਾ ਯੁੱਗ ਮੰਨਿਆ ਜਾਣ ਲੱਗ ਗਿਆ ਹੈ ਅਤੇ ਹੋਰ ਵੀ ਹੈਰਾਨੀ ਵਾਲੀ ਮੰਜਰ ਇਹ ਹੈ ਕਿ ਔਰਤ ਖੁਦ ਇਸ ਝੂਠ ਨੂੰ ਪ੍ਰਵਾਨ ਕਰਨ ਲੱਗ ਗਈ ਹੈ। ਮਰਦ ਵਾਂਗ ਕੱਪੜੇ ਪਾਉਣੇ, ਬੁਵਾਏ ਕੱਟ ਰੱਖਣ, ਹਾਈਵੇਸਟ ਪੈਂਟਾਂ, ਮਰਦਾਵਨੀ ਗਾਲਾਂ ਅਤੇ ਯਾਰਾ ਸ਼ਬਦ ਦੀ ਵਰਤੋਂ ਹੀ ਜੇਕਰ ਔਰਤ ਦੀ ਤਰੱਕੀ ਦਾ ਆਧਾਰ ਹੈ ਤਾਂ ਘੱਟੋ-ਘੱਟ ਮੈਂ ਇਸਨੂੰ ਮੰਨਣ ਤੋਂ ਇਨਕਾਰੀ ਹਾਂ। ਘਰ ਦੇ ਪਵਿੱਤਰ ਚੌਗਿਰਦੇ ਵਿੱਚ ਥੋੜੇ ਬਹੁਤ ਫਰਕ ਤੋਂ ਬਿਨ੍ਹਾਂ ਔਰਤ ਦੀ ਹਾਲਤ ਲਗਭਗ ਉਹੋ ਜਹੀ ਹੀ ਹੈ ਜੋ ਪਹਿਲਾਂ ਸੀ। ਆਦਮ ਦੀ ਅੱਖ ਵਿੱਚ ਘੂਰੀ ਵੀ ਓਹੀ ਹੈ ਤੇ ਬੋਲਾਂ ਵਿੱਚ ਕੜਵਾਹਟ ਵੀ ਉਹੀ ਹੈ। ਰੁਤਬੇ ਆਸੀਨ ਹੁੰਦੇ ਹੋਇਆਂ ਵੀ ਉਸਦੀ ਗੱਲ ਨੂੰ ਕਿੰਨ੍ਹੀ ਕੁ ਅਹਿਮੀਅਤ ਦਿੱਤੀ ਜਾਂਦੀ ਹੈ, ਇਸ ਤੋਂ ਭਲੀਭਾਂਤ ਆਪਾਂ ਸਾਰੇ ਵਾਕਫ ਹਾਂ। 

ਨਾਰੀ ਦੀ ਇੱਕ ਆਪਣੀ ਅਹਿਮੀਅਤ ਹੈ ਤੇ ਇੱਕ ਆਪਣਾ ਰੁਤਬਾ ਅਤੇ ਉਸ ਰੁਤਬੇ ਦਾ ਸਥਾਨ ਵੀ ਪਰ ਨਾਰੀ ਨੂੰ ਪੁਰਸ਼ ਬਣਾਉਣ ਦੀ ਚੇਸ਼ਟਾ ਨੂੰ ਸੰਕਲਪ ਰੂਪ ਵਿੱਚ ਉਸਦੇ ਜ਼ਿਹਨ ਵਿੱਚ ਇਸ ਤਰ੍ਹਾਂ ਉਤਾਰਿਆ ਜਾ ਰਿਹਾ ਕਿ ਉਹ ਆਪਣੀ ਹੋਂਦ ਗੁਆ ਬੰਦਾ ਬਣਨਾ ਲੋਚਦੀ ਹੈ। ਸ਼ਬਦ ਕੌੜੇ ਜ਼ਰੂਰ ਹਨ ਪਰ ਸੱਚ ਹਨ ਕਿ ਕੀ ਜੇ ਬੰਦਾ ਵਿਭਚਾਰੀ ਹੈ ਤਾਂ ਕੀ ਔਰਤ ਵੀ ਇਸ ਰਸਤੇ ਤੁਰ ਪਵੇ ਪ੍ਰਸ਼ਨ ਨਜ਼ਰਮਾਨੀ ਦੀ ਮੰਗ ਕਰਦਾ ਹੈ?

 ਕੀ ਔਰਤ ਦੇ ਅਧਿਕਾਰ ਅਤੇ ਸਨਮਾਨ ਹੱਕ ਦੇ ਪ੍ਰਸ਼ਨ ਦੀ ਗੱਲ ਮਹਿਜ ਕਿਤਾਬੀ ਹੈ ਜਾਂ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਤਾੜੀਆਂ ਦੀ ਗੜਗੜਾਹਟ ਵਿੱਚ ਇਹ ਸਿੱਧ ਕਰਨਾ ਕਿ ਸਫਲਤਾ ਛੂਹ ਸਿਖਰ ਗ੍ਰਹਿਣ ਕਰ ਗਈ ਹੈ। ਉਸ ਲਈ ਸੰਵਿਧਾਨ ਵਿੱਚ ਇਹੋ-ਇਹੋ ਜਿਹੇ ਹੱਕ ਰਾਖਵੇਂ ਕਰ ਦਿੱਤੇ ਹਨ ਕਿ ਜਿਸਦਾ ਸ਼ੋਸ਼ਣ ਕਿਸੇ ਤਰ੍ਹਾਂ ਸੰਭਵ ਨਹੀਂ ਹੈ ਜੇ ਇਹ ਵਾਕਿਆ ਹੀ ਸੱਚ ਹੈ ਤੇ ਗੁਜਰਾਤ ਵਿੱਚ ਹੋਏ ਦੰਗਿਆਂ ਦਰਮਿਆਨ ਨਾਲ ‘ਬਿਲਕੀਸ’ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਪਿਛਲੇ ਦਿਨੀਂ ਰਿਹਾ ਕਰਕੇ ਜਿਸ ਢੰਗ ਨਾਲ ਫੁੱਲਾਂ ਦੀਆਂ ਗੱਡੀਆਂ ਵਿੱਚ ਬਿਠਾ ਉਹਨਾਂ ਨੂੰ ਘਰੋਂ-ਘਰੀ ਪਹੁੰਚਾਇਆ ਤੇ ਸਟੇਟ ਵਲੋਂ ਉਨਾਂ ਦੀ ਰਿਹਾਈ ਉਨ੍ਹਾਂ ਦੇ ਚੰਗੇ ਚਾਲ-ਚਲਨ ਕਹਿ ਸਮੁੱਚੇ ਹਿੰਦੁਸਤਾਨ ਨੂੰ ਹੈਰਾਨ ਕਰ ਦਿੰਦਾ ਹੈ। ਫਿਰ ਉਪਰੋਕਤ ‘ਔਰਤ ਦੇ ਅਧਿਕਾਰ ਅਤੇ ਸਨਮਾਨ’ ਦੀ ਨਜ਼ਰਸਾਨੀ ਤੁਸੀਂ ਖੁਦ ਹੀ ਕਰ ਸਕਦੇ ਹੋ।

 ਇਹੋ ਜਿਹੀਆਂ ਉਦਾਹਰਣਾਂ ਨਾਲ ਮੇਰੇ ਦੇਸ਼ ਦਾ ਇਤਿਹਾਸ ਭਰਿਆ ਪਿਆ ਹੈ। ਉੱਤਰ ਪ੍ਰਦੇਸ਼ ਰਾਜ ਦੇ ‘ਹਾਥਰਸ’ ਜਿਲੇ ਦੇ ਇੱਕ ਪਿੰਡ ਦੀ 19 ਸਾਲਾ ਕੁੜੀ ਨੂੰ ਉੱਚੀ ਜਾਤ ਦੇ ਚਾਰ ਮਰਦਾਂ ਦੇ ਖੇਤਾਂ ਵਿੱਚ ਲਿਤਾੜਿਆ ਤੇ ਜ਼ਬਰ-ਜਨਾਹ ਕੀਤਾ। ਕੁੜੀ ਆਪਣੀ ਹੋਂਦ ਲਈ ਲੜੀ ਪਰ ਚਾਰ ਮਰਦਾਂ ਅੱਗੇ ਬੇਵੱਸ ਸੀ। ਉਸਦਾ ਮੂੰਹ ਜ਼ਬਰਦਸਤੀ ਬੰਦ ਕੀਤਾ, ਬਲਾਤਕਾਰ ਹੋਇਆ ਤੇ ਬਲਾਤਕਾਰੀਆਂ ਨੇ ਗੁੱਸੇ ਵਿੱਚ ਉਸਦੀ ਰੀੜ ਦੀ ਹੱਡੀ ਤੋੜ ਦਿੱਤੀ ਕਿ ਉਹ ਉੱਚੀ ਜਾਤੀ ਦੇ ਮਰਦਾਂ ਦਾ ਵਿਰੋਧ ਕਰ ਰਹੀ ਹੈ। ਪੀੜਤ ਪਰਿਵਾਰ ਕੁੜੀ ਨੂੰ ਥਾਣੇ ਲੈ ਗਿਆ ਥਾਣੇ ਤੋਂ ਝਿੜਕਾਂ ਪਈਆਂ। ਬੇਵੱਸੀ ਸੀ ਘਰ ਲੈ ਆਏ ਤੇ ਫਿਰ 20 ਸਤੰਬਰ 2020 ਵਿੱਚ ਅਲੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ 29 ਸਤੰਬਰ ਨੂੰ ਕੁੜੀ ਦੀ ਮੌਤ ਹੋ ਗਈ। ਸਮੇਂ ਦੀ ਸਰਕਾਰ ਦੇ ਕਰਿੰਦਿਆਂ, ਪਰਿਵਾਰ ਨੂੰ ਜ਼ਬਰੀ ਘਰ ਵਿੱਚ ਬੰਦ ਕਰ ਦਿੱਤਾ ਤੇ ਕੁੜੀ ਦਾ ਸੰਸਕਾਰ ਆਪ ਹੀ ਕਰ ਦਿੱਤਾ ਅਤੇ ਕੇਸ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਗਿਆ। ਹਾਥਰਸ ਦੇ ਡਿਪਟੀ ਕਮਿਸ਼ਨਰ ਨੇ ਖਬਰ ਆਉਣ ਤੇ ਕਿਹਾ ਤੇ ਕੁੜੀ ਨਾਲ ਕੋਈ ਜ਼ਬਰ-ਜਨਾਹ ਹੋਈ ਹੀ ਨਹੀਂ। ਉਸਦੇ ਸਰੀਰ ਵਿੱਚੋਂ ਕੋਈ ਵੀ ਸੈਂਪਲ ਨਹੀਂ ਮਿਲਿਆ ਜਿੱਥੋਂ ਸਾਬਿਤ ਹੋਵੇ ਕਿ ਰੇਪ ਹੋਇਆ। ਲਾਮਬੰਦੀ ਹੋਣ ਤੇ ਸਰਕਾਰ ਨੇ ਜਿਲ੍ਹੇ ਦਾ ਮੁੱਖੀ ਤੇ ਚਾਰ ਅਧਿਕਾਰੀ ਸਸਪੈਂਡ ਕਰ ਦਿੱਤੇ। ਇੱਥੋਂ ਤੱਕ ਕਿ ਹਾਈਕੋਰਟ ਨੇ ਵੀ ਕਿਹਾ ਕਿ ਅਸੀਂ ਸ਼ਰਮਸਾਰ ਹਾਂ ਪਰ ਇਸਦੇ ਬਾਵਜੂਦ ਦੋਸ਼ੀ ਇੱਕ ਨੂੰ ਹੀ ਮੰਨਿਆ ਗਿਆ ਤੇ ਤਿੰਨਾਂ ਨੂੰ ਬਰੀ ਕਰ ਦਿੱਤਾ। ਪਰਚਾ ਵੀ 302 ਦਾ ਨਹੀਂ 304 ਦਾ ਦਰਜ਼ ਕੀਤਾ ਜਿਹੜਾ ਮਹਿਜ ਸੱਟ-ਫੇਟ ਲਾਉਣ ਦਾ ਹੈ ਤੇ ਜਿਸ ਵਿੱਚ ਦੋਸ਼ੀ ਨੂੰ ਦਿਨ-ਰਾਤ ਮਿਲਾ ਕੇ 5 ਸਾਲ ਦੀ ਸਜ਼ਾ ਬਣਦੀ ਹੈ। 

 ਤਾਮਿਲਨਾਡੂ ਵਿੱਚ ਇੱਕ ਹੋਰ ਘਟਨਾ ਪੁਸ਼ਟੀ ਵਜੋਂ ਇੱਥੇ ਮੈਂ ਅੰਕਿਤ ਕਰਨਾ ਚਾਹੁੰਦੀ ਹਾ। ਤਾਮਿਲਨਾਡੂ ਦੀ ਇੱਕ ਸੁੰਦਰ ਲੜਕੀ ਪੀ.ਕੇ.ਰੋਜ਼ੀ ਅੱਤ ਸੁੰਦਰ, ਸਿਆਣੀ, ਪੜੀ-ਲਿਖੀ। ਉਸਦੀ ਆਭਾ ਫਿਲਮ ਡਾਇਰੈਕਟਰ ਦੀ ਨਜ਼ਰ ਚੜੀ ਅਭਿਨੇਤਰੀ ਚੁਣੀ ਗਈ ਤੇ ਵੇਖਦੇ-ਵੇਖਦੇ ਉਸਦੇ ਨਾਮ ਦੀ ਤੂਤੀ ਵਜਣੀ ਸ਼ੁਰੂ ਹੋ ਗਈ ਪਰ ਛੋਟੀ ਜਾਤੀ ਨਾਲ ਸੰਬੰਧਿਤ ਸੀ, ਫਿਲਮ ਆਈ ਤਾਂ ਉੱਚੀ ਜਾਤੀ ਦੇ ਲੋਕਾਂ ਦੀਆਂ ਭਾਵਨਾਵਾਂ ਭੜਕ ਉੱਠੀਆਂ ਸਿਨੇਮੇ ਸਾੜ ਦਿੱਤੇ ਪੀ.ਕੇ.ਰੋਜ਼ੀ ਨੂੰ ਰਾਤੋ-ਰਾਤ ਘਰ ਛੱਡ ਤਾਮਿਲਨਾਡੂ ਤੋਂ ਕੂਚ ਕਰਨਾ ਪਿਆ ਤੇ ਜੋ ਹੁਣ ਕਿਸੇ ਮਹਾਂ ਨਗਰ ਵਿੱਚ ਲੋਕਾਂ ਦੇ ਘਰ ਕੰਮ ਕਰਕੇ ਆਪਣਾ ਗੁਜ਼ਾਰਾ ਬਸਰ ਕਰ ਰਹੀ ਹੈ।  

 ਇਹ ਸਾਰੇ ਪ੍ਰਸ਼ਨ ਮੇਰੇ ਅੰਦਰ ਖਲਲ ਪਾਉਂਦੇ ਹਨ, ਮੇਰੇ ਅੰਦਰਲੇ ਸਹਿਜ ਨੂੰ ਅਸਹਿਜ ਕਰਦੇ ਹਨ, ਮੇਰੀ ਆਤਮਾ ਕੁਰਲਾ ਉੱਠਦੀ ਹੈ, ਉਹ ਤੜਪ ਮੈਨੂੰ ਸੌਣ ਨਹੀਂ ਦਿੰਦੀ। ਮੈਂ ਆਪਣੇ ਸਹਿਜ ਨੂੰ ਪ੍ਰਾਪਤ ਕਰ ਤੇ ਆਪਣੀ ਤੜਪ ਨੂੰ ਖ਼ਤਮ ਕਰਕੇ ਚੈਨ ਦੀ ਨੀਂਦ ਸੌਣਾ ਚਾਹੁੰਦੀ ਸਾਂ ਤੇ ਇਸੇ ਸੋਚ ਵਿਚੋਂ ਇਸ ਸੱਚ ਨੂੰ ਸਮਾਜ ਨੂੰ ਸਮਾਜ ਨੂੰ ਹਕੀਕਤ ਦੇ ਰੂ-ਬ-ਰੂ ਕਰ ਸੀਸ਼ੇ ਦੇ ਸਾਹਮਣੇ ਖੜ੍ਹਾ ਕਰਨਾ ਚਾਹੁੰਦੀ ਹਾਂ। ਧਿਆਨ ਰਹੇ ਕਿ ਮੇਰੇ ਮਨ ਵਿੱਚ ਮਰਦ ਪ੍ਰਧਾਨ ਸਮਾਜ ਜਾਂ ਮਰਦ ਪ੍ਰਤੀ ਕੋਈ ਦਵੇਸ਼ ਨਹੀਂ ਹੈ ਪਰ ਹਰੇਕ ਨੂੰ ਜਿਊਣ ਦਾ ਹੱਕ ਤੇ ਮਿਲਣਾ ਚਾਹੀਦਾ ਹੈ ਨਾ। 

                       ਦਿਲਜੋਤ ਧਵਨ

ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ