ਪੁਤਿਨ ਦੀ ਧਮਕੀ ਵਿਰੁੱਧ ਅਮਰੀਕਾ ਦਾ ਪ੍ਰਤੀਕਰਮ ਬਨਾਮ ਵਿਸ਼ਵ ਯੁੱਧ ਦੀ ਆਹਟ

ਪੁਤਿਨ ਦੀ ਧਮਕੀ ਵਿਰੁੱਧ ਅਮਰੀਕਾ ਦਾ ਪ੍ਰਤੀਕਰਮ ਬਨਾਮ ਵਿਸ਼ਵ  ਯੁੱਧ ਦੀ ਆਹਟ

ਯੂਕਰੇਨ ਤੇ ਹਮਲਾ ਕਰਕੇ ਰੂਸ ਨੇ ਸ਼ਾਇਦ ਵਡੀ ਗਲਤੀ  ਕੀਤੀ ਸੀ 

6 ਮਹੀਨੇ ਤੋਂ ਉੱਪਰ ਹੋ ਗਿਆ ਹੈ ਰੂਸ ਨੂੰ ਸੰਸਾਰ ਨਾਲ ਖਹਬੜਦਿਆਂ ਪਰ ਹਾਲੇ ਵੀ ਉਸ ਨੇ ਕੋਈ ਮਾਅਰਕਾ ਨਹੀ ਮਾਰਿਆ। ਜੰਗ ਦੇ ਮੈਦਾਨ ਤੋਂ ਜੋ ਖਬਰਾਂ ਆ ਰਹੀਆਂ ਹਨ ਉਹ ਦੱਸਦੀਆਂ ਹਨ ਕਿ ਰੂਸ ਇਸ ਜੰਗ ਵਿੱਚ ਹੰਭ ਚੁੱਕਾ ਹੈ। ਇਸ ਕਾਰਣ ਉਹ ਪ੍ਰਮਾਣੂ ਹਮਲੇ ਵਲ ਜਾ ਸਕਦਾ ਹੈ। ਹੁਣੇ ਜਿਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਦਿੱਤੀ ਗਈ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਨੇ ਪੂਰੀ ਦੁਨੀਆ ’ਵਿਚ ਡਰ ਤੇ ਖ਼ਦਸ਼ਿਆਂ ਭਰੀ ਵੱਡੀ ਬਹਿਸ ਛੇੜ ਦਿੱਤੀ ਹੈ।  ਪੁਤਿਨ ਨੇ ਇਹ ਵੀ ਕਿਹਾ ਸੀ ਕਿ ਰੂਸ ਦੀ ਅਖੰਡਤਾ ਦੀ ਰਾਖੀ ਲਈ ਕਿਸੇ ਵੀ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ।ਰਾਸ਼ਟਰਪਤੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰੂਸ ਇੱਕ ਲੰਬੀ ਲੜਾਈ ਲਈ ਤਿਆਰ ਬਰ ਤਿਆਰ ਹੈ।ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਯੂਕਰੇਨ ਕਾਰਵਾਈ ਵਿੱਚ ਰੂਸ ਵੱਲੋਂ ਜੋ ਫ਼ੌਜ ਸਰਗਰਮ ਕੀਤੀ ਗਈ ਹੈ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।ਹਾਲਾਂਕਿ ਰੂਸ ਦੀ ਨਫ਼ਰੀ ਯੂਕਰੇਨ ਤੋਂ ਜ਼ਿਆਦਾ ਹੈ ਪਰ ਇਸ ਦੇ ਮੁਕਾਬਲੇ ਯੂਕਰੇਨ ਦੇ ਜੰਗੀ ਪੈਂਤੜੇ ਅਤੇ ਆਧੁਨਿਕ ਪੱਛਮੀ ਹਥਿਆਰ ਉਸ ਨੂੰ ਤਕੜੀ ਟਕਰ ਦੇ ਰਹੇ ਹਨ।ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਜੰਗ ਵਿੱਚ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ ਰੂਸ ਜੰਗ ਵਿੱਚ ਲੜਨ ਲਈ ਕੈਦੀਆਂ ਨੂੰ ਭਰਤੀ ਕਰ ਰਿਹਾ ਹੈ।ਰੂਸ ਨੇ  ਰੰਗਰੂਟਾਂ ਨੂੰ ਵੱਡੇ ਆਰਥਿਕ ਲਾਭਾਂ ਦਾ ਵਾਅਦਾ ਕੀਤਾ ਗਿਆ। ਇਨ੍ਹਾਂ ਭਰਤੀਆਂ ਵਿੱਚ ਦੇਸ਼ ਦੇ ਗਰੀਬ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਭਰਤੀ ਹੋਏ ਹਨ। ਰਾਸ਼ਟਰਪਤੀ ਪੁਤਿਨ ਨੇ ਪਿਛਲੇ ਮਹੀਨੇ ਹੀ 1,37,000 ਲੋਕ ਹੋਰ ਭਰਤੀ ਕਰਨ ਦੇ ਹੁਕਮਾਂ ਉੱਪਰ ਸਹੀ ਪਾਈ ਹੈ।ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਇਲਜ਼ਾਮ ਹਨ ਕਿ ਪੱਛਮੀ ਸ਼ਕਤੀਆਂ ਯੂਕਰੇਨ ਦੀ ਹਮਾਇਤ ਕਰਕੇ ਰੂਸ ਨੂੰ ਧਮਕਾ ਰਹੀਆਂ ਹਨ।ਉਨ੍ਹਾਂ ਨੇ ਕਿਹਾ ਹੈ ਕਿ ਰੂਸ ਦੀ ਅਖੰਡਤਾ ਦੀ ਰਾਖੀ ਲਈ ਕਿਸੇ ਵੀ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ।

ਡੱਚ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਕਿਹਾ ਸੀ ਕਿ ਇਹ ਰਾਇਸ਼ੁਮਾਰੀਆਂ ਰੂਸੀ ਡਰ ਦਾ ਸੰਕੇਤ ਹਨ।ਹਾਲਾਂਕਿ ਹੋਰ ਪੱਛਮੀ ਦੇਸ਼ਾਂ ਨੇ ਵੀ ਕਿਸੇ ਪਰਮਾਣੂ ਜੰਗ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।ਉਂਝ ਜੇ ਹਾਂ-ਪੱਖੀ ਤਰੀਕੇ ਨਾਲ ਸੋਚਿਆ ਜਾਵੇ ਤਾਂ ਇਹ ਮਹਿਜ਼ ‘ਧਮਕੀ’ ਹੀ ਹੋ ਸਕਦੀ ਹੈ ਪਰ ਜੇ ਇਸ ਸਾਰੇ ਮਾਮਲੇ ਨੂੰ ਰਤਾ ਵਿਵਹਾਰਕ ਤਰੀਕੇ ਨਾਲ ਵੇਖੀਏ-ਪਰਖੀਏ ਤਾਂ ਇਹ ‘ਵਿਸ਼ਵ ਯੁੱਧ’ ਦੀ ਅਗਾਊਂ ਆਹਟ ਵੀ ਹੋ ਸਕਦੀ ਹੈ। ਇਹ ਉਸ ਰੂਸ ਲਈ ਆਪਾ-ਵਿਰੋਧੀ ਗੱਲਾਂ ਹਨ, ਜਿਸ ਨੇ ਕਦੇ ਸਮੁੱਚੇ ਸੰਸਾਰ ਦੇ ਮਿਹਨਤਕਸ਼ ਕਾਮਿਆਂ ਨੂੰ ਇੱਕਜੁਟ ਕਰਨ ਦਾ ਖੁੱਲ੍ਹਾ ਹੋਕਾ ਦਿੱਤਾ ਸੀ ਅਤੇ ਇਸ ਧਰਤੀ ’ਤੇ ਹਰ ਥਾਂਈਂ ਚਮਕਦੀ ਤੇ ਰੋਸ਼ਨ ਸਵੇਰ ਲਿਆਉਣ ਦੀ ਗੱਲ ਕੀਤੀ ਸੀ। ਪੁਤਿਨ ਦੀ ਪਰਮਾਣੂ ਜੰਗ ਛੇੜਨ ਦੀ ਧਮਕੀ ਕਾਰਨ ਯੂਰਪ, ਕੈਨੇਡਾ, ਅਮਰੀਕਾ ਸਮੇਤ ਸਾਰੇ ਨਾਟੋ ਦੇਸ਼ਾਂ ਦੇ ਕੰਨ ਖੜ੍ਹੇ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤਾਂ ਆਖ ਵੀ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਕਿਸੇ ਵੀ ਤਰ੍ਹਾਂ ਦੇ ਅਜਿਹੇ ਹਮਲੇ ਵਿਰੁੱਧ ਡਟੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਦਰਅਸਲ ਯੂਕਰੇਨ ਨਾਲ ਜੰਗ ’ਵਿਚ ਰੂਸ ਕਿਸੇ ਵੀ ਹਾਲਤ ’ਵਿਚ ਜਿੱਤਣ ਦੀ ਹਾਲਤ ’ਚ ਨਹੀਂ ਹੈ, ਇਸੇ ਲਈ ਹੁਣ ਪੁਤਿਨ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਨੂੰ ਸ਼ਾਇਦ ਇੰਝ ਜਾਪਦਾ ਹੋਵੇਗਾ ਕਿ ਪਰਮਾਣੂ ਬੰਬ ਵਰਤਣ ਦੀ ਧਮਕੀ ਨਾਲ ਸ਼ਾਇਦ ਯੂਕਰੇਨ ਉਨ੍ਹਾਂ ਅੱਗੇ ਗੋਡੇ ਟੇਕ ਦੇਵੇਗਾ। ਇਹ ਸਚ ਹੈ ਕਿ ਯੂਕਰੇਠ ਹਮਲੇ ਕਾਰਣ ਪਰਮਾਣੂ ਜੰਗ ਦਾ ਖ਼ਤਰਾ ਪੂਰੀ ਦੁਨੀਆ ’ਤੇ  ਮੰਡਰਾ ਰਿਹਾ ਹੈ ।

ਯਾਦ ਰਹੇ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਪਰਮਾਣੂ ਬੰਬ ਦਾ ਇਸਤੇਮਾਲ ਅਮਰੀਕਾ ਵੱਲੋਂ ਜਾਪਾਨ ’ਤੇ ਹੋ ਚੁੱਕਾ ਹੈ, ਜਿਸ ਦੇ ਭੈੜੇ ਨਤੀਜੇ ਹਾਲੇ ਤਕ ਵੀ ਵੇਖਣ ਨੂੰ ਮਿਲ ਰਹੇ ਹਨ। ਉਸ ਤੋਂ ਪੌਣੀ ਸਦੀ ਬਾਅਦ ਜੇ ਕਿਤੇ ਹੁਣ ਪਰਮਾਣੂ ਬੰਬ ਦੀ ਵਰਤੋਂ ਹੁੰਦੀ ਹੈ ਤਾਂ ਉਸ ਦੇ ਨਤੀਜੇ ਪਰਮਾਣੂ ਹਮਲੇ ਤੋਂ ਕਿਤੇ ਜ਼ਿਆਦਾ ਭਿਆਨਕ ਹੋਣਗੇ। ਅਮਰੀਕੀ ਮਾਹਿਰ ਹੁਣ ਬਾਇਡਨ ਪ੍ਰਸ਼ਾਸਨ ’ਤੇ ਦਬਾਅ ਵਧਾ ਰਹੇ ਹਨ ਕਿ ਪੁਤਿਨ ਨੂੰ ਪਰਮਾਣੂ ਬੰਬ ਦੀ ਵਰਤੋਂ ਜਿਹਾ ਕਦਮ ਚੁੱਕਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਜਦ ਕਿ ਪੁਤਿਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੱਛਮੀ ਦੇਸ਼ ਰੂਸ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਇਸ ਸਥਿਤੀ ਵਿਚ ਵਿਕਸਤ ਤੇ ਸਮਰੱਥ ਦੇਸ਼ਾਂ ਨੂੰ ਹੁਣ ਇੱਕਜੁੱਟ ਹੋ ਕੇ ਮਨੁੱਖਤਾ ਵਿਰੋਧੀ ਮਨਸੂਬੇ ਰੱਖਣ ਵਾਲੇ ਆਲਮੀ ਆਗੂਆਂ ਤੇ ਦੇਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਜੰਗ ਕਾਰਨ ਬਹੁਤ ਸਾਰੇ ਗ਼ਰੀਬ ਦੇਸ਼ਾਂ ਨੂੰ ਇਸ ਵਾਰ ਸਸਤੀ ਕਣਕ ਨਸੀਬ ਨਹੀਂ ਹੋ ਸਕੀ। ਯੂਕਰੇਨ ਤੇ ਰੂਸ ਨੂੰ ਆਪਣਾ ਮਾਲ ਸਪਲਾਈ ਕਰਨ ਵਾਲੇ ਭਾਰਤ ਦੇ ਕਾਰੋਬਾਰੀ ਅਦਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜੋਕੇ ਆਧੁਨਿਕ ਯੁੱਗ ’ਵਿਚ ਸਾਰੇ ਦੇਸ਼ ਇਕ-ਦੂਜੇ ਦੇ ਪੂਰਕ ਹਨ । ਇਸੇ ਲਈ ਪਰਮਾਣੂ ਬੰਬ ਦੀ ਧਮਕੀ ਨੂੰ ਹੁਣ ਇਕ ‘ਚੈਲਿੰਜ ਵਜੋਂ ਹੀ ਲਿਆ ਜਾਣਾ ਚਾਹੀਦਾ ਹੈ । ਪੁਤਿਨ ਨੂੰ ਅਜਿਹੀ ਬਿਆਨਬਾਜ਼ੀ ਤੋਂ  ਰੋਕਣਾ ਚਾਹੀਦਾ ਹੈ। ਜੰਗਾਂ ਤਬਾਹੀ ਤੋਂ ਬਿਨਾ ਕੁਝ ਨਹੀਂ ਦਿੰਦੀਆਂ। ਕਿਸੇ ਵੀ ਉਕਸਾਹਟ ਵਿਚ ਜੇਕਰ ਇਨ੍ਹਾਂ ਪ੍ਰਮਾਣੂ ਹਮਲੇ ਹੁੰਦੇ ਹਨ ਤਾਂ ਅਜਿਹੀ ਕਾਰਵਾਈ ਸਮੁੱਚੀ ਦੁਨੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਸਕਦੀ ਹੈ। ਅੰਤ ਵਿਚ ਅਸੀ  ਕਹਿ ਸਕਦੇ ਹਾਂ, “ਅਗਰ ਤੁਸੀ ਵਿਸ਼ਵ ਸ਼ਾਂਤੀ ਚਾਹੁੰਦੇ ਹੋ ਤਾਂ ਨਿਆਂ ਲਈ ਕੰਮ ਕਰੋ।”                                       

  ਰਜਿੰਦਰ ਸਿੰਘ ਪੁਰੇਵਾਲ